ਨੈਸ਼ਨਲ ਕੌਮੀ ਧੰਨ ਪਸ਼ੂ ਚੈਂਪੀਅਨਸ਼ਿਪ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੇ ਸੂਬੇ ਭਰ ਵਿਚੋਂ ਹਾਸਲ ਕੀਤੇ ਪਹਿਲੇ ਇਨਾਮ

Sukhjinder Kumar
Last Updated: Dec 07 2017 20:57

10ਵੀਂ ਨੈਸ਼ਨਲ ਕੌਮੀ ਪਸ਼ੂ ਧੰਨ ਚੈਂਪੀਅਨਸ਼ਿਪ ਜੋ ਕਿ ਜ਼ਿਲ੍ਹਾ ਪਟਿਆਲਾ ਵਿਖੇ ਮਿਤੀ 1 ਦਸੰਬਰ ਤੋਂ 5 ਦਸੰਬਰ ਤੱਕ ਕਰਵਾਈ ਗਈ ਸੀ। ਇਸ ਚੈਂਪੀਅਨਸ਼ਿਪ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ, ਗੁਜਰਾਤ, ਹਰਿਆਣਾ, ਰਾਜਸਥਾਨ ਦੇ ਪਸ਼ੂਆਂ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਅਤੇ ਕਈ ਇਨਾਮ ਜਿੱਤ ਕੇ ਜ਼ਿਲ੍ਹਾ ਪਠਾਨਕੋਟ ਦਾ ਨਾਮ ਰੌਸ਼ਨ ਕੀਤਾ। ਇਹ ਜਾਣਕਾਰੀ ਕੁਲਦੀਪ ਕੁਮਾਰ ਡਿਪਟੀ ਡਾਇਰੈਕਟਰ ਪਸ਼ੁ ਪਾਲਣ ਵਿਭਾਗ ਪਠਾਨਕੋਟ ਅਤੇ ਵੈਟਰਨਰੀ ਅਫ਼ਸਰ ਘੋਹ ਵਿਜੈ ਕੁਮਾਰ ਨੇ ਸਾਂਝੇ ਤੋਰ 'ਤੇ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਿੰਡ ਕਾਹਨਪੁਰ ਦੇ ਸ਼ਿਵ ਦਰਸ਼ਨ ਕੁਮਾਰ ਉਰਫ਼ ਬਿੱਲਾ ਦੇ ਜਾਨਵਰਾਂ ਨੇ ਪਹਿਲੇ, ਦੂਜੇ ਅਤੇ ਤੀਜੇ ਇਨਾਮ ਪ੍ਰਾਪਤ ਕੀਤੇ। ਬਿੱਲੇ ਦੇ ਬੱਕਰੇ, ਬੱਕਰੀ, ਭੈਡੂ, ਭੈਡ, ਮੁਰਗੇ ਨੇ ਪੂਰੇ ਸੂਬੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ ਹੈ। ਦੇਵ ਰਾਜ ਸ਼ਰਮਾ ਪਿੰਡ ਪੰਗੋਲੀ ਨੇ ਦੋ ਛੋਟੇ ਬੱਕਰੀਆਂ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ। ਸਤੀਸ਼ ਕੁਮਾਰ ਪਿੰਡ ਕਰੋਲੀ ਦੇ ਬੱਕਰੇ ਨੇ ਵੀ ਇਨਾਮ ਪ੍ਰਾਪਤ ਕੀਤਾ। ਗਣੇਸ਼ ਕੁਮਾਰ ਦੇ ਭੈਡੂ ਨੇ ਵੀ ਚੌਥਾ ਇਨਾਮ ਪ੍ਰਾਪਤ ਕੀਤਾ। ਮੋਹਿੰਦਰ ਸਿੰਘ ਪਿੰਡ ਮੈਰਾ, ਸਲਾਰੀਆ ਪਿੰਡ ਰਾਣੀਪੁਰ, ਰਹਿਮਤ ਅਲੀ ਇਸਮਈਲ ਪਿੰਡ ਸਿੰਬਲੀ ਗੁੱਜਰਾ ਨੇ ਵੀ 7ਵਾਂ, 8ਵਾਂ ਇਨਾਮ ਪ੍ਰਾਪਤ ਕੀਤੇ। ਪਠਾਨਕੋਟ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਸ਼ਿਵ ਦਰਸ਼ਨ ਕੁਮਾਰ 95 ਜਾਨਵਰ ਮੇਲੇ ਵਿੱਚ ਲੈ ਕੇ ਗਏ ਸਨ। ਜਿਨ੍ਹਾਂ ਵਿਚੋਂ 35 ਪਸ਼ੂਆਂ ਨੇ ਇਨਾਮ ਪ੍ਰਾਪਤ ਕੀਤੇ ਹਨ। ਜਿਨ੍ਹਾਂ ਵਿਚੋਂ ਪਹਿਲੇ ਇਨਾਮ ਦੀ ਰਾਸ਼ੀ 21000/-ਰੁਪਏ ਸੀ, ਦੂਸਰੇ ਇਨਾਮ ਦੀ ਰਾਸ਼ੀ 11000/-ਰੁਪਏ ਸੀ ਅਤੇ ਤੀਸਰੇ ਇਨਾਮ ਦੀ ਰਾਸ਼ੀ 5000/-ਰੁਪਏ ਸੀ। ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਇਨ੍ਹਾਂ ਪਸ਼ੂ ਪਾਲਕਾਂ ਨੂੰ ਵਧਾਈ ਦਿੰਦੇ ਹੋਏ ਅਗਾਂਹ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਹੋਰ ਪਸ਼ੂ ਪਾਲਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਅਗਲੇ ਸਾਲ ਹੋਣ ਵਾਲੀ ਪਸ਼ੂ ਧੰਨ ਚੈਂਪੀਅਨਸ਼ਿਪ ਵਿੱਚ ਭਾਗ ਲੈਣ।