ਪੁਲਿਸ ਨੇ ਕੀਤਾ ਸੀ ਬਲਾਤਕਾਰ ਦਾ ਝੂਠਾ ਪਰਚਾ ਦਰਜ, ਦੋ ਬਰੀ

Manjinder Bittu
Last Updated: Dec 07 2017 15:32

ਐਡੀਸ਼ਨਲ ਸੈਸ਼ਨ ਜੱਜ ਡਾਕਟਰ ਰਜਨੀਸ਼ ਦੀ ਅਦਾਲਤ ਨੇ ਪਿੰਡ ਅਜਨੌਦਾਂ ਕਲਾਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਅਤੇ ਪਿੰਡ ਖੇੜੀ ਧੀਮਾਂ ਦੇ ਰਹਿਣ ਵਾਲੇ ਹਰਮੇਸ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ ਬਲਾਤਕਾਰ ਦੇ ਇੱਕ ਸੰਗੀਨ ਮੁਕੱਦਮੇ 'ਚੋਂ ਉਨ੍ਹਾਂ ਦੇ ਸੀਨੀਅਰ ਵਕੀਲ ਸਤੀਸ਼ ਕਰਕਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰੀ ਕਰ ਦਿੱਤਾ ਹੈ। ਮੁਕੱਦਮੇ ਦੇ ਟਰਾਇਲ ਦੇ ਦੌਰਾਨ ਸਤੀਸ਼ ਕਰਕਰਾ ਇਹ ਸਾਬਤ ਕਰਨ ਵਿੱਚ ਕਾਮਯਾਬ ਹੋ ਗਏ ਕਿ ਪੁਲਿਸ ਨੇ ਉਕਤ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਫ਼ਿੱਟ ਕਰ ਦਿੱਤਾ ਸੀ।

ਅਦਾਲਤੀ ਫ਼ੈਸਲੇ ਉਪਰੰਤ ਗੱਲਬਾਤ ਕਰਦਿਆਂ ਸੀਨੀਅਰ ਵਕੀਲ ਸਤੀਸ਼ ਕਰਕਰਾ ਨੇ ਗੁਰਪ੍ਰੀਤ ਸਿੰਘ ਅਤੇ ਹਰਮੇਸ਼ ਸਿੰਘ ਦੇ ਬਰੀ ਹੋ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਉਕਤ ਦੋਹਾਂ ਨੌਜਵਾਨਾਂ ਦੇ ਖ਼ਿਲਾਫ਼ ਥਾਣਾ ਸਮਾਣਾ ਪੁਲਿਸ ਨੇ ਸੁਖਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਤਲਵੰਡੀ ਮਲਿਕ ਦੀ ਸ਼ਿਕਾਇਤ 'ਤੇ ਬਲਾਤਕਾਰ ਦਾ ਪਰਚਾ ਦਰਜ ਕੀਤਾ ਸੀ।

ਕ੍ਰਿਮੀਨਲ ਕੇਸਾਂ ਦੇ ਮਾਹਰ ਉਕਤ ਵਕੀਲ ਨੇ ਦੱਸਿਆ ਕਿ 21 ਜੁਲਾਈ, 2017 ਨੂੰ ਥਾਣਾ ਸਮਾਣਾ ਪੁਲਿਸ ਵੱਲੋਂ ਦਰਜ ਕੀਤੇ ਗਏ ਉਕਤ ਮੁਕੱਦਮੇ ਅਨੁਸਾਰ ਸੁਖਵਿੰਦਰ ਕੌਰ ਦੀ ਨਾਬਾਲਗ ਕੁੜੀ ਸੋਨੀਆ (ਅਸਲੀ ਨਾਮ ਨਹੀਂ) ਬਲਾਤਕਾਰ ਦਾ ਸ਼ਿਕਾਰ ਹੋ ਗਈ ਸੀ। ਪੁਲਿਸ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਲਾਤਕਾਰੀਆਂ ਨੂੰ ਫੜਨ ਵਿੱਚ ਨਾਕਾਮ ਰਹੀ ਸੀ। ਜਿਸ ਦੇ ਚਲਦਿਆਂ ਪੁਲਿਸ ਨੇ ਉਕਤ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਬਲਾਤਕਾਰ ਦਾ ਪਰਚਾ ਦਰਜ ਕੀਤਾ ਸੀ। ਬਾਅਦ ਵਿੱਚ ਪੁਲਿਸ ਨੇ ਉਕਤ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਅਤੇ ਹਰਮੇਸ਼ ਸਿੰਘ ਨੂੰ ਨਾਮਜਦ ਕਰ ਦਿੱਤਾ।

ਮੁਕੱਦਮੇ ਦੇ ਟਰਾਇਲ ਅਤੇ ਬਹਿਸ ਦੇ ਦੌਰਾਨ ਪੁਲਿਸ ਦੀ ਘੜੀ ਕਹਾਣੀ ਦੇ ਪਰਖ਼ੱਚੇ ਉੜਾ ਕੇ ਰੱਖ ਦਿੱਤੇ। ਬਹਿਸ ਦੇ ਦੌਰਾਨ ਉਨ੍ਹਾਂ ਸਾਬਤ ਕਰ ਦਿੱਤਾ ਕਿ, ਕਿਉਂਕਿ ਪੁਲਿਸ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਨਹੀਂ ਸੀ ਹੋ ਸਕੀ, ਇਸ ਲਈ ਪੁਲਿਸ ਨੇ ਮਹਿਜ਼ ਖਾਨਾਪੂਰਤੀ ਕਰਨ ਲਈ ਉਨ੍ਹਾਂ ਦੇ ਮੁਵੱਕਿਲਾਂ ਨੂੰ ਮੁਕੱਦਮੇ ਵਿੱਚ ਫ਼ਿੱਟ ਕਰਕੇ ਉਨ੍ਹਾਂ ਦੀ ਜਿੰਦਗੀ ਬਰਬਾਦ ਕਰਕੇ ਰੱਖ ਦਿੱਤੀ।

ਮੁਕੱਦਮੇ ਦੇ ਟਰਾਇਲ ਦੇ ਦੌਰਾਨ ਪੁਲਿਸ ਦੋਹਾਂ ਨੌਜਵਾਨਾਂ ਦੇ ਖ਼ਿਲਾਫ਼ ਅਜਿਹਾ ਕੋਈ ਵੀ ਸਬੂਤ ਜਾਂ ਗਵਾਹ ਪੇਸ਼ ਨਹੀਂ ਕਰ ਸਕੀ ਜਿਹੜੇ ਵਕੀਲ ਸਤੀਸ਼ ਕਰਕਰਾ ਦੀਆਂ ਦਲੀਲਾਂ ਨੂੰ ਕੱਟਦਿਆਂ ਗੁਰਪ੍ਰੀਤ ਸਿੰਘ ਅਤੇ ਹਰਮੇਸ਼ ਸਿੰਘ ਤੇ ਲਗਾਏ ਗਏ ਇਲਜ਼ਾਮਾਤ ਨੂੰ ਸੱਚ ਸਾਬਤ ਕਰ ਸਕੇ। ਲਿਹਾਜਾ ਅਦਾਲਤ ਨੇ ਐਡਵੋਕੇਟ ਸਤੀਸ਼ ਕਰਕਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਹਾਂ ਨੂੰ ਨੌਜਵਾਨਾਂ ਨੂੰ ਬਰੀ ਕਰ ਦਿੱਤਾ।