ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਖੇਤਾਂ ਨੇ ਤਾਂ ਉੱਜੜਨਾ ਹੀ ਨੇ.!!!

Last Updated: Dec 07 2017 16:04

ਭਾਵੇਂ ਕਿ ਅਕਾਲੀ-ਭਾਜਪਾ ਰਾਜ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਦੀਆਂ ਜੇਲ੍ਹਾਂ ਨੂੰ ਅਸਲ ਵਿੱਚ ਬਹੁਤ ਜਲਦ ਹੀ 'ਸੁਧਾਰ ਘਰ' ਬਣਾ ਦਿੱਤਾ ਜਾਵੇਗਾ ਅਤੇ ਜੇਲ੍ਹ ਨਿਯਮਾਂ ਨੂੰ ਸਹੀ ਤਰੀਕੇ ਅਤੇ ਪੂਰੀ ਪ੍ਰਤੀਬੱਧਤਾ ਨਾਲ ਲਾਗੂ ਕੀਤਾ ਜਾਵੇਗਾ, ਪਰ ਦਸ ਸਾਲ ਪੰਜਾਬ ਤੇ ਰਾਜ ਕਰਨ ਵਾਲੀ ਅਕਾਲੀ ਸਰਕਾਰ ਆਪਣੇ ਰਾਜ ਦੇ ਦੌਰਾਨ ਜੇਲ੍ਹਾਂ ਨੂੰ ਅਸਲ ਵਿੱਚ 'ਸੁਧਾਰ ਘਰ' ਬਣਾਉਣ ਵਿੱਚ ਕਾਮਯਾਬ ਨਹੀਂ ਹੋਈ। ਇੱਥੇ ਦੂਜੇ ਪਾਸੇ ਵੇਖੀਏ ਤਾਂ ਅੱਠ ਮਹੀਨੇ ਤੋਂ ਜ਼ਿਆਦਾ ਸਮਾਂ ਤਾਂ ਕਾਂਗਰਸ ਸਰਕਾਰ ਨੂੰ ਵੀ ਸੱਤਾ ਵਿੱਚ ਆਏ ਨੂੰ ਹੋ ਗਿਆ ਹੈ ਪਰ ਇਨ੍ਹਾਂ ਅੱਠਾਂ ਮਹੀਨਿਆਂ ਦੌਰਾਨ ਤਾਂ ਕਾਂਗਰਸ ਨੇ ਵੀ ਕੁਝ ਨਹੀਂ ਕੀਤਾ। ਮੁੱਕਦੀ ਗੱਲ ਹੈ ਕਿ ਸਰਕਾਰਾਂ 'ਕੁਰਸੀ' ਲਈ ਸੱਤਾ ਵਿੱਚ ਆ ਤਾਂ ਜਾਂਦੀਆਂ ਹਨ ਪਰ ਕਰਦੀਆਂ ਕੁਝ ਵੀ ਨਹੀਂ। 

ਦੋਸਤੋ, ਆਪਾ ਗੱਲ ਕਰ ਰਹੇ ਸੀ ਫ਼ਿਰੋਜ਼ਪੁਰ ਜੇਲ੍ਹ ਦੇ ਵਿੱਚ ਚੱਲਦੇ ਮੋਬਾਈਲ ਫ਼ੋਨ ਅਤੇ ਨਸ਼ਿਆਂ ਦੀ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਬਹੁਤ ਸਾਰੀਆਂ ਜੇਲ੍ਹਾਂ ਵਿੱਚ ਜੈਮਰ ਲੱਗੇ ਵੀ ਹੋਏ ਹਨ ਪਰ ਫਿਰ ਵੀ ਉੱਥੇ ਜੇਲ੍ਹ ਪ੍ਰਸ਼ਾਸਨ ਦੀ ਕਥਿਤ ਰੂਪ ਵਿੱਚ ਮਿਲੀਭੁਗਤ ਦੇ ਨਾਲ ਜੇਲ੍ਹ ਅੰਦਰ ਬੰਦ ਹਵਾਲਾਤੀ ਅਤੇ ਕੈਦੀ ਸ਼ਰੇਆਮ ਮੋਬਾਈਲ ਫੋਨਾਂ ਦੀ ਵਰਤੋਂ ਕਰ ਰਹੇ ਹਨ। ਜੇਕਰ ਫ਼ਿਰੋਜ਼ਪੁਰ ਦੀ ਗੱਲ ਕਰੀਏ ਤਾਂ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਇਨ੍ਹਾਂ ਦਿਨਾਂ ਅੰਦਰ ਕੈਦੀ ਅਤੇ ਹਵਾਲਾਤੀ ਬਿਨਾਂ ਕਿਸੇ ਡਰ ਦੇ ਮੋਬਾਈਲ ਫ਼ੋਨ 'ਤੇ ਇੰਟਰਨੈੱਟ ਸੇਵਾਵਾਂ ਦੀ ਵਰਤੋਂ ਕਰ ਰਹੇ ਹਨ। ਜੇਕਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਜਦੋਂ ਕਦੇ ਜੇਲ੍ਹ ਵਿੱਚ ਛਾਪੇਮਾਰੀ ਕਰਕੇ ਜੇਲ੍ਹ ਪ੍ਰਸ਼ਾਸਨ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਈਲ ਬਰਾਮਦ ਕਰ ਲੈਂਦਾ ਹੈ ਤੇ ਦੋਸ਼ੀ ਹਵਾਲਾਤੀ ਜਾਂ ਫਿਰ ਕੈਦੀ ਵਿਰੁੱਧ ਮਾਮਲਾ ਦਰਜ ਹੁੰਦਾ ਹੈ ਤਾਂ ਅਗਲੇ ਦਿਨ ਕ੍ਰਾਈਮ ਰਿਪੋਰਟ ਵਿੱਚ ਖ਼ਬਰ ਪਹੁੰਚਦੀ ਹੈ ਕਿ ਜੇਲ੍ਹ ਦੇ ਅੰਦਰੋਂ ਇੰਨੇ ਮੋਬਾਈਲ ਬਰਾਮਦ ਹੋਏ।

ਇਸੇ ਬਾਰੇ ਜਦੋਂ ਜੇਲ੍ਹ ਸੁਪਰਡੈਂਟ ਜਾਂ ਫਿਰ ਹੋਰ ਅਧਿਕਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਜੇਲ੍ਹ ਅੰਦਰ ਜੈਮਰ ਨਹੀਂ ਲੱਗੇ। ਜਦਕਿ ਜੈਮਰ ਨਾ ਲੱਗੇ ਹੋਣਾ ਤਾਂ ਸਿਰਫ਼ ਤੇ ਸਿਰਫ਼ ਇੱਕ ਬਹਾਨਾ ਹੀ ਹੁੰਦਾ ਹੈ। ਅਸਲ ਵਿੱਚ ਸਚਾਈ ਤਾਂ ਇਹ ਹੈ ਕਿ ਜਿਨ੍ਹਾਂ ਜੇਲ੍ਹਾਂ ਦੇ ਅੰਦਰ ਜੈਮਰ ਲੱਗੇ ਵੀ ਹਨ ਉਨ੍ਹਾਂ ਦੇ ਵਿੱਚ ਵੀ ਤਾਂ ਰੋਜ਼ਾਨਾ ਹੀ ਮੋਬਾਈਲ ਫੋਨਾਂ ਦੀ ਵਰਤੋਂ ਹੁੰਦੀ ਹੈ। ਕੁੱਲ ਮਿਲਾ ਕੇ ਤਾਂ ਇਹ ਹੀ ਕਿਹਾ ਜਾ ਸਕਦਾ ਹੈ ਕਿ ਫ਼ਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਸਿਰਫ਼ ਤੇ ਸਿਰਫ਼ ਜੈਮਰ ਦਾ ਤਾਂ ਬਹਾਨਾ ਹੀ ਬਣਾ ਰਿਹਾ ਹੈ ਜਦਕਿ ਹਕੀਕਤ ਤਾਂ ਇਹ ਵੀ ਹੈ ਕਿ 'ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਖੇਤਾਂ ਦੇ ਉਜਾੜੇ ਤਾਂ ਹੋਣਗੇ ਹੀ'। ਜੇਲ੍ਹ ਮੁਲਾਜ਼ਮ ਦੀ ਮਿਲੀਭੁਗਤ ਦੇ ਨਾਲ ਹੀ ਜੇਲ੍ਹ ਦੀਆਂ 12-12 ਫੁੱਟ ਦੀਆਂ ਦੀਵਾਰਾਂ ਇੱਕ ਪੰਜ ਇੰਚ ਦੇ ਮੋਬਾਈਲ ਫ਼ੋਨ ਨੂੰ ਪਾਰ ਕਰਾ ਦਿੰਦੀਆਂ ਹਨ।

ਭਾਵੇਂ ਕਿ ਫ਼ਿਰੋਜ਼ਪੁਰ ਜੇਲ੍ਹ ਵਿੱਚ ਜੈਮਰਾਂ ਦੀ ਘਾਟ ਹੈ ਪਰ ਇੰਨੀ ਸਾਰੀ ਸਕਿਉਰਿਟੀ ਕੀ ਜੈਮਰਾਂ ਤੋਂ ਘੱਟ ਹੈ..? ਜੈਮਰਾਂ ਦਾ ਤਾਂ ਬਹਾਨਾ ਹੀ ਹੈ ਜੇਲ੍ਹ ਪ੍ਰਸ਼ਾਸਨ ਦੇ ਕੋਲ। ਦੋਸਤੋ, ਜੇਕਰ ਪਿਛਲੇ 12-15 ਸਾਲ ਦੀ ਗੱਲ ਕਰੀਏ ਤਾਂ ਇਹੀ ਜੇਲ੍ਹਾਂ ਸ਼ਾਂਤੀਪੂਰਵਕ ਚੱਲਦੀਆਂ ਸਨ। ਕੋਈ ਵਿਰਲਾ ਹੀ ਕੈਦੀ ਜਾਂ ਫਿਰ ਹਵਾਲਾਤੀ ਹੁੰਦਾ ਸੀ ਜੋ ਆਪਣੀ ਮਨਮਰਜੀ ਕਰਦਾ ਹੁੰਦਾ ਸੀ ਤੇ ਜਿਸ ਦਾ ਅੰਜਾਮ ਉਸ ਨੂੰ ਭੁਗਤਣਾ ਪੈਂਦਾ ਸੀ। ਪਰ ਹੁਣ ਕੀ ਹੋ ਰਿਹਾ ਹੈ, ਜੇਲ੍ਹ ਮੁਲਾਜਮ ਜੇਲ੍ਹ ਅੰਦਰ ਬੰਦ ਸਮਗਲਰਾਂ ਅਤੇ ਗੈਂਗਸਟਰਾਂ ਨਾਲ ਮਿਲੇ ਹੋਏ ਹਨ, ਜਿਸ ਕਾਰਨ ਜੇਲ੍ਹ ਦੀਆਂ ਦੀਵਾਰਾਂ ਤੋੜ ਕੇ ਮੋਬਾਈਲ ਜੇਲ੍ਹ ਦੀਆਂ ਬੈਕਰਾਂ ਤੱਕ ਪਹੁੰਚ ਰਹੇ ਹਨ ਅਤੇ ਜੇਲ੍ਹ ਅੰਦਰ ਬੰਦ ਸਮਗਲਰ ਅਤੇ ਗੈਂਗਸਟਰ ਜੇਲ੍ਹ ਵਿੱਚ ਮੋਬਾਈਲ ਫੋਨਾਂ ਜਰੀਏ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਇਨ੍ਹਾਂ ਮੋਬਾਈਲ ਫੋਨਾਂ ਦੇ ਜਰੀਏ ਹੀ ਸਮਗਲਿੰਗ ਕਰ ਰਹੇ ਹਨ।

ਦੋਸਤੋ ਜੇਕਰ ਪਿਛਲੇ ਦੋ ਹਫ਼ਤਿਆਂ ਦੀ ਗੱਲ ਕਰੀਏ ਤਾਂ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਬੰਦ ਦੋਹਰੇ ਕਤਲ ਕੇਸ ਦਾ ਦੋਸ਼ੀ ਲਲਿਤ ਕੁਮਾਰ ਉਰਫ਼ ਲਾਲੀ ਨੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਮੋਬਾਈਲ ਫ਼ੋਨ ਤੇ ਧਮਕੀ ਦੇ ਕੇ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਸਨ। ਇੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਲਾਲੀ ਦੇ ਕੋਲ ਕਿਸ ਤਰੀਕੇ ਦੇ ਨਾਲ ਜੇਲ੍ਹ ਅੰਦਰ ਮੋਬਾਈਲ ਗਿਆ..? ਜਦਕਿ ਜੇਲ੍ਹ ਦੇ ਅੰਦਰ ਅਤੇ ਬਾਹਰ ਸਕਿਉਰਿਟੀ ਇੰਨੀ ਜ਼ਿਆਦਾ ਮੌਜੂਦ ਹੈ ਕਿ ਚਿੜੀ ਵੀ ਪਰ ਮਾਰਨ ਤੋਂ ਪਹਿਲੋਂ ਸੋਚਦੀ ਹੈ। ਇੱਥੇ ਇਹ ਹੀ ਕਹਿ ਸਕਦੇ ਹਾਂ ਕਿ ਜੈਮਰ ਹੋਣ ਜਾਂ ਫਿਰ ਨਾ ਹੋਣ ਜਦੋਂ ਜੇਲ੍ਹ ਪ੍ਰਸ਼ਾਸਨ ਹੀ ਜੇਲ੍ਹ ਅੰਦਰ ਬੈਠੇ ਮਾਫ਼ੀਆ ਨਾਲ ਮਿਲਿਆ ਹੋਵੇਗਾ ਤਾਂ ਫਿਰ ਜੈਮਰ ਕੀ ਕਰਨਗੇ। ਮੁੱਕਦੀ ਗੱਲ ਹੈ ਕਿ ਜਿਨ੍ਹਾਂ ਸਮਾਂ ਖ਼ਾਕੀ ਵਿਕਦੀ ਰਹੇਗੀ ਉਨ੍ਹਾਂ ਸਮਾਂ ਇਸੇ ਤਰ੍ਹਾਂ ਹੀ ਜੇਲ੍ਹ ਦੇ ਅੰਦਰ ਮੋਬਾਈਲ ਫੋਨਾਂ ਦੀ ਵਰਤੋਂ ਹੁੰਦੀ ਰਹੇਗੀ।

ਦੂਜੇ ਪਾਸੇ ਜੇਲ੍ਹ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਚੱਲ ਰਹੇ ਧੜੱਲੇ ਨਾਲ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਰੋਕਣ ਲਈ ਜੈਮਰ ਲਗਾਉਣ ਦਾ ਮਤਾ ਸੂਬਾ ਸਰਕਾਰ ਪਾਸ ਕਰ ਚੁੱਕੀ ਹੈ, ਪਰ ਫ਼ੰਡਾਂ ਦੀ ਘਾਟ ਕਾਰਨ ਜੇਲ੍ਹ ਵਿੱਚ ਜੈਮਰ ਨਹੀਂ ਲਗਾਏ ਗਏ। ਇੱਥੇ ਦੱਸ ਦਈਏ ਕਿ ਜੇਲ੍ਹ ਵਿੱਚ ਜੈਮਰ ਲਗਾਉਣ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਇੱਥੇ ਇੱਕ ਸਰਵੇ ਵੀ ਕਰਵਾਇਆ ਸੀ, ਪਰ ਉਸ ਤੋਂ ਬਾਅਦ ਕੋਈ ਕਦਮ ਨਹੀਂ ਚੁੱਕਿਆ ਗਿਆ। ਇਹ ਹੀ ਕਾਰਨ ਹੈ ਕਿ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਈਲ ਮਿਲਣ ਦੀਆਂ ਘਟਨਾਵਾਂ ਨੂੰ ਲੈ ਕੇ ਫ਼ਿਰੋਜ਼ਪੁਰ ਜੇਲ੍ਹ ਹਮੇਸ਼ਾਂ ਹੀ ਸੁਰਖ਼ੀਆਂ ਵਿੱਚ ਰਹਿੰਦੀ ਹੈ।

ਜੇਕਰ ਪਿਛਲੇ ਮਹੀਨੇ ਨਿਘਾ ਮਾਰੀ ਜਾਵੇ ਤਾਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਸਬਾ ਅਬੋਹਰ ਦੇ ਰਹਿਣ ਵਾਲੇ ਪੰਜ ਹਵਾਲਾਤੀ ਜੋ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਬੰਦ ਸਨ ਉਨ੍ਹਾਂ ਕੋਲੋਂ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੇ ਦੌਰਾਨ ਇੱਕੋ ਦਿਨ ਹੀ ਪੰਜ ਮੋਬਾਈਲ ਫ਼ੋਨ ਬਰਾਮਦ ਕੀਤੇ ਸਨ। ਪਿਛਲੇ ਹਫ਼ਤੇ ਇੱਕ ਵਿਅਕਤੀ ਦੀ ਮੁਲਾਕਾਤ ਕਰਕੇ ਵਾਪਸ ਆ ਰਹੀਆਂ ਦੋ ਔਰਤਾਂ ਦੇ ਕੋਲੋਂ ਤਲਾਸ਼ੀ ਦੇ ਦੌਰਾਨ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਸੀ। ਕੁੱਲ-ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਮਹੀਨੇ ਵਿੱਚ ਕੋਈ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਮੋਬਾਈਲ ਫ਼ੋਨ ਜਾਂ ਫਿਰ ਨਸ਼ੀਲੇ ਪਦਾਰਥ ਜੇਲ੍ਹ ਅੰਦਰੋਂ ਬਰਾਮਦ ਨਾ ਹੁੰਦੇ ਹੋਣ।

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਕੈਦੀ ਜਿੱਥੇ ਧੜੱਲੇ ਨਾਲ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹਨ, ਉੱਥੇ ਹੀ ਇਹ ਨਸ਼ੀਲੇ ਪਦਾਰਥਾਂ ਪੱਖੋਂ ਵੀ ਕਿਤੇ ਘੱਟ ਨਹੀਂ ਹਨ। ਜਨਵਰੀ 2017 ਤੋਂ ਹੁਣ ਦਸੰਬਰ ਤੱਕ ਦੀ ਗੱਲ ਕਰੀਏ ਕਰੀਬ ਜੇਲ੍ਹ ਅੰਦਰੋਂ ਤਿੰਨ ਦਰਜਨ ਤੋਂ ਵੱਧ ਮੋਬਾਈਲ ਫ਼ੋਨ ਅਤੇ ਕਾਫ਼ੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਕੈਪਸੂਲ, ਹੈਰੋਇਨ ਅਤੇ ਨਸ਼ੀਲਾ ਪਾਊਡਰ ਬਰਾਮਦ ਹੋ ਚੁੱਕਿਆ ਹੈ।

ਇਸ ਮਾਮਲੇ ਸਬੰਧੀ ਜਦੋਂ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸੁਪਰਡੈਂਟ ਅਜਮੇਰ ਸਿੰਘ ਰਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਵੀਕਾਰਿਆ ਕਿ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਜੈਮਰ ਨਹੀਂ ਹਨ। ਜਿਸ ਦੇ ਕਾਰਨ ਜੇਲ੍ਹ ਅੰਦਰ ਕੁਝ ਸ਼ਰਾਰਤੀ ਅਨਸਰ ਲੁਕਾ ਛੁਪਾ ਕੇ ਮੋਬਾਈਲ ਫ਼ੋਨ ਲੈ ਆਉਂਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੈਮਰ ਲਗਾਉਣ ਸਬੰਧੀ ਤੁਹਾਡੇ ਵੱਲੋਂ ਕੋਈ ਸਰਕਾਰ ਨੂੰ ਲਿਖਤੀ ਪੱਤਰ ਭੇਜਿਆ ਗਿਆ ਹੈ ਤਾਂ ਸੁਪਰਡੈਂਟ ਰਾਣਾ ਦਾ ਜਵਾਬ ਸੀ ਕਿ ਉਨ੍ਹਾਂ ਵੱਲੋਂ ਕਈ ਵਾਰ ਸਰਕਾਰ ਨੂੰ ਸੂਚਿਤ ਕੀਤਾ ਗਿਆ ਅਤੇ ਲਿਖਤੀ ਰੂਪ ਵਿੱਚ ਵੀ ਜੇਲ੍ਹ ਮੰਤਰੀ ਆਦਿ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਜੈਮਰ ਲਗਾਉਣ ਸਬੰਧੀ ਸਰਵੇ ਤਾਂ ਪੰਜਾਬ ਦੀ ਬਹੁਤ ਸਾਰੀਆਂ ਜੇਲ੍ਹਾਂ ਵਿੱਚ ਕੀਤਾ ਜਾ ਚੁੱਕਾ ਹੈ ਪਰ ਫ਼ੰਡਾਂ ਦੀ ਘਾਟ ਦੇ ਕਾਰਨ ਫ਼ਿਰੋਜ਼ਪੁਰ ਜੇਲ੍ਹ ਵਿੱਚ ਜੈਮਰ ਨਹੀਂ ਲੱਗ ਸਕੇ।

ਦੋਸਤੋ, ਇੱਥੇ ਸਵਾਲ ਹੈ ਕਿ ਜੇ ਪੰਜਾਬ ਸਰਕਾਰ ਆਉਣ ਵਾਲੇ ਕੁਝ ਮਹੀਨਿਆਂ ਤੱਕ ਸਾਰੀਆਂ ਜੇਲ੍ਹਾਂ ਵਿੱਚ ਜੈਮਰ ਲਗਾ ਦੇਵੇ ਤਾਂ ਕੀ ਜੇਲ੍ਹਾਂ ਦੇ ਅੰਦਰੋਂ ਮੋਬਾਈਲ ਫੋਨਾਂ ਦੀ ਵਰਤੋਂ ਬੰਦ ਹੋ ਜਾਵੇਗੀ..?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।