ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਸਬੰਧੀ ਜਾਰੀ ਕੀਤਾ ਰਣਯੋਧੇ-2017 ਸੋਵੀਨਰ

Jatinder Singh
Last Updated: Dec 07 2017 21:29

ਦੇਸ਼ ਦੀ ਸੁਰੱਖਿਆ ਲਈ ਸੈਨਾ ਦੇ ਬਹਾਦਰ ਸੈਨਿਕਾਂ ਵੱਲੋਂ ਕੀਤੀਆਂ ਬੇਮਿਸਾਲ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦ 'ਚ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ 'ਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਸਿਸਟੈਂਟ ਡਿਪਟੀ ਕਮਿਸ਼ਨਰ ਜੇ.ਕੇ ਜੈਨ ਨੂੰ ਫਲੈਗ ਲਗਾ ਕੇ ਇਸ ਦੇ ਸ਼ੁਰੂਆਤ ਕੀਤੀ ਗਈ।

ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ (ਜਨਰਲ) ਅਨੰਦ ਸਾਗਰ ਸ਼ਰਮਾ ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਅਤੇ ਉੱਘੇ ਸਾਬਕਾ ਸੈਨਿਕਾਂ ਨੇ ਫਲੈਗ ਲਗਾਏ ਅਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਫ਼ੰਡ ਲਈ ਦਾਨ ਰਾਸ਼ੀ ਇਕੱਤਰ ਕੀਤੀ। ਇਸ ਤੋਂ ਇਲਾਵਾ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਅਤੇ ਮਾਤਾ ਗੁਜਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਟੀਮਾਂ ਬਣਾ ਕੇ ਜੋਤੀ ਸਰੂਪ ਚੌਕ ਫ਼ਤਿਹਗੜ੍ਹ ਸਾਹਿਬ ਵਿਖੇ ਆਉਣ ਜਾਣ ਵਾਲੇ ਯਾਤਰੀਆਂ ਦੇ ਫਲੈਗ ਲਗਾ ਕੇ ਦਾਨ ਰਾਸ਼ੀ ਇਕੱਤਰ ਕੀਤੀ ਗਈ।

ਇਸ ਮੌਕੇ ਅਸਿਸਟੈਂਟ ਡਿਪਟੀ ਕਮਿਸ਼ਨਰ ਜੇ.ਕੇ ਜੈਨ ਨੇ ਸੈਨਾ ਝੰਡਾ ਦਿਵਸ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਅਤੇ ਪਹਿਲੇ ਵਿਸ਼ਵ ਯੁੱਧ ਦੀ ਸ਼ਤਾਬਦੀ ਦੇ ਮੌਕੇ 'ਤੇ 'ਰਣਯੋਧੇ-2017' ਨਾਮਕ ਸੋਵੀਨਰ ਦਾ ਸਪੈਸ਼ਲ ਅੰਕ ਜਾਰੀ ਕੀਤਾ ਗਿਆ। ਦੇਸ਼ ਦੀ ਆਨ ਤੇ ਸ਼ਾਨ ਲਈ ਕੁਰਬਾਨੀਆਂ ਦੇਣ ਵਾਲੇ ਯੋਧਿਆਂ ਨੂੰ ਯਾਦ ਕਰਦੇ ਏਡੀਸੀ ਜੈਨ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਪਾਇਆ ਗਿਆ ਯੋਗਦਾਨ ਦੇਸ਼ ਦੇ ਸਮੂਹ ਨਾਗਰਿਕਾਂ ਲਈ ਪ੍ਰੇਰਣਾ ਦਾ ਸਰੋਤ ਹੈ।

ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਮਾਜ ਵਿੱਚ ਬਣਦਾ ਮਾਣ ਤੇ ਸਤਿਕਾਰ ਦੇਣਾ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਹੈ। ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਇਕੱਤਰ ਕੀਤੇ ਝੰਡਾ ਦਿਵਸ ਫ਼ੰਡ ਵਿੱਚ ਹਰੇਕ ਨਾਗਰਿਕ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਸ਼ਹੀਦ ਪਰਿਵਾਰਾਂ ਦੀ ਸਹਾਇਤਾ ਲਈ ਦਿੱਤਾ ਗਿਆ ਦਾਨ ਸਹੀ ਅਰਥਾਂ 'ਚ ਪਰਉਪਕਾਰ ਵਾਲਾ ਕਾਰਜ ਹੈ ਕਿਉਂਕਿ ਦਾਨ ਰਾਸ਼ੀ ਵਿੱਚੋਂ ਹੀ ਸ਼ਹੀਦਾਂ ਦੀਆਂ ਵਿਧਵਾਵਾਂ, ਅਪੰਗ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਤੋਂ ਇਲਾਵਾ ਸੇਵਾ ਕਰ ਰਹੇ ਸੈਨਿਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।