ਕਿਤੇ 'ਸੁੱਕੀ' ਹੀ 'ਝੰਡੀ' ਨਾ ਪੁੱਟ ਲੈਣ ਕਾਂਗਰਸੀ..!

Last Updated: Dec 07 2017 15:30

ਦੋਸਤੋਂ, ਤੁਹਾਨੂੰ ਪਤਾ ਹੀ ਹੈ ਕਿ ਨਗਰ ਪੰਚਾਇਤ ਦੀਆਂ ਚੋਣਾਂ 17 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਜਿਸ ਦਾ ਬੀਤੇ ਦਿਨ ਨਾਮਜ਼ਦਗੀ ਫਾਰਮ ਭਰਨ ਦਾ ਆਖ਼ਰੀ ਦਿਨ ਸੀ। ਪਰ ਬੀਤੇ ਦਿਨ ਜੋ ਮੱਲਾਂਵਾਲਾ ਵਿਖੇ ਘਟਨਾ ਵਾਪਰੀ ਉਸ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਇਸ ਵਾਰ ਨਗਰ ਪੰਚਾਇਤ ਦੀਆਂ ਚੋਣਾਂ 'ਚ ਕਾਂਗਰਸੀ 'ਸੁੱਕੀ' ਹੀ ਝੰਡੀ ਪੁੱਟਣ ਦੀ ਸੋਚ ਰਹੇ ਹਨ। ਕਿਉਂਕਿ ਬੀਤੇ ਦਿਨ ਇੱਕ ਵੀ ਅਕਾਲੀ ਦਲ ਦੇ ਉਮੀਦਵਾਰ ਦੀ ਨਾਮਜ਼ਦਗੀ ਦਾਖਲ ਨਹੀਂ ਹੋ ਸਕੀ। 

ਦੋਸਤੋਂ, ਮੱਲਾਂਵਾਲਾ-ਮੱਖੂ ਨਗਰ ਪੰਚਾਇਤ ਦੀਆਂ ਚੋਣਾਂ ਤੋਂ ਪਹਿਲੋਂ ਹੀ ਵਾਪਰ ਰਹੀਆਂ ਅਲੱਗ-ਅਲੱਗ ਕਿਸਮ ਦੀਆਂ ਘਟਨਾਵਾਂ ਤੋਂ ਬਾਅਦ ਇਹ ਚੋਣਾਂ ਹੁਣ ਲੋਕ ਸਭਾ ਜਾਂ ਫਿਰ ਵਿਧਾਨ ਸਭਾ ਤੋਂ ਕਿਤੇ ਜ਼ਿਆਦਾ ਦਿਲਚਸਪ ਬਣ ਚੁੱਕੀਆਂ ਹਨ। ਇਸ ਵਾਰ ਚੋਣ ਮੈਦਾਨ ਵੋਟਾਂ ਮੰਗਣ ਕਰਕੇ ਨਹੀਂ ਭਖਿਆ, ਸਗੋਂ ਪੁਲਿਸ ਵੱਲੋਂ ਫੜੋ-ਫੜੀ ਅਤੇ ਕਾਰਜ ਸਾਧਕ ਅਫ਼ਸਰਾਂ ਵੱਲੋਂ ਐਨ.ਓ.ਸੀ ਨਾ ਦੇਣ ਜਿਹੀਆਂ ਗਰਮਾਈਆਂ ਕਾਰਵਾਈਆਂ ਕਰਕੇ ਕੜਾਕੇ ਦੀ ਠੰਢ ਵਿੱਚ ਹਰੇਕ ਨੂੰ ਗਰਮਾਇਸ਼ ਦੇ ਰਿਹਾ ਹੈ। ਹਾਲਾਤ ਇੰਨੇ ਤਣਾਅਪੂਰਨ ਬਣੇ ਹੋਏ ਹਨ ਕਿ ਕਾਂਗਰਸੀ ਜਿੱਥੇ ਹਿੱਕ ਤਾਣ ਕੇ ਚੱਲ ਰਹੇ ਹਨ, ਉੱਥੇ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ ਸਥਾਨਕ ਸਿਰਕੱਢ ਬਹੁਤੇ ਆਗੂ ਅੱਖਾਂ ਵਿੱਚ ਪਾਏ ਨਾ ਰੜਕਣ ਵਾਂਗ ਏਧਰ-ਓਧਰ ਹੋ ਸਮਾਂ ਲੰਘਾਉਂਦੇ ਨਜ਼ਰ ਆ ਰਹੇ ਹਨ।

ਅਸਲੀਅਤ ਤਾਂ ਇਹ ਹੈ ਕਿ ਕਾਂਗਰਸ ਪਾਰਟੀ ਕੋਲੋਂ ਤਾਂ ਟਿਕਟ ਹਾਸਲ ਕਰਕੇ ਉਮੀਦਵਾਰ ਬਣਨ ਵਾਲਿਆਂ ਦੀ ਭੀੜ ਵਿੱਚ ਲੜਾਈ ਉਮੀਦਵਾਰ ਬਣਨ ਦੀ ਹੋ ਰਹੀ ਸੀ, ਜਦੋਂਕਿ ਵਿਰੋਧੀ ਪਾਰਟੀਆਂ ਨੂੰ ਸਮੂਹ ਹਲਕਿਆਂ ਤੋਂ ਚੋਣਾਂ ਲੜਾਉਣ ਲਈ ਭਰੋਸੇ ਵਾਲੇ ਯੋਗ ਉਮੀਦਵਾਰ ਨਹੀਂ ਲੱਭੇ। ਤਦੇ ਤਾਂ ਸਮੂਹ ਪਾਰਟੀਆਂ ਵੱਲੋਂ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ ਉਮੀਦਵਾਰ ਹੀ ਨਹੀਂ ਐਲਾਨੇ ਗਏ। ਜੇ ਕੋਈ ਉਮੀਦਵਾਰ ਐਲਾਨਿਆ ਵੀ ਗਿਆ ਤਾਂ ਉਸ ਨੂੰ ਐਨ.ਓ.ਸੀ ਹੀ ਨਹੀਂ ਮਿਲੀ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਐਨ.ਓ.ਸੀ ਲੈਣ ਅਤੇ ਵੋਟਰ ਸੂਚੀਆਂ ਦੀ ਪ੍ਰਾਪਤੀ ਨਾ ਹੋਣ ਦੇ ਰੌਲੇ ਵਿੱਚ ਹੀ ਚੋਣਾਂ ਖ਼ਤਮ ਹੋ ਜਾਣਗੀਆਂ।

ਮੌਜੂਦਾ ਹਾਲਾਤ 'ਤੇ ਸਰਸਰੀ ਨਜ਼ਰ ਮਾਰੀਏ ਤਾਂ ਲੱਗਦਾ ਕਾਂਗਰਸ ਸੁੱਕੀ ਝੰਡੀ ਪੁੱਟਣ ਨੂੰ ਫਿਰਦੀ ਐ, ਕਿਉਂਕਿ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਆਖ਼ਰੀ ਤਰੀਕ 6 ਦਸੰਬਰ ਸੀ। ਪਰ ਸਮੂਹ ਰਾਜ ਪਾਰਟੀਆਂ ਨੇ 5 ਦਸੰਬਰ ਸ਼ਾਮ ਤੱਕ ਉਮੀਦਵਾਰਾਂ ਦੀਆਂ ਸੂਚੀਆਂ ਤੱਕ ਜਾਰੀ ਨਹੀਂ ਕੀਤੀਆਂ ਸਨ। ਬੀਤੇ ਦਿਨ ਸਵੇਰੇ ਕਰੀਬ 10 ਵਜੇ ਮੱਲਾਂਵਾਲਾ ਅਤੇ ਮੱਖੂ ਵਿਖੇ ਫ਼ਿਰੋਜ਼ਪੁਰ ਦੇ ਚਾਰਾਂ ਹਲਕਿਆਂ ਤੋਂ ਅਕਾਲੀ-ਭਾਜਪਾ ਦੇ ਸਾਬਕਾ ਵਿਧਾਇਕ ਅਤੇ ਹੋਰ ਉੱਚ ਲੀਡਰਾਂ ਨੇ ਦੋਵੇਂ ਕਸਬਿਆਂ ਵਿੱਚ ਆਪਣਾ ਡੇਰਾ ਜਮਾਇਆ। ਇਸ ਦੌਰਾਨ ਨਾਮਜ਼ਦਗੀ ਫਾਰਮ ਭਰਨ ਤੋਂ ਪਹਿਲੋਂ ਹੀ ਅਕਾਲੀ ਕਾਂਗਰਸੀਆਂ ਵਿੱਚ ਝੜਪ ਹੋ ਗਈ। ਜਿਸ ਕਾਰਨ ਅਕਾਲੀਆਂ ਦੀਆਂ ਗੱਡੀਆਂ ਨੁਕਸਾਨੀਆਂ ਗਈਆਂ ਜਦੋਂਕਿ ਇੱਕ ਅਕਾਲੀ ਆਗੂ ਦੇ ਗੋਲੀ ਦੇ ਛੱਰ੍ਹੇ ਵੀ ਲੱਗੇ। ਜਿਸ ਕਾਰਨ ਮੱਲਾਂਵਾਲਾ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਮੌਕਾ ਸੰਭਾਲ ਕੇ ਫ਼ਰਾਰ ਹੋ ਗਏ ਅਤੇ ਕਾਂਗਰਸੀ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਭਰਨ ਦਾ ਖੁੱਲ੍ਹਾ ਮੌਕਾ ਮਿਲ ਗਿਆ। 

ਬੀਤੇ ਕੱਲ੍ਹ ਹੋਈ ਝੜਪ 'ਚ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਕਾਂਗਰਸੀਆਂ ਨਾਲ ਕਥਿਤ ਰੂਪ ਵਿੱਚ ਪੰਜਾਬ ਪੁਲਿਸ ਮਿਲੀ ਹੋਈ ਹੈ। ਕਿਉਂਕਿ ਜਦੋਂ ਕਾਂਗਰਸੀ ਅਕਾਲੀਆਂ ਉੱਪਰ ਇੱਟਾਂ ਰੋੜੇ ਅਤੇ ਫਾਇਰ ਕਰ ਰਹੇ ਸਨ ਤਾਂ ਪੰਜਾਬ ਪੁਲਿਸ ਦੇ ਕਈ ਜਵਾਨ ਕਾਂਗਰਸੀ ਵਰਕਰਾਂ ਨੂੰ ਰੋਕਣ ਦੀ ਬਿਜਾਏ ਇਹ ਕਹਿ ਕੇ ਟਾਲ ਰਹੇ ਸਨ ਕਿ ਵਾਧੂ ਨੁਕਸਾਨ ਕਰ ਦਿੱਤਾ ਹੈ ਹੁਣ ਬੱਸ ਕਰੋ। ਇਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸੀ ਪਹਿਲੋਂ ਹੀ ਪਲਾਨ ਦੇ ਆਧਾਰ 'ਤੇ ਮੱਲਾਂਵਾਲਾ ਅਤੇ ਮੱਖੂ 'ਚ ਪਹੁੰਚੇ ਸਨ, ਜਦੋਂਕਿ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਕਥਿਤ ਰੂਪ ਵਿੱਚ ਆਪਣੇ ਨਾਲ ਮਿਲਾਇਆ ਹੋਇਆ ਸੀ ਤਾਂ ਹੀ ਕਿਸੇ ਕਾਂਗਰਸੀ ਪੱਥਰਬਾਜ਼ 'ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਸਿਰਫ਼ ਮੱਲਾਂਵਾਲਾ ਨਗਰ ਪੰਚਾਇਤ ਲਈ ਕਾਂਗਰਸ ਨੇ 13 ਉਮੀਦਵਾਰਾਂ ਦੀ ਸੂਚੀ ਬੀਤੀ ਸ਼ਾਮ ਤੱਕ ਜਾਰੀ ਕੀਤੀ ਜਾ ਚੁੱਕੀ ਸੀ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਜਾਜ ਨੇ ਵੀ ਮੱਲਾਂਵਾਲਾ-ਮੱਖੂ ਤੋਂ 3-3 ਉਮੀਦਵਾਰ ਐਲਾਨੇ ਸਨ। ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਆਦਿ ਤੀਜਾ ਫ਼ਰੰਟ ਸਿਰਫ਼ ਰੌਲਾ ਪਾਉਣ ਤੱਕ ਹੀ ਸੀਮਤ ਹੋਏ ਨਜ਼ਰ ਆ ਰਹੇ ਹਨ, ਕਿਉਂਕਿ ਉਨ੍ਹਾਂ ਵੱਲੋਂ ਅਜੇ ਤੱਕ ਕਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ, ਸਬੰਧੀ ਕੋਈ ਐਲਾਨ ਨਹੀਂ ਸੀ ਕੀਤਾ ਗਿਆ। 

ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਪੁਲਿਸ ਵੱਲੋਂ ਅਕਾਲੀ ਦਲ ਦੇ ਮੁੱਢਲੇ ਆਗੂ ਚੁੱਕ ਲੈਣ ਨਾਲ ਇਲਾਕੇ ਵਿੱਚ ਪਈ ਦਹਿਸ਼ਤ ਕਾਰਨ ਦੂਜੀ ਕਤਾਰ ਦੇ ਅਕਾਲੀ ਆਗੂ, ਆਮ ਆਦਮੀ ਪਾਰਟੀ ਆਦਿ ਤੀਜੇ ਫ਼ਰੰਟ ਨਾਲ ਸੰਬੰਧਿਤ ਸਿਰਕੱਢ ਆਗੂ ਚੋਣ ਮੈਦਾਨ ਵਿਚੋਂ ਪਾਸਾ ਵੱਟ ਰਹੇ ਹਨ। ਤਦੇ ਤਾਂ ਪਾਰਟੀ ਆਗੂਆਂ ਨੂੰ ਉਮੀਦਵਾਰ ਲੱਭਣ ਵਿੱਚ ਮੁਸ਼ਕਲਾਂ ਆ ਰਹੀ ਸੀ।

ਉਮੀਦਵਾਰ ਐਲਾਨਣ ਵਿੱਚ ਦੇਰੀ ਹੋਣ ਸਬੰਧੀ ਕਾਂਗਰਸ ਮੱਖੂ ਦੇ ਆਗੂ ਵਿਜੇ ਕਾਲੜਾ ਅਤੇ ਮਹਿੰਦਰ ਮੈਦਾਨ ਦਾ ਕਹਿਣਾ ਹੈ ਕਿ ਟਿਕਟ ਪ੍ਰਾਪਤੀ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਉਮੀਦਵਾਰ ਐਲਾਨਣ ਵਿੱਚ ਦਿੱਕਤ ਆਈ ਸੀ ਪਰ ਹੁਣ ਸਭ ਕੁਝ ਹੋ ਚੁੱਕਿਆ ਹੈ। ਇਸੇ ਸਬੰਧ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਿੰਨਾ ਜ਼ੀਰਾ ਦਾ ਕਹਿਣਾ ਹੈ ਕਿ ਐਸੀ ਕੋਈ ਗੱਲ ਨਹੀਂ, ਪੁਲਿਸ ਕਾਂਗਰਸ ਦੀ ਸ਼ਹਿ 'ਤੇ ਅਕਾਲੀ ਦਲ ਦੇ ਸੰਭਾਵਿਤ ਜੇਤੂ ਉਮੀਦਵਾਰਾਂ ਨੂੰ ਚੁੱਕ ਨਾਜਾਇਜ਼ ਪਰਚੇ ਕੱਟਣ ਦੇ ਰਾਹ ਪਈ ਹੋਈ ਹੈ, ਨਾਲੇ ਐਨ.ਓ.ਸੀ ਨਹੀਂ ਦੇ ਰਹੇ।

ਉਮੀਦਵਾਰਾਂ ਦੀ ਚੋਣ ਤਾਂ ਕਰ ਹੀ ਲਈ ਸੀ ਪਰ ਕਾਂਗਰਸੀਆਂ ਦੀ ਸ਼ਹਿ 'ਤੇ ਪੁਲਿਸ ਨੇ ਕਈ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਚੁੱਕ ਕੇ ਉਨ੍ਹਾਂ ਉੱਪਰ ਨਜਾਇਜ਼ ਪਰਚੇ ਦਰਜ ਕਰ ਦਿੱਤੇ ਗਏ, ਜਿਸ ਕਾਰਨ ਉਹ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨ ਜੋ ਘਟਨਾ ਵਾਪਰੀ ਉਹ ਸਭ ਕਾਂਗਰਸੀਆਂ ਦਾ ਸੋਚਿਆ ਸਮਝਿਆ ਪਲਾਨ ਸੀ ਕਿਉਂਕਿ ਉਹ ਤਾਂ ਸ਼ਾਂਤੀ ਪੂਰਵਕ ਨਾਮਜ਼ਦਗੀ ਕਾਗਜ਼ ਭਰਨ ਜਾ ਹੀ ਰਹੇ ਸਨ ਤੇ ਕਾਂਗਰਸੀਆਂ ਵੱਲੋਂ ਇੱਟਾਂ ਰੋੜੇ ਉਨ੍ਹਾਂ ਉੱਪਰ ਚਲਾ ਕੇ ਨਾਲੇ ਤਾਂ ਗੱਡੀਆਂ ਤੋੜ ਦਿੱਤੀਆਂ ਅਤੇ ਨਾਲੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਹ ਮੌਕਾ ਪਾ ਕੇ ਉੱਥੋਂ ਨਿਕਲ ਆਏ। 

ਇਸੇ ਮਾਮਲੇ ਸਬੰਧੀ ਜਦੋਂ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਜ਼ੀਰਾ ਵਿਧਾਇਕ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਪੱਥਰਬਾਜ਼ੀ ਤੇ ਨਾ ਹੀ ਗੋਲੀਆਂ ਚਲਾਈਆਂ ਗਈਆਂ ਹਨ। ਉਲਟਾ ਗੁਰੂਹਰਸਹਾਏ ਹਲਕੇ ਤੋਂ ਵਰਦੇਵ ਸਿੰਘ ਨੋਨੀ ਮਾਨ ਨੇ ਗੁੰਡਾਗਰਦੀ ਵਿਖਾਉਂਦੇ ਹੋਏ ਕਾਂਗਰਸੀ ਵਰਕਰਾਂ 'ਤੇ ਗੋਲੀਆਂ ਚਲਾਈਆਂ ਹਨ। ਜਿਸ ਦੇ ਰੋਸ ਵਜੋਂ ਕਾਂਗਰਸੀ ਵਰਕਰਾਂ ਵੱਲੋਂ ਵੀ ਜਵਾਬ ਦਿੱਤਾ ਗਿਆ। 

ਦੋਸਤੋਂ, ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਜਾਂ ਫਿਰ ਲੋਕ ਸਭਾ ਦੀਆਂ ਚੋਣਾਂ ਤੋਂ ਜ਼ਿਆਦਾ ਦਿਲਚਸਪ ਇਹ ਨਗਰ ਪੰਚਾਇਤ ਦੀਆਂ ਚੋਣਾਂ ਜੋ 17 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਬੀਤੇ ਦਿਨ ਹੋਈ ਝੜਪ ਤੋਂ ਬਾਅਦ ਅਕਾਲੀਆਂ ਦੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕੀਤੇ, ਕਿਉਂਕਿ ਦੇਰ ਸ਼ਾਮ ਤੱਕ ਕਿਸੇ ਨੂੰ ਵੀ ਐਨ.ਓ.ਸੀ ਜਾਰੀ ਹੀ ਨਹੀਂ ਸੀ ਕੀਤੀ ਗਈ। ਜਿਸ ਤੋਂ ਬਾਅਦ ਇਹ ਸਿੱਧ ਹੁੰਦਾ ਹੈ ਕਿ ਕਾਂਗਰਸੀਆਂ ਦੀ ਇਨ੍ਹਾਂ ਚੋਣਾਂ 'ਚ ਜਿੱਤ ਪੱਕੀ ਹੈ। ਕਿਉਂਕਿ ਵਿਰੋਧੀ ਧਿਰ ਦਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉੱਤਰਿਆ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।