ਛੋਟੀ ਰਾਵੀ ਬਣੇ ਪੁਲ ਦੀ ਹਾਲਤ ਖਸਤਾ, ਕਦੇ ਵੀ ਹੋ ਸਕਦਾ ਹੈ ਹਾਦਸਾ

Last Updated: Dec 07 2017 19:40

ਸਟੇਟ ਹਾਈਵੇ ਜੋ ਕਿ ਪਰਮਾਨੰਦ ਤੋਂ ਹੋਕੇ ਤਾਰਾਗੜ੍ਹ ਅਤੇ ਕਥਲੋਰ ਤੋਂ ਹੋਕੇ ਜੰਮੂ ਕਸ਼ਮੀਰ ਨਾਲ ਜੋੜਿਆ ਗਿਆ ਹੈ ਦਾ ਨਿਰਮਾਣ ਕਾਰਜ ਜਿੱਥੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਉੱਥੇ ਹੀ ਇਸ ਮਾਰਗ ਉੱਪਰ ਕਥਲੌਰ ਪੁਲ ਦੇ ਨੇੜੇ ਛੋਟੀ ਰਾਵੀ ਨਦੀ ਉੱਪਰ ਪੁਲ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਦੇ ਨਾਲ ਕਦੇ ਵੀ ਕੋਈ ਵੀ ਵੱਢਾ ਹਾਦਸਾ ਵਾਪਰ ਸਕਦਾ ਹੈ। ਇਸ ਰੋਡ 'ਤੇ ਕਰੈਸ਼ਰ ਇੰਡਸਟਰੀ ਨੂੰ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਇਸ ਦੇ ਇਲਾਵਾ ਓਵਰਲੋਡ ਵਾਹਨ ਵੀ ਇਸੇ ਰਸਤੇ ਤੋਂ ਹੋਕੇ ਲੰਘਦੇ ਹਨ। ਇਸ ਪੁਲ ਦੀ ਹਾਲਤ ਦੀ ਗਲ ਕੀਤੀ ਜਾਵੇ ਤਾਂ ਇਸ ਦੀ ਰੇਲਿੰਗ ਦੋਵੇਂ ਪਾਸੇ ਤੋਂ ਪੂਰੀ ਤਰਾਂ ਨਾਲ ਟੁੱਟ ਚੁੱਕੀ ਹੈ ਅਤੇ ਪੁਲ ਉੱਪਰ ਵੱਡਿਆਂ ਦਰਾਰਾਂ ਆ ਚੁੱਕਿਆਂ ਹਨ ਅਤੇ ਗਹਿਰੇ ਟੋਏ ਵੀ ਬਣ ਚੁੱਕੇ ਹਨ। ਇਸ ਪੁਲ ਤੋਂ ਹਰ ਸ਼ਖਸ ਡਰ ਦਾ ਹੋਇਆ ਲੰਘਦਾ ਹੈ। ਪਰ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰਦਾ ਨਜ਼ਰ ਆ ਰਿਹਾ ਹੈ ਕਿਉਂਕਿ ਪੁਲ ਦੀ ਹਾਲਤ ਇੰਨੀ ਖ਼ਰਾਬ ਹੋਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਾ ਤਾਂ ਇਸ ਨੂੰ ਨਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਾ ਹੀ ਇਸ ਦੀ ਰਿਪੇਅਰ ਦਾ ਕੋਈ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। 

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਪੁਲ ਤੋਂ ਵੱਡੇ ਵਾਹਨਾਂ ਸਣੇ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਲਗਦੀਆਂ ਹਨ ਅਤੇ ਪੁਲ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਣ ਕਾਰਨ ਕਿਸੇ ਮੌਕੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਹੋਏ ਫੋਰਨ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋਂ ਟਾਲਿਆ ਜਾ ਸਕੇ।