ਟਾਰਗੇਟ ਕਿਲਿੰਗ ਮਾਮਲੇ 'ਚ ਕਾਬੂ ਸ਼ਾਰਪ ਸ਼ੂਟਰ ਸ਼ੇਰਾ ਅਤੇ ਰਮਨਦੀਪ ਨੂੰ ਖੰਨਾ ਪੁਲਿਸ ਨੇ ਲਿਆ ਪੁਲਿਸ ਰਿਮਾਂਡ ਤੇ

Jatinder Singh
Last Updated: Dec 07 2017 21:46

ਪ੍ਰਦੇਸ਼ 'ਚ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਟਾਰਗੇਟ ਕਿਲਿੰਗ ਮਾਮਲੇ ਸਬੰਧੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਅਕੇ ਰਮਨਦੀਪ ਸਿੰਘ ਦੀਪ ਨੂੰ ਖੰਨਾ ਪੁਲਿਸ ਸਥਾਨਕ ਲਲਹੇੜੀ ਰੋਡ ਚੌਕ ਤੇ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕੀਤੇ ਗਏ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਕੇਸ 'ਚ ਪੁੱਛ-ਗਿੱਛ ਲਈ ਖੰਨਾ ਲੈ ਕੇ ਆਈ ਹੈ। ਦੋਨਾਂ ਕਥਿਤ ਦੋਸ਼ੀਆਂ ਨੂੰ ਵੀਰਵਾਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਡੀਐਸਪੀ (ਆਈ) ਰਣਜੀਤ ਸਿੰਘ ਬਦੇਸ਼ਾਂ ਦੀ ਅਗਵਾਈ 'ਚ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਸੀਆਈਏ ਸਟਾਫ਼ 'ਚ ਦੋਨਾਂ ਨੌਜਵਾਨਾਂ ਤੋਂ ਪੁਲਿਸ ਅਧਿਕਾਰੀ ਪੁੱਛ-ਗਿੱਛ ਕਰ ਰਹੇ ਹਨ। ਦੂਜੇ ਪਾਸੇ ਮਲੌਦ ਪੁਲਿਸ ਨੇ ਜਗੇੜਾ ਨਾਮ ਚਰਚਾ ਘਰ 'ਚ ਹੋਏ ਡੇਰਾ ਪ੍ਰੇਮੀ ਪਿਓ-ਪੁੱਤ ਦੇਲ ਕਤਲ ਸਬੰਧੀ ਲੁਧਿਆਣਾ ਤੋਂ ਤਲਜੀਤ ਸਿੰਧ ਜਿੰਮੀ ਨੂੰ ਪ੍ਰੋਡਕਸ਼ਨ ਵਰੰਟ ਤੇ ਪੁੱਛ-ਗਿੱਛ ਸਬੰਧੀ ਲਿਆਉਂਦਾ ਹੈ। ਪੁਲਿਸ ਸੂਤਰਾਂ ਦੇ ਮੁਤਾਬਿਕ ਪੁਲਿਸ ਅਧਿਕਾਰੀ ਤਿੰਨਾਂ ਮੁਲਜ਼ਮਾਂ ਨੂੰ ਸੀਆਈਏ ਸਟਾਫ਼ 'ਚ ਆਹਮੋ-ਸਾਹਮਣੇ ਬਿਠਾ ਕੇ ਪੁੱਛ-ਗਿੱਛ ਕਰ ਰਹੇ ਹਨ। ਹਾਲਾਂਕਿ, ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਅਤੇ ਚੁੱਪੀ ਧਾਰੀ ਬੈਠੇ ਹਨ।

ਮਿਲੀ ਜਾਣਕਾਰੀ ਦੇ ਮੁਤਾਬਿਕ ਇਟਲੀ 'ਚ ਰਹਿਣ ਵਾਲੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ਼ ਸ਼ੇਰਾ ਮੂਲ ਵਾਸੀ ਪਿੰਡ ਮਾਜਰੀ ਕਿਸ਼ਨੇ ਵਾਲੀ (ਅਮਲੋਹ) ਅਤੇ ਰਮਨਦੀਪ ਸਿੰਘ ਉਰਫ਼ ਦੀਪ ਪਿੰਡ ਚੂਹੜਵਾਲ ਨੂੰ ਬੀਤੇ ਦਿਨੀਂ ਮੋਗਾ ਪੁਲਿਸ ਨੇ ਲੁਧਿਆਣਾ 'ਚ ਆਰ.ਐਸ.ਐਸ ਸ਼ਾਖਾ ਪ੍ਰਮੁੱਖ ਰਵਿੰਦਰ ਗੋਸਾਈਂ ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਸਬੰਧੀ ਉਸ ਦੇ ਦੋ ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਿਸ ਦੇ ਬਾਅਦ ਸੂਬੇ ਅੰਦਰ ਹਿੰਦੂ ਸੰਗਠਨਾਂ ਦੇ ਆਗੂਆਂ ਦੇ ਹੋਏ ਕਤਲ ਕਾਂਡਾਂ ਤੋਂ ਪਰਦਾ ਹਟਿਆ ਸੀ। ਇਸੇ ਦੌਰਾਨ ਖੰਨਾ ਸ਼ਹਿਰ 'ਚ ਸ਼ਿਵ ਸੈਨਾ ਆਗੂ ਦੁਰਗਾ ਗੁਪਤਾ ਅਤੇ ਪੁਲਿਸ ਜ਼ਿਲ੍ਹਾ ਖੰਨਾ ਅਧੀਨ ਪੈਂਦੇ ਜਗੇੜਾ ਸਥਿਤ ਡੇਰਾ ਸਿਰਸਾ ਵਾਲੇ ਨਾਮ ਚਰਚਾ ਘਰ 'ਚ ਕੰਟੀਨ ਚਲਾਉਣ ਵਾਲੇ ਪਿਤਾ-ਪੁੱਤ ਦੇ ਹੋਏ ਕਤਲ ਮਾਮਲਿਆਂ ਦਾ ਭੇਦ ਖੁੱਲ੍ਹਿਆ ਸੀ, ਪਰ ਦੋਨਾਂ ਦੋਸ਼ੀਆਂ ਤੋਂ ਮੋਗਾ ਅਤੇ ਲੁਧਿਆਣਾ ਪੁਲਿਸ ਵੱਲੋਂ ਰਿਮਾਂਡ ਤੇ ਲੈ ਕੇ ਤਫ਼ਤੀਸ਼ ਕੀਤੀ ਜਾ ਰਹੀ ਸੀ।

ਬੁੱਧਵਾਰ ਸ਼ਾਮ ਨੂੰ ਖੰਨਾ ਪੁਲਿਸ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਨੂੰ ਐਨ.ਆਈ.ਏ ਕੋਰਟ ਮੋਹਾਲੀ 'ਚ ਪੇਸ਼ ਕਰਨ ਦੇ ਬਾਅਦ ਪ੍ਰੋਡਕਸ਼ਨ ਵਾਰੰਟ 'ਤੇ ਖੰਨਾ ਲੈ ਕੇ ਆਈ ਸੀ। ਜਿਸ ਦੇ ਬਾਅਦ ਦੋਨਾਂ ਨੌਜਵਾਨਾਂ ਨੂੰ ਦੁਰਗਾ ਗੁਪਤਾ ਕਤਲ ਮਾਮਲੇ ਸਬੰਧੀ ਵੀਰਵਾਰ ਦੁਪਹਿਰ ਡੀ.ਐਸ.ਪੀ (ਆਈ) ਰਣਜੀਤ ਸਿੰਘ ਬਦੇਸ਼ਾਂ, ਡੀ.ਐਸ.ਪੀ (ਖੰਨਾ) ਜਗਵਿੰਦਰ ਸਿੰਘ ਚੀਮਾ, ਸੀ.ਆਈ.ਏ ਸਟਾਫ਼ ਦੇ ਸਬ ਇੰਸਪੈਕਟਰ ਬਲਜਿੰਦਰ ਸਿੰਘ, ਐਸ.ਐਚ.ਓ ਥਾਣਾ ਸਿਟੀ ਰਜਨੀਸ਼ ਸੂਦ ਨੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਰਾਧਿਕਾ ਪੁਰੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਦੋਨਾਂ ਮੁਲਾਜ਼ਮਾਂ ਨੂੰ ਚਾਰ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਸੀ.ਆਈ.ਏ ਸਟਾਫ਼ 'ਚ ਦੋਨਾਂ ਮੁਲਜ਼ਮਾਂ ਤੋਂ ਖੰਨਾ ਦੇ ਦੁਰਗਾ ਗੁਪਤਾ ਅਤੇ ਜਗੇੜਾ ਦੇ ਡੇਰਾ ਪ੍ਰੇਮੀ ਹਤਿੱਆਕਾਂਡ ਸਬੰਧੀ ਪੁੱਛ-ਗਿੱਛ ਕਰ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਸ਼ਾਰਪ ਸ਼ੂਟਰ ਹਰਦੀਪ ਸਿੰਧ ਉਰਫ਼ ਸ਼ੇਰਾ ਦੇ ਲਈ ਦੁਰਗਾ ਗੁਪਤਾ ਕਤਲ ਕਾਂਡ ਸਬੰਧੀ ਰੈਕੀ ਅਤੇ ਵਿਦੇਸ਼ ਤੋਂ ਆਏ ਫੰਡਿਗ ਕਢਵਾਉਣ 'ਤੇ ਸ਼ੇਰਾ ਦੀ ਮਦਦ ਕਰਨ ਦੇ ਇਲਜ਼ਾਮ ਤਹਿਤ ਖੰਨਾ ਪੁਲਿਸ ਨਜ਼ਦੀਕੀ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ ਤੋਂ ਉਸ ਦੇ ਮਾਮੇ ਦੇ ਲੜਕੇ ਅਮਨਿੰਦਰ ਸਿੰਘ, ਪਿੰਡ ਗੰਢੂਆਂ ਤੋਂ ਮਨਪ੍ਰੀਤ ਸਿੰਘ ਅਤੇ ਪਾਇਲ ਤੋਂ ਰਵੀਪਾਲ ਸਿੰਘ ਨੂੰ ਬੀਤੇ ਦਿਨੀਂ ਗ੍ਰਿਫ਼ਤਾਰ ਕਰਕੇ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਭੇਜ ਚੁੱਕੀ ਹੈ। ਗ੍ਰਿਫ਼ਤਾਰ ਕੀਤੇ ਅਮਨਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਾਬੂ ਕੀਤੇ ਗਏ ਹਰਦੀਪ ਸਿੰਘ ਸ਼ੇਰਾ ਲਈ ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਸਬੰਧੀ ਸ਼ਹਿਰ ਦੇ ਮਨੀ ਐਕਸਚੇਂਜ਼ਰਾਂ ਤੋਂ ਆਈ.ਡੀ ਪਰੂਫ ਲਗਾ ਕੇ ਰੁਪਏ ਕਢਵਾਏ ਸਨ। ਦੋਨਾਂ ਨੇ ਸ਼ਹਿਰ ਦੇ ਕੁਝ ਮਨੀ ਐਕਸਚੇਂਜ਼ਰਾਂ ਦੇ ਨਾਂਅ ਵੀ ਪੁਲਿਸ ਨੂੰ ਦੱਸੇ ਸਨ, ਜਿਨ੍ਹਾਂ ਪਾਸੋਂ ਪੁਲਿਸ ਰਿਕਾਰਡ ਹਾਸਲ ਕਰਕੇ ਪੁੱਛ-ਗਿੱਛ ਕਰ ਚੁੱਕੀ ਹੈ।

ਫਲੈਸ਼ਬੈਕ

ਦੱਸ ਦੇਈਏ ਕਿ 23 ਅਪ੍ਰੈਲ 2016 ਨੂੰ ਜੀ.ਟੀ ਰੋਡ ਸਥਿਤ ਸ਼ਿਵ ਸੈਨਾ ਦੇ ਦਫ਼ਤਰ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਸ਼ਰੇਆਮ ਗੋਲੀਆਂ ਮਾਰਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਕਾਤਲ ਲਲਹੇੜੀ ਰੋਡ ਰੇਲਵੇ ਬ੍ਰਿਜ ਵਾਲੀ ਸਾਈਡ ਫ਼ਰਾਰ ਹੋ ਗਏ। ਜੋ ਰੇਲਵੇ ਪੁਲ ਥੱਲੇ ਮੋਟਰਸਾਈਕਲ ਛੱਡਣ ਦੇ ਬਾਅਦ ਪੁਲ ਦੇ ਦੂਜੇ ਪਾਸੇ ਖੜੇ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ। ਉਸ ਸਮੇਂ ਤੋਂ ਖੰਨਾ ਪੁਲਿਸ ਦੁਰਗਾ ਗੁਪਤਾ ਕਤਲ ਕਾਂਡ ਦੀ ਜਾਂਚ ਕਰ ਰਹੀ ਸੀ। ਪਰ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ।

ਜਾਂਚ ਦੌਰਾਨ ਪੁਲਿਸ ਨੂੰ ਸਿਰਫ਼ ਇਹ ਪਤਾ ਲੱਗ ਸਕਿਆ ਸੀ ਕਿ ਸ਼ਿਵ ਸੈਨਾ ਆਗੂ ਦਾ ਕਤਲ ਕਰਨ ਸਮੇਂ ਇਸਤੇਮਾਲ ਕੀਤਾ ਗਿਆ ਲਾਲ ਰੰਗ ਦਾ ਮੋਟਰਸਾਈਕਲ ਚੋਰੀ ਦਾ ਸੀ। ਦੁਰਗਾ ਗੁਪਤਾ ਦਾ ਕਤਲ ਕੀਤੇ ਜਾਣ ਦੇ ਕਈ ਮਹੀਨੇ ਬਾਅਦ 25 ਫਰਵਰੀ 2017 ਨੂੰ ਨਜ਼ਦੀਕੀ ਪਿੰਡ ਜਗੇੜਾ ਸਥਿਤ ਡੇਰਾ ਸਿਰਸੇ ਵਾਲੇ ਦੇ ਨਾਂ ਚਰਚਾ ਘਰ 'ਚ ਕੰਟੀਨ ਚਲਾਉਣ ਵਾਲੇ ਡੇਰਾ ਪ੍ਰੇਮੀ ਸਤਪਾਲ ਅਤੇ ਉਸਦੇ ਪੁੱਤਰ ਰਮੇਸ਼ ਕੁਮਾਰ ਦਾ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਕੰਟੀਨ ਅੰਦਰ ਦਾਖਲ ਹੋ ਕੇ ਕਤਲ ਕਰ ਦਿੱਤਾ ਗਿਆ ਸੀ।

ਇਸਦੇ ਨਾਲ ਹੀ ਦੱਸ ਦੇਈਏ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਆਰਐਸਐਸ ਆਗੂ ਰਵਿੰਦਰ ਗੋਸਾਈਂ ਦੇ ਕੀਤੇ ਗਏ ਕਤਲ ਦੀ ਜਾਂਚ ਕਰਦੇ ਹੋਏ ਲੁਧਿਆਣਾ ਪੁਲਿਸ ਨੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਦੀਪਾ, ਜਗਜੀਤ ਸਿੰਘ ਜੌਹਲ ਵਾਸੀ ਜਲੰਧਰ ਅਤੇ ਤਲਜੀਤ ਸਿੰਘ ਜਿੰਮੀ ਵਾਸੀ ਜੰਮੂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਕੋਲੋਂ ਕੀਤੀ ਗਈ ਪੁੱਛਗਿਛ ਦੌਰਾਨ ਅਹਿਮ ਖ਼ੁਲਾਸੇ ਹੋਏ। ਪੁਲਿਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।