ਨੈਸ਼ਨਲ ਲੋਕ ਅਦਾਲਤ 'ਚ 743 ਕੇਸਾਂ ਦਾ ਨਿਪਟਾਰਾ

Jatinder Singh
Last Updated: Dec 09 2017 17:52

ਲੋਕਾਂ ਦੇ ਝਗੜਿਆਂ ਸਬੰਧੀ ਚੱਲ ਰਹੇ ਕੇਸਾਂ ਦਾ ਦੋਨਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਜ਼ਿਲ੍ਹਾ ਅਤੇ ਸਬ ਡਵੀਜ਼ਨ ਅਦਾਲਤਾਂ 'ਚ ਆਯੋਜਿਤ ਕੀਤੀ ਗਈ ਨੈਸ਼ਨਲ ਲੋਕ ਅਦਾਲਤ 'ਚ 1444 ਕੇਸ ਰੱਖੇ ਗਏ। ਜਿਨ੍ਹਾਂ ਵਿੱਚੋਂ 743 ਕੇਸਾਂ ਦਾ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਇਸ ਦੇ ਨਾਲ ਲੋਕ ਅਦਾਲਤ 'ਚ 81 ਕਰੋੜ 44 ਲੱਖ 94 ਹਜ਼ਾਰ 470 ਰੁਪਏ ਦੇ ਅਵਾਰਡ ਪਾਸ ਕੀਤੇ ਗਏ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਨੇ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਨ ਲਈ ਜ਼ਿਲ੍ਹਾ ਅਦਾਲਤ 'ਚ ਗਠਿਤ ਕੀਤੇ ਗਏ 8 ਬੈਂਚਾਂ ਦਾ ਜਾਇਜ਼ਾ ਲੈਣ ਉਪਰੰਤ ਉਪਰੋਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਅਦਾਲਤਾਂ ਅਤੇ ਸਬ ਡਵੀਜ਼ਨ ਪੱਧਰ ਦੀਆਂ ਅਦਾਲਤਾਂ 'ਚ ਵੱਡੀ ਪੱਧਰ 'ਤੇ ਲੋਕ ਅਦਾਲਤ ਸਬੰਧੀ 10 ਬੈਂਚਾਂ ਦਾ ਗਠਨ ਕੀਤਾ ਗਿਆ ਸੀ। ਜਿਨ੍ਹਾਂ ਵਿੱਚੋਂ 8 ਬੈਂਚ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ ਅਦਾਲਤਾਂ ਵਿੱਚ ਅਤੇ 2 ਬੈਂਚ ਅਮਲੋਹ ਤੇ ਖਮਾਣੋਂ ਦੀਆਂ ਅਦਾਲਤਾਂ 'ਚ ਲਗਾਏ ਗਏ ਸਨ।

ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਨੇ ਦੱਸਿਆ ਕਿ ਗਠਿਤ ਕੀਤੇ ਗਏ ਬੈਂਚਾਂ ਵਿੱਚ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਰਜੀਵ ਕੁਮਾਰ ਵਸਿਸਟ, ਸੀ.ਜੇ.ਐਮ ਨੀਤਿਕਾ ਵਰਮਾ, ਐਡੀਸ਼ਨਲ ਸਿਵਲ ਜੱਜ ਡਾਕਟਰ ਗਗਨਦੀਪ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ ਬਬੀਤਾ, ਸਿਵਲ ਜੱਜ ਜੂਨੀਅਰ ਡਵੀਜ਼ਨ ਗੌਰਵ ਕੁਮਾਰ ਸ਼ਰਮਾ, ਸਿਵਲ ਜੱਜ ਜੂਨੀਅਰ ਡਵੀਜ਼ਨ ਮਹਿਮਾ ਭੁਲੇਰ ਅਤੇ ਚੇਅਰਮੈਨ ਸਥਾਈ ਲੋਕ ਅਦਾਲਤ ਇੰਦਰਜੀਤ ਕੌਸ਼ਿਕ ਦੀ ਲੋਕ ਅਦਾਲਤ ਜ਼ਿਲ੍ਹਾ ਅਦਾਲਤ 'ਚ ਲਗਾਈ ਗਈ ਸੀ। ਜਦਕਿ ਇਸੇ ਤਰਾਂ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਅਮਲੋਹ ਕ੍ਰਿਸ਼ਨ ਅਨੂਜਾ ਮਿੱਤਲ ਅਤੇ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਖਮਾਣੋਂ ਹਿਮਾਂਸ਼ੀ ਗਲਹੋਤਰਾ ਦੀ ਅਦਾਲਤ 'ਚ ਵੀ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ।

ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਕਮ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ 'ਚ ਹਰੇਕ ਪ੍ਰਕਾਰ ਦੇ ਕੇਸਾਂ ਜਿਵੇਂ ਕਿ ਰਾਜ਼ੀਨਾਮੇ ਯੋਗ ਫ਼ੌਜਦਾਰੀ ਕੇਸ, ਚੈਕ ਬਾਉਂਸ ਦੇ ਕੇਸ, ਮੋਟਰ ਐਕਸੀਡੈਂਟ ਕੇਸ ਸਮੇਤ ਦੁਰਘਟਨਾ ਜਾਣਕਾਰੀ ਰਿਪੋਰਟ, ਵਿਵਾਹਿਕ ਅਤੇ ਪਰਿਵਾਰਿਕ ਝਗੜਿਆਂ ਦੇ ਕੇਸ, ਕਿਰਤ ਮਾਮਲਿਆਂ ਦੇ ਕੇਸ, ਜ਼ਮੀਨ ਅਧਿਗ੍ਰਹਿਣ ਦੇ ਸਾਰੇ ਪ੍ਰਕਾਰ ਦੇ ਝਗੜਿਆਂ ਦੇ ਕੇਸ, ਦੀਵਾਨੀ ਕੇਸਾਂ ਚ ਕਿਰਾਏ ਸਬੰਧੀ, ਬੈਂਕ ਰਿਕਵਰੀ, ਰੈਵੀਨਿਊ ਕੇਸ, ਬਿਜਲੀ ਅਤੇ ਪਾਣੀ ਦੇ ਕੇਸ ਆਦਿ ਸਾਰੇ ਕੇਸ ਸਮਝੌਤੇ ਲਈ ਵਿਚਾਰੇ ਗਏੇ ਅਤੇ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ।