ਰਾਸ਼ਟਰ ਨਿਰਮਾਣ ਤੇ ਦੇਸ਼ ਭਗਤੀ ਵਿਸ਼ੇ 'ਤੇ ਭਾਸ਼ਣ ਪ੍ਰਤੀਯੋਗਤਾ

Last Updated: Dec 07 2017 19:52

ਨਹਿਰੂ ਯੁਵਾ ਕੇਂਦਰ ਫ਼ਰੀਦਕੋਟ ਵੱਲੋਂ ਬਲਾਕ ਤੇ ਜ਼ਿਲ੍ਹਾ ਪੱਧਰੀ ਰਾਸ਼ਟਰ ਨਿਰਮਾਣ ਤੇ ਦੇਸ਼ ਭਗਤੀ ਵਿਸ਼ੇ 'ਤੇ ਭਾਸ਼ਣ ਪ੍ਰਤੀਯੋਗਤਾ 14 ਦੇ 15 ਦਸੰਬਰ ਨੂੰ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਸਹਾਇਕ ਕਮਿਸ਼ਨਰ ਸ. ਜਗਜੀਤ ਸਿੰਘ ਜੌਹਲ ਨੇ ਨਹਿਰੂ ਯੁਵਾ ਕੇਂਦਰ ਦੀ ਜ਼ਿਲ੍ਹਾ ਅਡਵਾਇਜਰੀ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਹੇਂਠ ਦਿੱਤੀ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਭਾਸ਼ਣ ਪ੍ਰਤੀਯੋਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਫ਼ਰੀਦਕੋਟ ਵਿਖੇ ਕਰਵਾਈ ਜਾ ਰਹੀ ਹੈ। ਇਸ ਪ੍ਰਤੀਯੋਗਤਾ 'ਚ ਜ਼ਿਲ੍ਹਾ ਫ਼ਰੀਦਕੋਟ ਨਾਲ ਸੰਬੰਧਿਤ ਉਮੀਦਵਾਰ ਭਾਗ ਲੈ ਸਕਣਗੇ। 

ਉਨ੍ਹਾਂ ਨੇ ਦੱਸਿਆ ਕਿ ਭਾਗੀਦਾਰ ਦੀ ਉਮਰ 18 ਤੋਂ 29 ਸਾਲ ਤੱਕ ਦੀ ਹੋਣੀ ਚਾਹੀਦੀ ਹੈ। ਇਸ 'ਚ ਕੋਈ ਵੀ ਭਾਗ ਲੈ ਸਕਦਾ ਹੈ। ਭਾਸ਼ਣ ਹਿੰਦੀ ਤੇ ਅੰਗਰੇਜ਼ੀ ਭਾਸ਼ਾ 'ਚ ਹੀ ਦਿੱਤਾ ਜਾ ਸਕੇਗਾ। ਉਨ੍ਹਾਂ ਆਖਿਆ ਕਿ ਨਿਰਧਾਰਿਤ ਪ੍ਰੋਫਾਰਮਾ ਨਹਿਰੂ ਯੁਵਾ ਕੇਂਦਰ, ਨੇੜੇ ਜੈਨ ਸਕੂਲ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਜ਼ਿਲ੍ਹਾ ਯੂਥ ਕੋਆਰਡੀਨੇਟਰ ਰਘਬੀਰ ਸਿੰਘ ਖਾਰਾ ਨੇ ਦੱਸਿਆ ਕਿ ਨਿਰਧਾਰਿਤ ਪ੍ਰੋਫਾਰਮਾ ਪ੍ਰਤੀ ਭਾਗੀ ਵੱਲੋਂ 13 ਦਸੰਬਰ ਤੱਕ ਉਨ੍ਹਾਂ ਦੇ ਦਫ਼ਤਰ ਵਿਖੇ ਜਮਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ 'ਤੇ ਕਰਵਾਏ ਜਾਣ ਵਾਲੀ ਪ੍ਰਤੀਯੋਗਤਾ 'ਚ ਘੱਟੋ-ਘੱਟ 6 ਪ੍ਰਤੀ ਭਾਗੀਆਂ ਦਾ ਹੋਣਾ ਜ਼ਰੂਰੀ ਹੈ। ਬਲਾਕ ਪੱਧਰ 'ਤੇ ਪਹਿਲੇ ਸਥਾਨ 'ਤੇ ਆਉਣ ਵਾਲੇ ਜੇਤੂ ਹੀ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਭਾਗ ਲੈਣਗੇ।

ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ਮੁਕਾਬਲੇ ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਰਾਜ ਪੱਧਰੀ ਮੁਕਾਬਲੇ 'ਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ਦੇ ਜੇਤੂ ਨੂੰ ਕੋਈ ਇਨਾਮ ਨਹੀਂ ਦਿੱਤਾ ਜਾਵੇਗਾ। ਜਦ ਕਿ ਜ਼ਿਲ੍ਹਾ ਪੱਧਰ ਦੇ ਜੇਤੂਆਂ ਨੂੰ 5,000 ਪਹਿਲਾ, ਦੂਜੇ ਨੂੰ 2000 ਤੇ ਤੀਜੇ ਨੰਬਰ 'ਤੇ ਆਉਣ ਵਾਲੇ ਨੂੰ 1000 ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। 

ਰਾਜ ਪੱਧਰ 'ਤੇ ਹੋਣ ਵਾਲੇ ਮੁਕਾਬਲੇ 'ਚ ਪਹਿਲਾ ਇਨਾਮ 25,000, ਦੂਜਾ 10,000 ਤੇ ਤੀਜੇ ਜੇਤੂ ਨੂੰ 5000 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।