ਮਿਹਨਤਕਸ਼ ਲੋਕਾਂ ਸਦਕਾ ਰਾਜ ਅੰਦਰ ਸਿਹਤਮੰਦ ਉਦਯੋਗਿਕ ਵਾਤਾਵਰਣ: ਕੈਪਟਨ

Vipan Sharma
Last Updated: Dec 07 2017 20:20

ਇੱਕ ਉੱਚ ਪਧੱਰੀ ਵਫ਼ਦ ਨਾਲ ਮੁੱਖ ਮੰਤਰੀ ਨੂੰ ਮਿਲਣ ਆਏ ਹੋਵੋਰਕਾ ਨੇ ਕਾਂਗਰਸ ਸਰਕਾਰ ਵੱਲੋਂ ਸੂਬੇ ਵਿੱਚ ਬਦਲੀ ਨਿਵੇਸ਼ ਦੀ ਹਵਾ ਦੇ ਮੱਦੇਨਜ਼ਰ ਪੰਜਾਬ 'ਚ ਨਿਵੇਸ਼ ਦੀ ਇੱਛਾ ਜ਼ਾਹਰ ਕੀਤੀ ਹੈ। ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਸਦਕਾ ਰਾਜ ਅੰਦਰ ਸਿਹਤਮੰਦ ਉਦਯੋਗਿਕ ਵਾਤਾਵਰਣ ਹੈ। ਜਿਸ ਤੋਂ ਭਾਰਤੀ ਅਤੇ ਵਿਦੇਸ਼ੀ ਨਿਵੇਸ਼ਕ ਉਦਯੋਗਾਂ ਦੀ ਮੰਗ ਅਨੁਸਾਰ ਲਾਹਾ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇਸ਼ ਅੰਦਰ ਉਦਯੋਗਾਂ ਲਈ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ ਅਤੇ ਸੌਰ ਊਰਜਾ ਦੇ ਖੇਤਰ ਵਿੱਚ ਵੱਡੇ ਪਧੱਰ 'ਤੇ ਆਧਾਰ ਸਥਾਪਤ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਰਾਜ ਵਿੱਚ ਉਦਯੋਗਾਂ ਨੂੰ ਹੋਰ ਪ੍ਰਫ਼ਲੱਤ ਕਰਨ ਅਤੇ ਉਦਯੋਗਿਕ ਸਭਿਆਚਾਰ ਨੂੰ ਮਿੱਤਰਤਾ ਵਾਲਾ ਬਣਾਉਣ ਲਈ ਉਨ੍ਹਾਂ ਨੇ ਬੀਤੇ ਦਿਨੀਂ ਨਵੀਂ ਉਦਯੋਗਿਕ ਨੀਤੀ ਲਿਆਂਦੀ ਹੈ ਤਾਂ ਜੋ ਉਦਯੋਗਾਂ ਦੀ ਸਥਾਪਤੀ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਦਰਨਿਕਾਰ ਕੀਤੇ ਉਦਯੋਗਿਕ ਵਿਕਾਸ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਉਨ੍ਹਾਂ ਦੀ ਸਰਕਾਰ 'ਬਿਜਨੈਂਸ ਫਸਟ' (ਪਹਿਲਾਂ ਵਪਾਰ) ਦੇ ਏਜੰਡੇ 'ਤੇ ਕੰਮ ਕਰ ਰਹੀ ਹੈ।

ਚੈਕ ਗਣਰਾਜ ਨੂੰ ਦੁਨੀਆਂ ਦੀ ਤੇਜ਼ੀ ਨਾਲ ਵਧਦੀ ਆਰਥਿਕਤਾ ਕਰਾਰ ਦਿੰਦਿਆ ਚੈਕ ਰਾਜਦੂਤ ਹੋਵੋਰਕਾ ਨੇ ਦੱਸਿਆ ਕਿ ਉਨ੍ਹਾਂ ਦਾ ਮੁਲਕ ਪੰਜਾਬ ਸਰਕਾਰ ਵੱਲੋਂ ਇਲੈਕਟ੍ਰਾਨਿਕ, ਫੂਡ ਪ੍ਰੋਸੈਸਿੰਗ, ਸੁਰੱਖਿਆ, ਸੂਚਨਾ ਤਕਨਾਲੋਜੀ, ਪ੍ਰਾਹੁਣਚਾਰੀ, ਮਨੋਰੰਜਨ ਅਤੇ ਮੀਡੀਆ ਆਦਿ ਖੇਤਰਾਂ 'ਚ ਰਾਜ ਅੰਦਰਲੇ ਅਸੀਮ ਮੌਕਿਆਂ ਤੋਂ ਭਰਪੂਰ ਲਾਹਾ ਲੈਣ 'ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇਸ਼ ਵੱਲੋਂ ਰਾਜ ਅੰਦਰ ਵਿਸ਼ਾਲ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨਾ ਵੀ ਵਿਚਾਰ ਅਧੀਨ ਹੈ।

ਖੇਤਰੀ ਆਵਾਜਾਈ ਨੂੰ ਹੁਲਾਰਾ ਦੇਣ ਦੇ ਮਕਸਦ ਲਈ 15 ਸੀਟਾਂ ਵਾਲੇ ਏਅਰ ਕਰਾਫਟ ਦੀ ਪੇਸ਼ਕਸ਼ ਕਰਦਿਆਂ ਰਾਜਦੂਤ ਨੇ ਕਿਹਾ ਕਿ ਇਹ ਛੋਟਾ ਜਹਾਜ ਪੰਜਾਬ ਦੇ ਕਿਸੇ ਵੀ ਖੇਤਰ ਤੋਂ ਦੂਰ ਦਰਾਡੇ ਖੇਤਰਾਂ 'ਚ ਸਥਾਪਤ ਕੀਤੇ ਮੋਬਾਈਲ ਏਅਰਪੋਰਟਾਂ ਲਈ ਚਲਾਏ ਜਾ ਸਕਦੇ ਹਨ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਚੈਕ ਗਣਰਾਜ ਦੇ ਰਾਜਦੂਤ ਵੱਲੋਂ ਕੀਤੀ ਪੇਸ਼ਕਸ਼ ਅਤੇ ਦਿੱਤੇ ਸੁਝਾਅ 'ਤੇ ਭਵਿੱਖ ਵਿੱਚ ਵਿਚਾਰਾਂ ਕਰਨ ਦੀ ਹਦਾਇਤ ਕੀਤੀ।

ਇਸ ਮੌਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆਂ ਸਲਾਹਕਾਰ ਰਵੀਨ ਠੁਕਰਾਲ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਰਾਕੇਸ਼ ਵਰਮਾ ਵੀ ਮੌਜੂਦ ਸਨ।