ਕੁੱਟ-ਕੁਟਾਪੇ ਤੇ ਕੁੱਤੇ-ਖਾਣੀ ਤੋਂ ਬਿਨਾਂ ਨਹੀਂ ਅਸੀਂ ਹੋਣ ਦਿੰਦੇ ਕੋਈ ਵੋਟਾਂ (ਵਿਅੰਗ)

Last Updated: Dec 07 2017 16:47

ਲਓ ਜੀ ਇੱਕ ਵਾਰ ਪੰਜਾਬ ਵਿੱਚ ਫਿਰ ਤੋਂ ਵੋਟਾਂ ਦਾ ਮਾਹੌਲ ਹੈ। ਭਾਵੇਂ ਵੋਟਾਂ ਛੋਟੀਆਂ ਤੇ ਘੱਟ ਥਾਵਾਂ ਤੇ ਹਨ ਪਰ ਸਾਡੇ ਲੀਡਰ ਇਸ ਮੌਕੇ ਨੂੰ ਵੀ ਕੁੱਟ-ਕੁਟਾਪੇ ਤੇ ਕੁੱਤੇ-ਖਾਣੀ ਕੀਤੇ ਬਿਨਾਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਹਨ। ਇਸੇ ਦਾ ਨਤੀਜਾ ਹੈ ਕਿ ਕੱਲ੍ਹ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਦੇ ਨਾਮਜ਼ਦਗੀਆਂ ਦੇ ਆਖਰੀ ਦਿਨ ਚਾਰ ਥਾਵਾਂ ਤੇ ਕਾਂਗਰਸੀਆਂ ਅਤੇ ਅਕਾਲੀਆਂ ਦੇ ਵਿੱਚ ਇੱਕ-ਦੂਜੇ ਨਾਲ ਡਾਂਗ ਸੋਟਾ ਖੜਕਿਆ ਤੇ ਸੱਤਾ ਤੋਂ ਬਾਹਰ ਹੋਏ ਵਿਚਾਰੇ ਅਕਾਲੀਆਂ ਨੂੰ ਕਈ ਥਾਵਾਂ ਤੇ ਭਾਰੀ ਕੁੱਟਮਾਰ ਸਹਿਣ ਕਰਨੀ ਪਈ ਹੈ। ਪਰ ਜਿਵੇਂ ਕਹਿੰਦੇ ਨੇ ਵੀ ਜਿਸਕੀ ਲਾਠੀ ਉਸਕੀ ਭੈਂਸ, ਤਾਂ ਪੰਜਾਬ ਵਿੱਚ ਇਹ ਲੋਕਲ ਚੋਣਾਂ ਹਰ ਵਾਰ ਹੀ ਸੱਤਾਧਿਰ ਦੇ ਡੰਡੇ ਦੇ ਇਸ਼ਾਰੇ ਤੇ ਹੀ ਹੁੰਦੀਆਂ ਆ ਰਹੀਆਂ ਹਨ। ਪਿਛਲੇ 10 ਸਾਲ ਇਹਨਾਂ ਸਭ ਥਾਵਾਂ ਤੇ ਅਕਾਲੀ-ਭਾਜਪਾ ਨੇ ਆਪਣਾ ਡੰਡਾ ਫੇਰ ਕੇ ਜਿੱਤ ਹਾਸਲ ਕੀਤੀ ਸੀ ਤੇ ਇਸ ਵਾਰ ਉਹ ਡੰਡਾ ਕਾਂਗਰਸੀਆਂ ਨੇ ਆਪਣੇ ਹੱਥ ਫੜ ਲਿਆ ਹੈ। ਇਹ ਕੰਮ ਕੋਈ ਨਵਾਂ ਨਹੀਂ ਤੇ ਹਰ ਵਾਰ ਇੱਕ ਧਿਰ ਵੱਲੋਂ ਦੂਜੀ ਧਿਰ ਤੇ ਇਲਜਾਮ ਲਗਾਉਣੇ ਜਾਰੀ ਹੀ ਰਹਿੰਦੇ ਹਨ। ਅਜਿਹੇ ਦੇ ਵਿੱਚ ਸੂਬੇ ਦਾ ਚੋਣ ਕਮਿਸ਼ਨ ਵੀ ਸਭ ਕੁਝ ਦੇਖਣ ਦੇ ਬਾਵਜੂਦ ਅੱਖਾਂ ਤੇ ਪੱਟੀ ਬੰਨ੍ਹ ਕੇ ਹੈ ਬੈਠਣਾ ਪਸੰਦ ਕਰਦਾ ਹੈ।

ਫ਼ਿਰੋਜ਼ਪੁਰ ਜ਼ਿਲ੍ਹੇ ਦਾ ਕਸਬਾ ਮੱਲਾਂਵਾਲਾ ਤੇ ਮੱਖੂ, ਮੋਗਾ ਦਾ ਕਸਬਾ ਬਾਘਾਪੁਰਾਣਾ ਅਤੇ ਪਟਿਆਲਾ ਦਾ ਘਨੌਰ ਵੀ ਕੱਲ੍ਹ ਇਸੇ ਪ੍ਰਕਾਰ ਦੀ ਹਿੰਸਾ ਦੇ ਗਵਾਹ ਬਣੇ ਹਨ। ਇਸ ਤੋਂ ਇਲਾਵਾ ਭਾਵੇਂ ਬਾਕੀ ਥਾਵਾਂ ਤੇ ਕੋਈ ਅਜਿਹੀ ਵੱਡੀ ਘਟਨਾ ਨਾ ਹੋਈ ਹੋਵੇ ਪਰ ਅੰਦਰਖਾਤੇ ਬਹੁਤ ਕੁਝ ਜਾਰੀ ਹੈ। ਇਸ ਸਭ ਦੇ ਵਿੱਚ ਹੁਣ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਅੱਜ ਧਰਨੇ ਦੇਣ ਦੀ ਸ਼ੁਰੂਆਤ ਕੀਤੀ ਹੋਈ ਹੈ। ਇਹਨਾਂ ਆਗੂਆਂ ਵੱਲੋਂ ਕਾਂਗਰਸ ਉੱਤੇ ਇਲਜਾਮਾਂ ਦੀ ਝੜੀ ਲੱਗ ਰਹੀ ਹੈ ਪਰ ਦਿਲੋਂ ਉਹ ਵੀ ਜਾਣਦੇ ਹਨ ਕੇ ਅਜਿਹਾ ਕੁਝ ਉਨ੍ਹਾਂ ਦੇ ਆਪਣੇ ਰਾਜ ਵਿੱਚ ਵੀ ਹੁੰਦਾ ਰਿਹਾ ਹੈ। ਅਸਲ ਦੇ ਵਿੱਚ ਜੋ ਬੀਜਿਆ ਜਾਂਦਾ ਉਹੀ ਵੱਢਣਾ ਪੈਂਦਾ ਹੈ ਤੇ ਪਹਿਲਾਂ ਅਕਾਲੀਆਂ ਨੇ ਜੋ ਬੀਜਿਆ ਉਹ ਹੁਣ ਵੱਢ ਰਹੇ ਨੇ ਤੇ ਕਾਂਗਰਸੀ ਉਸ ਨੂੰ ਨਵੇਂ ਸਿਰੇ ਤੋਂ ਬੀਜ ਰਹੇ ਹਨ। ਅਜਿਹਾ ਹੀ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਜੇਕਰ ਅੱਗੇ ਵੀ ਚੱਲਿਆ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਦਰਅਸਲ ਸਾਡੇ ਸਿਆਸੀ ਆਗੂਆਂ ਨੂੰ ਜਾਪਦਾ ਹੈ ਕਿ ਜਿਸ ਦੀ ਸਰਕਾਰ ਹੈ ਉਸ ਨੂੰ ਹੀ ਲੋਕਲ ਸੱਤਾ ਤੇ ਕਾਬਜ ਹੋਣਾ ਚਾਹੀਦਾ ਹੈ ਕਿਉਂਕਿ ਇਸੇ ਤਰ੍ਹਾਂ ਹੀ ਤਾਂ ਸਭ ਛੋਟੇ-ਮੋਟੇ ਆਗੂਆਂ ਨੂੰ ਕੋਈ ਅਹੁਦੇ ਵਾਲਾ ਖਿਡੌਣਾ ਦੇ ਕੇ ਖ਼ੁਸ਼ ਕੀਤਾ ਜਾ ਸਕਦਾ ਹੈ। ਬਾਕੀ ਇੱਕ ਗੱਲ ਪੱਕੀ ਹੈ ਵੀ ਕੁੱਤੇ-ਖਾਣੀ ਤੇ ਇੱਟ-ਕੁੱਤੇ ਤੋਂ ਬਿਨਾਂ ਅਸੀਂ ਵੋਟਾਂ ਨੀ ਹੋਣ ਦੇਣੀਆਂ, ਐਵੇਂ ਜੇ ਵੋਟਾਂ 'ਚ ਦੋ-ਚਾਰ ਫਾਇਰ ਨਾ ਹੋਏ ਤੇ ਦੋ-ਚਾਰ ਦੇ ਸੱਟਾਂ ਨਾ ਵੱਜੀਆਂ ਤਾਂ ਫਿਰ ਲੀਡਰਾਂ ਦੀ ਮੁੱਛ ਕਿਵੇਂ ਖੜੀ ਰਹੂਗੀ।

ਬਾਕੀ ਸਾਡੇ ਵੋਟਰ ਸਭ ਜਾਣਦੇ ਹਨ ਪਰ ਚੁੱਪ-ਚਾਪ ਰਹਿ ਕੇ ਦੇਖਣਾ ਪਸੰਦ ਕਰਦੇ ਹਨ। ਲੋਕਲ ਚੋਣਾਂ ਵਿੱਚ ਬਹੁਤੀ ਵਾਰ ਤਾਂ ਲੋਕਾਂ ਨੂੰ ਵੋਟ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ ਕਿਉਂਕਿ ਪਹਿਲਾਂ ਹੀ ਜ਼ੋਰ ਚਲਾਉਣ ਵਾਲਾ ਉਮੀਦਵਾਰ ਕਿਸੇ ਹੀਲੇ ਵਸੀਲੇ ਸਿਧ ਜੇਤੂ ਬਣ ਚੁੱਕਿਆ ਹੁੰਦਾ ਤੇ ਵੋਟਾਂ ਦੀ ਜਰੂਰਤ ਹੀ ਨਹੀਂ ਰਹਿੰਦੀ। ਜੇਕਰ ਕਿਸੇ ਲੋਕ ਚੋਣਾਂ ਵਿੱਚ ਮਾਮਲਾ ਵੋਟਿੰਗ ਤੱਕ ਜਾਂਦਾ ਹੈ ਤਾਂ ਫਿਰ ਜਿਆਦਤਰ ਕੇਸਾਂ ਵਿੱਚ ਵੋਟਿੰਗ ਕਿਵੇਂ ਹੁੰਦੀ ਹੈ ਇਹ ਸਭ ਜਾਣਦੇ ਹਨ। ਇਹੀ ਕਾਰਨ ਹੈ ਕਿ ਪੰਜਾਬ ਦੀ ਰਾਜਨੀਤੀ ਛੋਟੇ ਪੱਧਰ ਤੋਂ ਹੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਵੱਡੇ ਪੱਧਰ ਤੱਕ ਪਹੁੰਚਦੇ-ਪਹੁੰਚਦੇ ਮਾਮਲੇ ਇਸ ਕਦਰ ਉਲਝ ਜਾਂਦੇ ਹਨ ਕਿ ਵਿਕਾਸ ਅਤੇ ਲੋਕ ਸਮੱਸਿਆਵਾਂ ਦੇ ਹੱਲ ਕਿਤੇ ਉੱਡ-ਪੁੱਡ ਹੀ ਜਾਂਦੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।