ਕਾਂਗਰਸ ਗੁੰਡਾਗਰਦੀ 'ਤੇ ਉਤਰ ਆਈ ਹੈ, ਧੱਕੇ ਨਾਲ ਕਾਗਜ਼ ਗਾਇਬ ਕੀਤੇ ਗਏ ਨੇ: 'ਆਪ'-ਅਕਾਲੀ

Boney Bindra
Last Updated: Dec 07 2017 21:54

ਵਾਰਡ ਨੰਬਰ 42 ਕਾਂਗਰਸ ਪਾਰਟੀ ਲਈ ਅਤੇ ਪਟਿਆਲਾ ਪ੍ਰਸ਼ਾਸਨ ਲਈ ਗਲ ਦੀ ਹੱਡੀ ਬਣ ਬੈਠਾ ਹੈ। ਹੋਇਆ ਇਹ ਕਿ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਸ਼ ਵਾਲੀਆ ਅਤੇ ਅਕਾਲੀ ਦਲ ਦੇ ਉਮੀਦਵਾਰ ਦੇ ਪੇਪਰ ਰਿਜੈਕਟ ਕਰ ਦਿੱਤੇ ਗਏ, ਪਰ ਕਾਂਗਰਸ ਉਮੀਦਵਾਰ ਸੰਜੀਵ ਬਿੱਟੂ ਦੇ ਕਾਗ਼ਜ਼ ਸਿਰੇ ਚਾੜ੍ਹ ਦਿੱਤੇ ਗਏ। ਇਸੇ ਨੂੰ ਲੈ ਕੇ ਅੱਜ ਪਟਿਆਲਾ ਦੀ ਮਿੰਨੀ ਸੈਕਟਰੀਏਟ ਵਿੱਚ ਬਹੁਤ ਹੰਗਾਮਾ ਹੋਇਆ, ਜਿੱਥੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਲੀਡਰਾਂ ਨੇ ਇਕੱਠੇ ਹੋ ਕਾਂਗਰਸ ਦੇ ਖ਼ਿਲਾਫ਼ ਧਰਨਾ ਵੀ ਦਿੱਤਾ ਅਤੇ ਇਸ ਨੂੰ ਲੋਕਤੰਤਰ ਦਾ ਘਾਣ ਦੱਸਦੇ ਹੋਏ ਕੈਪਟਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਅਕਾਲੀ ਦਲ ਪਟਿਆਲਾ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਹਿਲਾਂ ਤਾਂ ਲੀਡਰਾਂ ਨੂੰ ਘਰ ਵਿੱਚ ਵੜ ਕੇ ਧਮਕਾਇਆ ਗਿਆ ਕਿ ਉਹ ਆਪਣੇ ਨਾਮਜ਼ਦਗੀ ਦੇ ਕਾਗ਼ਜ਼ ਵਾਪਸ ਲੈਣ ਅਤੇ ਫੇਰ ਜਦੋਂ ਉਨ੍ਹਾਂ ਨੇ ਕਾਗ਼ਜ਼ ਵਾਪਸ ਨਹੀਂ ਲਏ ਤਾਂ ਉਨ੍ਹਾਂ ਦੇ ਕਾਗ਼ਜ਼ਾਂ ਨੂੰ ਰਿਜੈਕਟ ਕਰਵਾ ਕੇ ਉਨ੍ਹਾਂ 'ਚੋਂ ਐਨ.ਓ.ਸੀ ਕੱਢੀ ਗਈ ਹੈ, ਜਿਸਦੀ ਸਾਡੇ ਕੋਲ ਨਕਲ ਵੀ ਮੌਜੂਦ ਹੈ। ਜਿਸਦੀ ਇੱਕ ਕਾਪੀ ਅਸੀਂ ਡੀ.ਸੀ ਕੁਮਾਰ ਅਮਿਤ ਨੂੰ ਦਿੱਤੀ ਹੈ, ਜਿਨ੍ਹਾਂ ਨੇ ਸਾਨੂੰ ਸਾਡੀ ਐਪਲੀਕੇਸ਼ਨ ਰਿਸੀਵ ਕਰਕੇ ਨਹੀਂ ਦਿੱਤੀ।"

ਉਨ੍ਹਾਂ ਨੇ ਕਾਂਗਰਸ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ (ਕਾਂਗਰਸ) ਇਲੈੱਕਸ਼ਨ ਤੋਂ ਡਰਦੇ ਨੇ, ਇਨ੍ਹਾਂ ਨੂੰ ਆਪਣੇ ਉੱਤੇ ਵਿਸ਼ਵਾਸ ਨਹੀਂ ਹੈ ਜਿਸ ਕਾਰਨ ਹੁਣ ਇਹ ਅਜਿਹੇ ਹੱਥਕੰਡੇ ਆਪਣਾ ਰਹੇ ਹਨ।" ਇਸ ਉੱਤੇ ਆਮ ਆਦਮੀ ਪਾਰਟੀ ਪਟਿਆਲਾ ਦੇ ਸੀਨੀਅਰ ਆਗੂ ਡਾ.ਬਲਬੀਰ ਸਿੰਘ ਜੋ ਕਿ ਧਰਨੇ ਵਿੱਚ ਮੌਜੂਦ ਸਨ ਨੇ ਕਿਹਾ ਕਿ ਇਹ ਇੱਕ ਦੋ ਖ਼ਾਸ ਵਾਰਡਾਂ ਦੀ ਕਹਾਣੀ ਹੈ, ਜਿੱਥੇ ਸਾਡੇ ਆਗੂ ਮਜ਼ਬੂਤ ਹਨ, 41 ਅਤੇ 42 ਦੋਨਾਂ ਵਾਰਡਾਂ ਵਿੱਚ ਇਨ੍ਹਾਂ ਨੇ ਪੇਪਰ ਰਿਜੈਕਟ ਕਰਵਾਏ ਹਨ ਕਾਂਗਰਸ ਜਾਣਦੀ ਹੈ ਕਿ ਉਹ ਇੱਥੋਂ ਹਾਰੇਗੀ ਇਸ ਲਈ ਇਹ ਸਭ ਕੀਤਾ ਜਾ ਰਿਹਾ ਹੈ, ਕੈਂਡੀਡੇਟ ਦੇ ਕਾਗ਼ਜ਼ ਜਾਣਬੁੱਝ ਕੇ ਗ਼ਾਇਬ ਕੀਤੇ ਜਾ ਰਹੇ ਹਨ, ਜਿਸਨੂੰ ਲੈ ਕੇ ਅਸੀਂ ਡੀ.ਸੀ ਨੂੰ ਵੀ ਮਿਲੇ ਹਾਂ। ਜਿਨ੍ਹਾਂ ਨੇ ਨਾ-ਨੁਕਰ ਤੋਂ ਬਾਅਦ ਸਾਡੇ ਤੋਂ ਅਰਜ਼ੀ ਮੰਗੀ ਹੈ, ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਅਸੀਂ ਹਾਈਕੋਰਟ ਵਿੱਚ ਵੀ ਜਾਵਾਂਗੇ।