ਸੁਖਬੀਰ ਬਾਦਲ ਅਤੇ ਬਿਕਰਮਜੀਤ ਮਜੀਠੀਆ ਸਮੇਤ ਵੱਡੀ ਲੀਡਰਸ਼ਿਪ ਨੇ ਦਿੱਤਾ ਰੋਸ ਧਰਨਾ..!

Last Updated: Dec 07 2017 20:30

ਬੀਤੇ ਦਿਨ ਕਸਬਾ ਮੱਲਾਂਵਾਲਾ ਵਿਖੇ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਨਾ ਭਰਨ ਦੇਣ ਅਤੇ ਕਾਂਗਰਸੀਆਂ ਵੱਲੋਂ ਹਮਲਾ ਕਰਕੇ ਅਕਾਲੀ ਆਗੂਆਂ ਦੀਆਂ ਗੱਡੀਆਂ ਭੰਨੇ ਜਾਣ 'ਤੇ ਪੁਲਿਸ ਵੱਲੋਂ ਹਮਲਾਵਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਸਗੋਂ ਅਕਾਲੀ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਦਫ਼ਤਰ ਬਾਹਰ ਸੜਕ ਜਾਮ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ, ਕਮਲ ਸ਼ਰਮਾ ਮੈਂਬਰ ਕੌਮੀ ਕਾਰਜਕਾਰਨੀ ਭਾਜਪਾ ਧਰਨੇ 'ਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਤੇ ਦਿਨ ਮੱਲਾਂਵਾਲਾ ਵਿੱਚ ਜਿਨ੍ਹਾਂ ਆਬਜਰਵਰਾਂ ਨੂੰ ਮਿਲਣ ਗਏ ਅਕਾਲੀ ਆਗੂਆਂ 'ਤੇ ਪੁਲਿਸ ਦੀ ਮਦਦ ਨਾਲ ਕਾਂਗਰਸੀਆਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਨੇ ਅਕਾਲੀ ਆਗੂਆਂ ਦੇ ਖ਼ਿਲਾਫ਼ ਪੁਲਿਸ ਨੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਇਸ ਗੱਲ ਦਾ ਯਕੀਨ ਹੈ ਕਿ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਵੋਟਾਂ ਨਹੀਂ ਦੇਣਗੇ, ਇਸ ਲਈ ਉਨ੍ਹਾਂ ਨੇ ਧੱਕੇਸ਼ਾਹੀਆਂ ਕਰਦੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐਨ.ਓ.ਸੀ. ਨਹੀਂ ਦਿੱਤੀ। ਉਨ੍ਹਾਂ ਪੁਲਿਸ 'ਤੇ ਦੋਸ਼ ਲਗਾਉਂਦੇ ਹੋਏ ਚੇਤਾਵਨੀ ਦਿੱਤੀ ਕਿ ਜਿਨ੍ਹਾਂ ਪੁਲਿਸ ਅਫ਼ਸਰਾਂ ਨੇ ਅਕਾਲੀ ਆਗੂਆਂ 'ਤੇ ਮੱਲਾਂਵਾਲਾ ਵਿੱਚ ਹਮਲਾ ਕਰਵਾਇਆ ਹੈ। ਅਕਾਲੀ ਰਾਜ ਵਿੱਚ ਸਰਕਾਰ ਬਣਦੇ ਹੀ ਉਨ੍ਹਾਂ ਨੂੰ ਡਿਸਮਿਸ ਕੀਤਾ ਜਾਵੇਗਾ। 

ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਅਕਾਲੀ ਆਗੂ ਅਵਤਾਰ ਸਿੰਘ ਮਿੰਨਾ, ਜੋਗਿੰਦਰ ਸਿੰਘ ਜਿੰਦੂ ਅਤੇ ਨੋਨੀ ਮਾਨ ਦੇ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਹੈ, ਉਹ ਸਾਰੇ ਐਸ.ਐਸ ਪੀ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਬਾਹਰ ਬੈਠੇ ਹਨ। ਜੇਕਰ ਕਿਸੇ ਪੁਲਿਸ ਅਫ਼ਸਰ ਵਿੱਚ ਹਿੰਮਤ ਹੈ ਤਾਂ ਆ ਕੇ ਕਰ ਲਉ ਗ੍ਰਿਫ਼ਤਾਰ। ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੌਂਸਲੇ ਬੁਲੰਦ ਹਨ ਅਤੇ ਅਕਾਲੀ ਦਲ ਵਰਕਰ ਅਜਿਹੇ ਮੁਕੱਦਮਿਆਂ ਤੋਂ ਨਹੀਂ ਡਰਦੇ। 

ਧਰਨੇ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਕੰਮ ਠੱਪ ਹਨ। ਲੋਕਾਂ ਨੂੰ ਪੈਨਸ਼ਨ, ਸ਼ਗਨ ਸਕੀਮ, ਨੌਕਰੀਆਂ ਨਹੀਂ ਮਿਲ ਰਹੀਆਂ ਅਤੇ ਕਾਂਗਰਸ ਦਾ ਚੋਣ ਮੈਨੀਫੈਸਟੋ ਹਵਾ ਵਿੱਚ ਉੱਡ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 9 ਮਹੀਨੇ ਹੋ ਗਏ ਹਨ ਪੰਜਾਬ 'ਚ ਕਾਂਗਰਸ ਸਰਕਾਰ ਬਣੇ ਨੂੰ ਹਾਲੇ ਤੱਕ ਕੋਈ ਵੀ ਕੀਤਾ ਵਾਅਦਾ ਪੂਰਾ ਨਹੀਂ ਹੋਇਆ। ਇਸ ਮੌਕੇ 'ਤੇ ਧਰਨੇ ਨੂੰ ਅਕਾਲੀ ਦਲ ਦੇ ਬੁਲਾਰੇ ਮਹੇਸ਼ ਇੰਦਰ ਸਿੰਘ ਗਰੇਵਾਲ ਸਾਬਕਾ ਕੈਬਨਿਟ ਮੰਤਰੀ, ਅਵਤਾਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਵਰਦੇਵ ਸਿੰਘ ਨੋਨੀ ਮਾਨ ਆਦਿ ਨੇ ਵੀ ਸੰਬੋਧਨ ਕੀਤਾ । ਧਰਨੇ ਵਿਚ ਜਥੇਦਾਰ ਸਾਬਕਾ ਮੰਤਰੀ ਹਰੀ ਸਿੰਘ ਜ਼ੀਰਾ, ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਲੋਕ ਸਭਾ, ਮਹਿੰਦਰ ਸਿੰਘ ਵਿਰਕ, ਬਚਿੱਤਰ ਸਿੰਘ ਸਾਬਕਾ ਸਿਆਸੀ ਸਕੱਤਰ ਅਕਾਲੀ ਦਲ ਸੰਸਦੀ ਗਰੁੱਪ ਆਦਿ ਵੱਡੀ ਗਿਣਤੀ 'ਚ ਪੰਜਾਬ ਭਰ ਤੋਂ ਅਕਾਲੀ ਆਗੂ ਪਹੁੰਚੇ ਹੋਏ ਹਨ।