ਬਲਾਤਕਾਰੀਆਂ ਦੀ ਧਰਤੀ ਬਣ ਕੇ ਰਹਿ ਗਿਆ ਹੈ ਭਾਰਤ.!!! (ਭਾਗ-1)

Last Updated: Dec 07 2017 15:24

ਅੱਜ ਭਾਵੇਂ ਅਸੀਂ ਚੰਦ ਤੇ ਮੰਗਲ ਤੇ ਕਲੋਨੀਆਂ ਕੱਟਣ ਦੇ ਸਮਰੱਥ ਹੋ ਚੁੱਕੇ ਹਾਂ, ਪਰ ਅੱਜ ਵੀ ਜਦੋਂ ਅਸੀਂ ਆਪਣੇ ਮੁੰਡੇ ਲਈ ਕੁੜੀ ਜਾਂ ਕੁੜੀ ਲਈ ਮੁੰਡਾ ਵੇਖਦੇ ਹਾਂ ਤਾਂ ਪਹਿਲਾਂ ਇਹ ਵੇਖਦੇ ਹਾਂ ਕਿ ਉਹ ਕਿਸ ਧਰਮ ਅਤੇ ਜਾਤ ਨਾਲ ਸਬੰਧਿਤ ਹੈ, ਰਿਸ਼ਤਾ ਬਰਾਬਰ ਦੀ ਹੈਸੀਅਤ ਵਾਲਿਆਂ ਨਾਲ ਜੁੜ ਰਿਹਾ ਹੈ ਜਾਂ ਨਹੀਂ? ਇਸ ਦੇ ਉਲਟ ਜਦੋਂ ਵੀ ਕੋਈ ਅਬਲਾ ਬਲਾਤਕਾਰ ਦਾ ਸ਼ਿਕਾਰ ਹੁੰਦੀ ਹੈ ਤਾਂ ਬਲਾਤਕਾਰ ਕਰਨ ਵਾਲਾ ਨਾ ਉਸ ਦੀ ਜਾਤ ਵੇਖਦਾ ਹੈ ਨਾ ਮਜ਼ਹਬ ਅਤੇ ਨਾ ਉਸ ਦੀ ਅਮੀਰੀ ਅਤੇ ਨਾ ਹੀ ਉਸ ਦੀ ਗਰੀਬੀ। ਆਖ਼ਰ ਕਿੱਥੇ ਚਲੀ ਜਾਂਦੀ ਹੈ ਸਾਡੀ ਇਨਸਾਨੀਅਤ, ਕਿੱਥੇ ਅਲੋਪ ਹੋ ਜਾਂਦਾ ਹੈ ਸਾਡਾ ਹੰਕਾਰ, ਸਾਡਾ ਹਉਮੈ ਜਦੋਂ ਇੱਕ ਅਬਲਾ ਬਲਾਤਕਾਰ ਦਾ ਸ਼ਿਕਾਰ ਹੋ ਰਹੀ ਹੁੰਦੀ ਹੈ।

ਪਾਠਕੋ, ਅੱਜ ਭਾਰਤ ਵਿੱਚ ਬਲਾਤਕਾਰ ਇੱਕ ਆਮ ਜਿਹਾ ਜੁਰਮ ਬਣ ਕੇ ਰਹਿ ਗਿਆ ਹੈ, ਕਿਉਂਕਿ ਕਨੂੰਨ ਵਿੱਚ ਇਸ ਜੁਰਮ ਦੀ ਉਨੀ ਸਜਾ ਦਾ ਪ੍ਰਾਵਧਾਨ ਨਹੀਂ ਹੈ ਜਿਸ ਤੋਂ ਜੁਰਮ ਕਰਨ ਵਾਲਾ ਖ਼ੌਫ਼ ਖ਼ਾਵੇ। ਐਨ.ਸੀ.ਆਰ.ਬੀ. (ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ) ਦੇ ਅਨੁਸਾਰ ਸਾਲ 2016-17 'ਚ ਦੇਸ਼ ਭਰ ਵਿੱਚ 34 ਹਜਾਰ 600 ਬਲਤਾਕਰ ਹੋਏ। ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਸਭ ਤੋਂ ਵੱਧ ਬਲਾਤਕਾਰ ਹੋਏ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕੁੱਲ ਬਲਾਤਕਾਰਾਂ ਵਿੱਚੋਂ 33 ਹਜਾਰ ਅਤੇ 98 ਮਾਮਲੇ ਉਹ ਪਾਏ ਗਏ ਜਿਨ੍ਹਾਂ ਵਿੱਚ ਬਲਾਤਕਾਰ ਕਰਨ ਵਾਲੇ ਪੀੜਤ ਕੁੜੀਆਂ ਦੇ ਜਾਨਣ ਵਾਲੇ ਸਨ।

ਪਾਠਕ, ਇਹਨਾਂ ਵਿੱਚੋਂ ਬਹੁਤੇ ਕੇਸਾਂ ਵਿੱਚ ਬਲਾਤਕਾਰ ਦੀਆਂ ਪੀੜਤ ਕੁੜੀਆਂ ਨੂੰ ਇਨਸਾਫ਼ ਨਹੀਂ ਮਿਲਦਾ, ਇਸ ਦੇ ਪਿੱਛੇ ਵੀ ਔਰਤਾਂ ਦੀ ਕਮਜ਼ੋਰ ਮਾਨਸਿਕਤਾ ਨੂੰ ਹੀ ਇੱਕ ਹਥਿਆਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਮਜ਼ੋਰ ਮਾਨਸਿਕਤਾ ਸਾਡੇ ਆਪਣੇ ਸਮਾਜ ਦੀ ਹੀ ਦੇਣ ਹੈ, ਜਿਹੜੀ ਕਿ ਔਰਤ ਨੂੰ ਹਮੇਸ਼ਾ ਸ਼ੱਕ ਦੀਆਂ ਨਜ਼ਰਾਂ ਨਾਲ ਹੀ ਵੇਖਦਾ ਹੈ।

ਪਾਠਕੋ, ਬੜੀ ਕੌੜੀ ਸੱਚਾਈ ਹੈ ਕਿ, ਅਕਸਰ ਹੀ ਸਾਡੇ ਸਮਾਜ ਵਿੱਚ ਆਪਣੀ ਪਤਨੀ, ਬੇਟੀ, ਭੈਣ ਜਾਂ ਮਾਂ ਬਾਰੇ ਕਿਸੇ ਦੀ ਝੂਠੀ ਗੱਲ ਸੁਣ ਕੇ ਵੀ ਉਨ੍ਹਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਇੱਥੇ ਹੀ ਬੱਸ ਨਹੀਂ ਉਨ੍ਹਾਂ ਨੂੰ ਸਫ਼ਾਈ ਦਾ ਮੌਕਾ ਵੀ ਨਾ ਦੇਣਾ ਜਾਂ ਉਨ੍ਹਾਂ ਦੀ ਕਿਸੇ ਗੱਲ 'ਤੇ ਯਕੀਨ ਨਾ ਕਰਨਾ ਇਸ ਮਰਦ ਪ੍ਰਧਾਨ ਦੇਸ਼ ਦਾ ਇੱਕ ਰਿਵਾਜ਼ ਜਿਹਾ ਬਣ ਚੁੱਕਾ ਹੈ। ਪਾਠਕੋ, ਅਸੀਂ ਸਿਰਫ਼ ਆਪਣੀ ਭੈਣ ਨੂੰ ਭੈਣ ਸਮਝਦੇ ਹਾਂ, ਦੂਸਰੇ ਦੀ ਭੈਣ ਦੂਸਰੇ ਲਈ ਹੀ ਭੈਣ ਹੈ, ਸਾਡੇ ਲਈ ਉਹ ਬੇਗਾਨੀ ਹੈ। ਹੋਰ ਤਾਂ ਹੋਰ ਅਸੀਂ ਆਪਣੀ ਧੀ-ਭੈਣ ਨੂੰ ਵੀ ਸਹੀ ਅਰਥਾਂ ਵਿੱਚ ਧੀ-ਭੈਣ ਨਹੀਂ ਮੰਨ ਬਲਕਿ ਸਿਰਫ਼ ਆਪਣੀ ਇੱਜ਼ਤ ਮੰਨ ਕੇ ਉਨ੍ਹਾਂ ਤੋਂ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈ ਬੈਠੇ ਹਾਂ। ਇਹ ਜਾਣਦੇ ਹੋਏ ਵੀ ਕਿ, ਉਹ ਆਪਣੀ ਮਰਜ਼ੀ ਦੀਆਂ ਆਪ ਮਾਲਕ ਹਨ, ਤੇ ਅਸੀਂ ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਸਮਝਦਾਰ ਬਣਾਇਆ ਹੈ, ਪਰ ਅਸਲੀਅਤ ਤਾਂ ਇਹ ਹੈ ਕਿ ਬਾਵਜੂਦ ਇਸ ਦੇ ਅਸੀਂ ਉਨ੍ਹਾਂ ਨੂੰ ਕਦੇ ਵੀ ਸਮਝਦਾਰ ਨਹੀਂ ਮੰਨਦੇ।

ਪਾਠਕੋ, ਕੌੜੀ ਸੱਚਾਈ ਹੈ, ਅਕਸਰ ਬੱਸਾਂ ਵਿੱਚ ਸਫ਼ਰ ਕਰਦਿਆਂ ਬਹੁਤੇ ਬੰਦੇ ਕਿਸੇ ਸੋਹਣੀ ਕੁੜੀ ਜਾਂ ਔਰਤ ਨੂੰ ਹੀ ਆਪਣੀ ਨਾਲ ਦੀ ਸੀਟ ਤੇ ਬਿਠਾਉਣਾ ਪਸੰਦ ਕਰਦੇ ਹਨ, ਤੇ ਜੇਕਰ ਕੋਈ ਬੰਦਾ ਨਾਲ ਆ ਕੇ ਬਹਿ ਜਾਵੇ ਤਾਂ ਉਨ੍ਹਾਂ ਦੀ ਮਾਂ ਮਰ ਜਾਂਦੀ ਹੈ। ਅਗਰ ਜੇ ਨਾਲ ਬੈਠੀ ਔਰਤ ਬੱਚੇ ਵਾਲੀ ਤਾਂ ਬੰਦੇ ਦੀਆਂ ਵਾਛਾਂ ਹੋਰ ਵੀ ਖ਼ਿਲ ਜਾਂਦੀਆਂ ਹਨ ਕਿ, ਕਿਉਂਕਿ ਬੱਚੇ ਨੂੰ ਲਾਡੀਆਂ-ਪਾਡੀਆਂ ਕਰਨ ਦੀ ਆੜ ਵਿੱਚ ਨਾਲ ਬੈਠੀ ਔਰਤ ਨਾਲ ਨੇੜਤਾ ਵਧਾਉਣ ਦਾ ਸੋਹਣਾ ਮੌਕਾ ਮਿਲ ਜਾਂਦਾ ਹੈ।

ਪਾਠਕੋ, ਵਿਰੋਧੀ ਲਿੰਗ ਹੋਣ ਕਾਰਣ ਔਰਤ-ਮਰਦ ਦਾ ਆਕਰਸ਼ਣ ਕੁਦਰਤੀ ਗੱਲ ਹੈ, ਪਰ ਕਿਸੇ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਅਸੱਭਿਅਕ ਵਿਵਹਾਰ ਕਰਨਾ ਜਾਂ ਉਸ ਪ੍ਰਤੀ ਮਨ ਵਿੱਚ ਚੰਗੇ-ਮੰਦੇ ਵਿਚਾਰਾਂ ਦਾ ਪਨਪਣਾ ਸਾਡੇ ਸਮਾਜਿਕ ਢਾਂਚੇ ਦੀ ਕਮਜ਼ੋਰੀ ਹੈ। ਜੇ ਕੋਈ ਲੜਕੀ-ਲੜਕੇ ਦਾ ਪਿਆਰ ਦਾ ਪ੍ਰਸਤਾਵ ਠੁਕਰਾ ਦਿੰਦੀ ਹੈ ਤਾਂ, ਪ੍ਰਸਤਾਵ ਰੱਖਣ ਵਾਲਾ ਮੁੰਡੇ ਉਸ ਨੂੰ ਸ਼ਰੇਆਮ ਜਲੀਲ ਕਰਨਾ ਤਾਂ ਬੜੀ ਮਾਮੂਲੀ ਗੱਲ, ਕਈ ਵਾਰ ਉਸ ਤੇ ਤੇਜਾਬ ਤੱਕ ਸੁੱਟਣੋਂ ਵੀ ਨਹੀਂ ਕਤਰਾਉਂਦੇ।

ਪਾਠਕੋ, ਅੱਜ ਅਜਿਹੀਆਂ ਅਨੇਕਾਂ ਹੀ ਖ਼ਬਰਾਂ ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿੱਚ ਕਦੇ ਕੋਈ ਪਿਓ ਆਪਣੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਹੁੰਦਾ ਹੈ, ਕਦੀ ਕੋਈ ਭਰਾ ਆਪਣੀ ਭੈਣ ਜਾਂ ਮਾਂ ਨਾਲ ਮੂੰਹ ਕਾਲਾ ਕਰ ਜਾਂਦਾ ਹੈ। ਜਿਸ ਸਮਾਜ ਵਿੱਚ ਲੋਕ ਆਪਣੀਆਂ ਧੀਆਂ ਭੈਣਾਂ ਅਤੇ ਮਾਵਾਂ ਨਾਲ ਮੂੰਹ ਕਾਲਾ ਕਰ ਰਹੇ ਹੋਣ ਉਸ ਸਮਾਜ ਵਿੱਚ ਬੇਗਾਨੀਆਂ ਔਰਤਾਂ ਕਿੰਝ ਮਹਿਫ਼ੂਜ਼ ਰਹਿੰਦੀਆਂ ਹੋਣਗੀਆਂ, ਸੋਚਣ ਵਾਲੀ ਗੱਲ ਹੈ। ਮੁੱਕਦੀ ਗੱਲ ਇਹ ਹੈ ਕਿ ਅੱਜ ਹਰ ਪਾਸੇ ਸਵਾਲ ਉੱਠ ਰਹੇ ਹਨ ਕਿ, ਕੀ ਭਾਰਤ ਬਲਾਤਕਾਰੀਆਂ ਦੀ ਧਰਤੀ ਬਣਦਾ ਜਾ ਰਿਹਾ ਹੈ?...(ਚੱਲਦਾ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।