ਵੱਧ ਰਿਹੈ "ਇੱਛਾ ਮ੍ਰਿਤਿਊ" ਦਾ ਰੁਝਾਨ : ਅਫਸੋਸ, ਸਾਰੇ ਮ੍ਰਿਤਕ ਕਿਸਾਨ ਨਹੀਂ ਹੁੰਦੇ!!!

Last Updated: Dec 07 2017 15:22

ਕਿਸੇ ਨੇ ਸਹੀ ਹੀ ਕਿਹਾ ਕਿ ਪ੍ਰਮਾਤਮਾ ਕਿਸੇ ਨੂੰ ਗਰੀਬੀ ਤਾਂ ਭਾਵੇਂ ਦੇ ਦੇਵੇ, ਪਰ ਬਦਨਸੀਬੀ ਨਾ ਦੇਵੇ। ਗਰੀਬੀ, ਬੇਰੋਜ਼ਗਾਰੀ, ਮਹਿੰਗਾਈ ਅਤੇ ਕਰਜ਼ਾ ਇਹ ਚਾਰੋ ਪ੍ਰਸਥਿਤੀਆਂ ਇਨਸਾਨੀ ਜ਼ਿੰਦਗੀ ਲਈ ਇੱਕ ਲਾਹਣਤ ਹਨ ਅਤੇ ਉਸਦੀ ਬਦਨਸੀਬੀ ਦਾ ਕਾਰਨ ਵੀ। ਅੱਜ ਇਹਨਾਂ ਚਾਰਾਂ ਹਾਲਾਤਾਂ ਨੇ ਇਨਸਾਨ ਦਾ ਜਿਊਣਾ ਦੂਭਰ ਕੀਤਾ ਹੋਇਆ, ਸ਼ਾਇਦ ਇਹੋ ਇੱਕ ਵੱਡਾ ਕਾਰਨ ਹੈ ਕਿ ਅੱਜ ਬਹੁਤੇ ਲੋਕ ਇਹਨਾਂ ਲਾਹਣਤਾਂ ਦਾ ਸ਼ਿਕਾਰ ਹੋਣ ਕਾਰਨ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ, ਪਰੇਸ਼ਾਨ ਹਨ।

ਦੋਸਤੋ, ਜਦੋਂ ਇਹ ਚਾਰੋ ਲਾਹਣਤਾਂ ਕਿਸੇ ਇਨਸਾਨ ਨੂੰ ਪੂਰੀ ਤਰ੍ਹਾਂ ਨਾਲ ਘੇਰ ਲੈਂਦੀਆਂ ਹਨ ਤਾਂ ਇਹ ਇੱਕ ਤਰ੍ਹਾਂ ਨਾਲ ਉਸ ਇਨਸਾਨ ਦੇ ਜਿਊਣ ਦਾ ਮਕਸਦ ਹੀ ਖ਼ਤਮ ਕਰ ਦਿੰਦੀਆਂ ਹਨ। ਇਹਨਾਂ ਹਾਲਾਤਾਂ ਦਾ ਸ਼ਿਕਾਰ ਬੰਦੇ ਨੂੰ ਆਪਣੀ ਜ਼ਿੰਦਗੀ, ਆਪਣੇ ਭਵਿੱਖ ਵਿੱਚ ਸਿਰਫ਼ ਅਤੇ ਸਿਰਫ਼ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ। ਅਜਿਹੇ ਹਾਲਾਤਾਂ 'ਚੋਂ ਲੰਘ ਰਹੇ ਇਨਸਾਨਾਂ ਨੂੰ ਜਦੋਂ ਹੋਰ ਕੋਈ ਰਾਹ ਨਹੀਂ ਲੱਭਦਾ ਤਾਂ ਉਸ ਕੋਲ ਸਿਰਫ ਤੇ ਸਿਰਫ ਇੱਕੋ ਰਾਹ ਬਚਦਾ ਹੈ, ਜਿਹੜਾ ਉਸਨੂੰ ਇਨ੍ਹਾਂ ਚਾਰੋ ਲਾਹਣਤਾਂ ਤੋਂ ਛੁਟਕਾਰਾ ਦਿਲਵਾ ਸਕਦਾ ਹੈ, ਤੇ ਉਹ ਹੈ "ਇੱਛਾ ਮ੍ਰਿਤਿਊ", ਯਾਨੀ ਕਿ ਆਤਮਹੱਤਿਆ ਦਾ ਰਾਹ।

ਪਰ ਦੋਸਤੋ, ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਵਿੱਚ ਜਦੋਂ ਕੋਈ ਕਿਸਾਨ ਆਤਮਹੱਤਿਆ ਕਰਦਾ ਹੈ ਤਾਂ ਸਾਰਾ ਮੀਡੀਆ ਤੇ ਸਰਕਾਰ ਦੀਆਂ ਵਿਰੋਧੀ ਧਿਰਾਂ ਉਸਦੀ ਮੌਤ ਨੂੰ ਵੱਡਾ ਬਣਾ ਕੇ ਪੇਸ਼ ਕਰਦੀਆਂ ਹਨ, ਤੇ ਸਰਕਾਰਾਂ ਵੀ ਆਪਣੀ ਸਾਖ ਅਤੇ ਵੋਟਾਂ ਬਚਾਉਣ ਲਈ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮਾਫ ਕਰਨ ਦੇ ਨਾਲ-ਨਾਲ ਉਸ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਦਾ ਐਲਾਨ ਵੀ ਕਰ ਦਿੰਦੀਆਂ ਹਨ, ਪਰ ਅਫਸੋਸ !!! ਜਦੋਂ ਕੋਈ ਗੈਰ ਕਿਸਾਨ ਉਕਤ ਲਾਹਨਤਾਂ ਨਾਲ ਲੜਦਾ ਹੋਇਆ "ਇੱਛਾ ਮ੍ਰਿਤਿਊ" ਦੇ ਰਾਹ ਨੂੰ ਅਪਣਾਉਂਦਾ ਹੈ ਤਾਂ ਉਹ ਪੁਲਿਸ ਦੀਆਂ ਫਾਇਲਾਂ ਵਿੱਚ ਮਹਿਜ਼ ਸੀ.ਆਰ.ਪੀ.ਸੀ ਦੀ ਧਾਰਾ 174 ਦੀ ਕਾਰਵਾਈ ਦਾ ਕੇਸ ਬਣ ਕੇ ਰਹਿ ਜਾਂਦਾ ਹੈ। ਉਸ ਨੂੰ ਨਾ ਤਾਂ ਵਿਰੋਧੀ ਧਿਰਾਂ ਪੁੱਛਦੀਆਂ ਹਨ, ਨਾ ਸਰਕਾਰਾਂ ਤੇ ਨਾ ਹੀ ਮੀਡੀਆ ਹੀ ਉਸਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਾ ਹੈ। ਇਸ ਨੂੰ ਸਮਝਣ ਲਈ ਆਪਾਂ ਨੂੰ ਪਿਛਲੇ ਦਿਨਾਂ ਅੰਦਰ ਘਟੀਆਂ ਕੁਝ ਆਤਮਹੱਤਿਆ ਦੀਆਂ ਘਟਨਾਵਾਂ ਤੇ ਨਜ਼ਰਸਾਨੀ ਕਰਨ ਦੀ ਲੋੜ ਹੈ।

ਗੱਲ ਜੇਕਰ ਸਿਰਫ ਜ਼ਿਲ੍ਹਾ ਪਟਿਆਲਾ ਦੀ ਹੀ ਕਰੀਏ ਤਾਂ ਲੰਘੇ ਮਹੀਨੇ, ਯਾਨੀ ਨਵੰਬਰ ਮਹੀਨੇ ਦੇ ਦੌਰਾਨ ਹੀ ਲਗਭਗ ਇੱਕ ਦਰਜਨ ਬੰਦੇ ਅਤੇ ਔਰਤਾਂ ਇਹਨਾਂ ਲਾਹਣਤਾਂ ਤੋਂ ਮੁਕਤ ਹੋਣ ਲਈ ਆਤਮਹੱਤਿਆਵਾਂ ਦਾ ਰਾਹ ਅਖ਼ਤਿਆਰ ਕਰ ਚੁੱਕੇ ਹਨ। ਇਹ ਅੰਕੜਾ ਤਾਂ ਉਹਨਾਂ ਵਿਅਕਤੀਆਂ ਦਾ ਹੈ ਜਿਹੜੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਗਏ ਅਤੇ ਮੌਤ ਨੇ ਉਹਨਾਂ ਨੂੰ ਹਮੇਸ਼ਾ ਲਈ ਆਪਣੀ ਆਗੋਸ਼ ਵਿੱਚ ਲੈ ਲਿਆ ਵਰਨਾਂ ਲਗਭਗ ਚਾਰ ਦਰਜਨ ਅਜਿਹੇ ਮਾਮਲੇ ਵੀ ਹਨ ਜਿਹਨਾਂ ਨੇ ਕਿ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਆਤਮਹੱਤਿਆ ਦੀ ਕੋਸ਼ਿਸ਼ ਤਾਂ ਕੀਤੀ ਪਰ ਉਹ ਆਪਣੀ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਉਹਨਾਂ ਨੂੰ ਕਿਸੇ ਨਾ ਕਿਸੇ ਵੱਲੋਂ ਬਚਾ ਲਿਆ ਗਿਆ।

ਦੋਸਤੋ, ਇਹ ਅੰਕੜੇ ਤਾਂ ਕੇਵਲ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆਵਾਂ ਕਰਨ ਵਾਲੇ ਲੋਕਾਂ ਦੇ ਹਨ, ਵਰਨਾਂ ਹੋਰ ਪਤਾ ਨਹੀਂ ਕਿੰਨੇ ਕੁ ਬੰਦੇ ਅਜਿਹੇ ਹੋਣਗੇ, ਜਿਹੜੇ ਜ਼ਹਿਰੀਲੀਆਂ ਦਵਾਈਆਂ ਖਾ ਕੇ, ਫਾਹੇ ਲਾ ਕੇ, ਚੱਲਦੀਆਂ ਟ੍ਰੇਨਾਂ ਮੂਹਰੇ ਛਾਲਾਂ ਮਾਰ ਕੇ ਆਤਮਹੱਤਿਆਵਾਂ ਕਰ ਗਏ ਹੋਣਗੇ। ਮੁੱਕਦੀ ਗੱਲ ਇਹ ਹੈ ਕਿ ਲੋਕਾਂ ਵਿੱਚ ਆਤਮਹੱਤਿਆਵਾਂ ਕਰਨ ਦਾ ਚਲਨ ਲਗਾਤਾਰ ਵਧਦਾ ਜਾ ਰਿਹਾ ਹੈ।

ਪਟਿਆਲਾ-ਨਾਭਾ ਮਾਰਗ ਤੇ ਪੱਕੇ ਤੌਰ ਤੇ ਤਾਇਨਾਤ ਭੋਲੇ ਸ਼ੰਕਰ ਡਾਇਵਰਸ ਕਲੱਬ ਦੇ ਪ੍ਰਧਾਨ ਸੰਕਰ ਭਾਰਦਵਾਜ਼ ਦੀ ਮੰਨੀਏ ਤਾਂ ਕੇਵਲ ਨਵੰਬਰ ਮਹੀਨੇ ਦੇ ਦੌਰਾਨ ਹੀ ਪਟਿਆਲਾ 'ਚੋਂ ਲੰਘਦੀ ਭਾਖੜਾ ਨਹਿਰ ਵਿੱਚ ਲਗਭਗ ਪੰਜ ਦਰਜਨ ਬੰਦਿਆਂ ਅਤੇ ਔਰਤਾਂ ਨੇ ਆਤਮਹੱਤਿਆ ਦੀ ਕੋਸ਼ਿਸ਼ ਕਰਨ ਲਈ ਨਹਿਰ 'ਚ ਛਾਲਾਂ ਮਾਰੀਆਂ। ਸ਼ੰਕਰ ਦਾ ਦਾਅਵਾ ਹੈ ਕਿ ਉਸਦੀ ਟੀਮ ਨੇ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲਿਆਂ ਪੰਜ ਦਰਜਨ ਬੰਦਿਆਂ ਅਤੇ ਔਰਤਾਂ ਵਿੱਚੋਂ ਲਗਭਗ ਚਾਰ ਦਰਜਨ ਨੂੰ ਤਾਂ ਬਚਾ ਲਿਆ ਸੀ, ਜਦਕਿ ਇੱਕ ਦਰਜਨ ਵਿਅਕਤੀ ਪਾਣੀ ਦੇ ਤੇਜ਼ ਵਹਾਓ ਵਿੱਚ ਰੁੜ ਗਏ ਅਤੇ ਮਾਰੇ ਗਏ, ਜਿਹਨਾਂ ਦੀਆਂ ਬਾਅਦ ਵਿੱਚ ਖ਼ਨੌਰੀ ਹੈੱਡ ਤੋਂ ਲਾਸ਼ਾਂ ਹੀ ਬਰਾਮਦ ਹੋਈਆਂ। 

ਦੋਸਤੋ, ਸ਼ੰਕਰ ਭਾਰਦਵਾਜ ਦੀ ਮੰਨੀਏ ਤਾਂ ਆਤਮਹੱਤਿਆਵਾਂ ਕਰਨ ਵਿੱਚ ਕਾਮਯਾਬ ਹੋਣ ਵਾਲਿਆਂ ਅਤੇ ਇਸ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਇਹ ਅੰਕੜਾ ਸਿਰਫ ਪਟਿਆਲਾ-ਸੰਗਰੂਰ ਰੋਡ, ਪਸਿਆਣਾ ਰੋਡ, ਨਾਭਾ ਰੋਡ, ਭਾਦਸੋਂ ਰੋਡ, ਸਿੱਧੂਵਾਲ ਅਤੇ ਰੋੜੇਵਾਲ ਕੋਲੋਂ ਲੰਘਦੀ ਭਾਖੜਾ ਨਹਿਰ ਦੇ ਕੰਢਿਆਂ ਦਾ ਹੀ ਹੈ। ਸ਼ੰਕਰ ਕਹਿੰਦਾ ਹੈ ਕਿ ਉਸਦੀ ਟੀਮ ਦਾ ਤਾਂ ਹੁਣ ਐਨਾ ਕੁ ਤਜੁਰਬਾ ਹੋ ਚੁੱਕਿਆ ਹੈ ਕਿ ਉਹ ਭਾਖੜਾ ਨਹਿਰ ਦੇ ਕੰਢਿਆਂ ਤੇ ਘੁੰਮ ਰਹੇ ਜਾਂ ਖੜ੍ਹੇ ਬੰਦਿਆਂ ਨੂੰ ਵੇਖਦਿਆਂ ਹੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਜੇਕਰ ਇਹਨਾਂ ਨੂੰ ਨਾ ਸਮਝਾਇਆ ਜਾਂ ਰੋਕਿਆ ਗਿਆ ਤਾਂ ਇਹ ਆਤਮਹੱਤਿਆ ਕਰ ਲੈਣਗੇ। ਉਹਨਾਂ ਦਾ ਦਾਅਵਾ ਹੈ ਕਿ ਹੁਣ ਤੱਕ ਉਹ ਸੈਂਕੜੇ ਹੀ ਬੰਦਿਆਂ ਨੂੰ ਸਮਝਾ ਬੁਝਾ ਕੇ ਆਪੋ ਆਪਣੇ ਘਰਾਂ ਨੂੰ ਤੋਰ ਕੇ ਉਹਨਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾ ਚੁੱਕੇ ਹਨ। ਹੁਣ ਜੇਕਰ ਉਕਤ ਮ੍ਰਿਤਕ ਵਿਅਕਤੀਆਂ ਦੀ ਗੱਲ ਕਰੀਏ ਤਾਂ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ, ਨਾ ਕਿਸੇ ਮੰਤਰੀ, ਸੰਤਰੀ ਜਾਂ ਵਿਰੋਧੀ ਧਿਰ ਦੇ ਨੇਤਾ ਵੱਲੋਂ ਇਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਜਾਂ ਕੋਈ ਹੋਰ ਮਾਲੀ ਇਮਦਾਦ ਦੀ ਗੱਲ ਆਖੀ ਹੈ। ਜਦਕਿ ਇਹ ਉਨ੍ਹਾਂ ਹਾਲਾਤਾਂ ਵਿੱਚ ਹੈ ਜਦੋਂ ਕਿ ਮਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਵਿੱਚ ਮੁੱਖ ਮੰਤਰੀ ਤੋਂ ਬਾਅਦ ਨੰਬਰ ਦੋ ਦੀ ਹੈਸੀਅਤ ਰੱਖਣ ਵਾਲੇ ਬ੍ਰਹਮ ਮਹਿੰਦਰਾ ਦੇ ਆਪਣੇ ਜ਼ਿਲ੍ਹਿਆਂ ਦੇ ਬਾਸ਼ਿੰਦੇ ਸਨ, ਤੇ ਅਫਸੋਸ ਇਸ ਗੱਲ ਦਾ ਵੀ ਹੈ ਕਿ ਇਸ ਬਾਰੇ ਮੀਡੀਆ ਵੀ ਚੁੱਪ ਹੈ।

ਦੋਸਤੋ, ਇੱਕ ਗੱਲ ਤਾਂ ਹੈ ਕਿ ਗਰੀਬੀ, ਬੇਰੋਜ਼ਗਾਰੀ, ਮਹਿੰਗਾਈ ਅਤੇ ਕਰਜ਼ੇ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਲੋਕਾਂ ਨੂੰ ਆਪਣੀ ਜ਼ਿੰਦਗੀ ਇੱਕ ਬੋਝ ਜਾਪਣਾ ਲੱਗ ਪਈ ਹੈ, ਤੇ ਲੋਕ ਆਤਮਹੱਤਿਆਵਾਂ ਕਰਕੇ ਇਹਨਾਂ ਤੋਂ ਮੁਕਤ ਹੋਣਾ ਲੋਚਦੇ ਨੇ। ਪਰ ਤੁਹਾਨੂੰ ਦੱਸ ਦਈਏ ਕਿ ਮਰਨ ਵਾਲਿਆਂ ਵਿੱਚੋਂ ਸਾਰੇ ਲੋਕ ਕਿਸਾਨ ਨਹੀਂ ਹੁੰਦੇ, ਜਿਨ੍ਹਾਂ ਦੀਆਂ ਵੋਟਾਂ ਖਾਤਰ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰ ਮਰਨ ਤੋਂ ਬਾਅਦ ਕਰਜ਼ਾ ਮੁਕਤ ਕਰ ਦਿੰਦੀ ਹੈ ਜਾਂ ਆਰਥਿਕ ਸਹਾਇਤਾ ਦੇ ਦਿੰਦੀ ਹੈ। ਉਹ ਲੋਕ ਆਪ ਤਾਂ ਮਰ ਕੇ ਸਾਰੇ ਦੁਨੀਆਵੀ ਝੰਜਟਾਂ ਤੋਂ ਛੁੱਟ ਜਾਂਦੇ ਨੇ, ਤੇ ਪਿੱਛੇ ਪਰਿਵਾਰਾਂ ਨੂੰ ਛੱਡ ਜਾਂਦੇ ਹਨ ਗਰੀਬੀ, ਬੇਰੋਜ਼ਗਾਰੀ, ਮਹਿੰਗਾਈ ਤੇ ਕਰਜ਼ੇ ਵਰਗੀਆਂ ਲਾਹਨਤਾਂ ਨਾਲ ਲੜਨ ਲਈ, ਕਿਸੇ ਹੋਰ ਨੂੰ ਆਤਮਹੱਤਿਆ ਦੇ ਵਿਚਾਰਾਂ ਨਾਲ। ਇਸ ਸਭ ਤੋਂ ਪਰੇ ਮੇਰੇ ਵਰਗਾ ਇਹ ਸੋਚਦਾ ਹੀ ਰਹਿ ਜਾਂਦਾ ਹੈ ਕਿ ਕਿਸੇ ਦੀ ਮੌਤ ਤੇ, ਕੋਈ ਕਿਵੇਂ ਸਿਆਸਤ ਕਰ ਸਕਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।