ਅਕਾਲੀਆਂ ਨੇ ਗੁਰੂਹਰਸਹਾਏ ਦੀ ਤਰਜ਼ 'ਤੇ ਕੀਤੀ ਮੱਲਾਂਵਾਲਾ 'ਚ ਗੁੰਡਾਗਰਦੀ

Last Updated: Dec 07 2017 20:48

ਕਸਬਾ ਮੱਲਾਂਵਾਲਾ ਵਿਖੇ ਅਕਾਲੀ ਆਗੂਆਂ ਵੱਲੋਂ ਕਾਂਗਰਸੀ ਵਿਧਾਇਕ ਅਤੇ ਉਸ ਦੇ ਸਾਥੀਆਂ 'ਤੇ ਲਗਾਏ ਹਮਲਾ ਕਰਨ ਅਤੇ ਗੁੰਡਾਗਰਦੀ ਕਰਨ ਦੇ ਦੋਸ਼ਾਂ ਨੂੰ ਸਰਾਸਰ ਝੂਠਾ ਦੱਸਦੇ ਹੋਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਚੋਣਾਂ ਵਿੱਚ ਮਿਲਦੀ ਹਾਰ ਤੋਂ ਡਰਦੇ ਹੋਏ ਅਕਾਲੀ ਆਗੂਆਂ ਨੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਲਈ ਬਾਹਰ ਤੋਂ ਗੁੰਡਾ ਨੁਮਾ ਲੋਕ ਬੁਲਾਏ ਹੋਏ ਸਨ। ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਲੱਬ ਫ਼ਿਰੋਜ਼ਪੁਰ ਵਿਖੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨ ਕਸਬਾ ਮੱਲਾਂਵਾਲਾ ਦੇ ਅਕਾਲੀ ਆਗੂ ਬਲਵਿੰਦਰ ਸਿੰਘ ਦੇ ਘਰ ਬੈਠੇ ਅਕਾਲੀ ਵਰਕਰਾਂ ਵੱਲੋਂ ਨਾਮਜ਼ਦਗੀ ਪੱਤਰ ਭਰ ਕੇ ਵਾਪਸ ਆ ਰਹੇ ਕਾਂਗਰਸੀ ਉਮੀਦਵਾਰ ਸਤਪਾਲ ਉਪਰ ਅਕਾਲੀ ਵਰਕਰਾਂ ਨੇ ਫਾਇਰਿੰਗ ਕੀਤੀ ਅਤੇ ਇੱਟਾਂ ਰੋੜੇ ਚਲਾਏ।

ਉਨ੍ਹਾਂ ਕਿਹਾ ਕਿ 2012 ਵਿੱਚ ਕਾਂਗਰਸੀ ਆਗੂ ਸਤਪਾਲ ਚਾਵਲਾ ਦੇ ਭਰਾ ਨੂੰ ਅਕਾਲੀਆਂ ਵੱਲੋਂ ਗੁੰਡਾਗਰਦੀ ਕਰਕੇ ਭਾਰੀ ਕੁੱਟਮਾਰ ਕੀਤੀ ਗਈ ਸੀ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਹਲਕਾ ਗੁਰੂਹਰਸਹਾਏ ਦੇ ਕਾਂਗਰਸੀ ਆਗੂ ਅਮਰਜੀਤ ਡੈਵਿਡ ਅਤੇ ਨਸੀਬ ਸਿੰਘ ਸੰਧੂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ, ਉਸੇ ਹੀ ਤਰਜ 'ਤੇ ਬੀਤੇ ਦਿਨ ਅਵਤਾਰ ਸਿੰਘ ਮਿੰਨਾ, ਜੋਗਿੰਦਰ ਸਿੰਘ ਜਿੰਦੂ, ਵਰਦੇਵ ਸਿੰਘ ਨੋਨੀ ਮਾਨ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਕਸਬਾ ਮੱਲਾਂਵਾਲਾ ਵਿਖੇ ਕਾਂਗਰਸੀਆਂ ਉਪਰ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦਾ ਕਸਬਾ ਮੱਲਾਂਵਾਲਾ ਦੇ ਆਮ ਲੋਕਾਂ ਵੱਲੋਂ ਵਿਰੋਧ ਕਰਦਿਆਂ ਉਕਤ ਅਕਾਲੀ ਆਗੂਆਂ ਨੂੰ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਉਕਤ ਅਕਾਲੀ ਆਗੂਆਂ ਖ਼ਿਲਾਫ਼ ਜੋ ਸੰਗੀਨ ਧਰਾਵਾਂ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ, ਉਸ ਬਾਬਤ ਅੱਜ ਫ਼ਿਰੋਜ਼ਪੁਰ ਦੇ ਐਸਐਸਪੀ ਨੂੰ ਮਿਲ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।