ਵਿਧਾਇਕ ਦਲਵੀਰ ਗੋਲਡੀ ਨੇ ਜਹਾਂਗੀਰ ਨਹਿਰ ਦੇ ਪੁਲ ਦਾ ਕੀਤਾ ਉਦਘਾਟਨ

Last Updated: Dec 07 2017 14:54

ਪਿਛਲੇ ਲੰਮੇ ਸਮੇਂ ਤੋਂ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਨੇੜਲੇ ਪਿੰਡ ਜਹਾਂਗੀਰ ਨਹਿਰ ਦੇ ਪੁਲ ਦਾ ਰੇੜਕਾ ਅੱਜ ਉਸ ਵੇਲੇ ਖ਼ਤਮ ਹੋ ਗਿਆ, ਜਦੋਂ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਇਸ ਪੁਲ ਦਾ ਉਦਘਾਟਨ ਕਰਦੇ ਹੋਏ ਇਸ ਪੁਲ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ।   

ਲਗਭਗ 1.75 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪੁਲ ਦਾ ਉਦਘਾਟਨ ਕਰਨ ਤੋਂ ਉਪਰੰਤ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਬਣਨ ਤੋਂ ਪਹਿਲਾਂ ਇਸ ਪੁਲ ਦਾ ਕੰਮ ਸ਼ੁਰੂ ਹੋਇਆ ਸੀ, ਜੋ ਕਿ ਅੱਧ ਵਿਚਕਾਰ ਹੀ ਲਟਕ ਰਿਹਾ ਸੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਮੈਨੂੰ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਮੇਰੇ ਵੱਲੋਂ ਇਸ ਮਸਲੇ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਦੇ ਧਿਆਨ ਵਿੱਚ ਲਿਆਉਂਦਾ ਗਿਆ ਸੀ। 

ਉਨ੍ਹਾਂ ਨੇ ਕਿਹਾ ਕਿ ਉਕਤ ਆਗੂਆਂ ਦੇ ਸਹਿਯੋਗ ਦੇ ਕਾਰਨ ਹੀ ਉਹ ਨਹਿਰੀ ਬੰਦੀ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ਸਨ, ਜਿਸ ਦੇ ਚੱਲਦਿਆਂ ਹੀ ਇਸ ਪੁਲ ਦਾ ਨਿਰਮਾਣ ਸੰਭਵ ਹੋ ਪਾਇਆ ਹੈ। ਉਨ੍ਹਾਂ ਹਲਕੇ ਦੇ ਵਿਕਾਸ ਕਾਰਜਾਂ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਲਈ ਕੀਤੇ ਵਾਅਦਿਆਂ ਲਈ ਹਮੇਸ਼ਾ ਜਵਾਬਦੇਹ ਅਤੇ ਵਚਨਬੱਧ ਹਨ।

ਇਸ ਮੌਕੇ 'ਤੇ ਟਰੱਕ ਯੂਨੀਅਨ ਦੇ ਪ੍ਰਧਾਨ ਕਮਲ ਸਿੰਘ ਧੂਰਾ, ਜਸਮੇਲ ਸਿੰਘ ਬੜੀ ਸਰਪੰਚ, ਰਣਜੀਤ ਸਿੰਘ ਕਾਕਾ ਸਰਪੰਚ ਈਸੀ, ਨਸੀਬ ਸਿੰਘ ਸਰਪੰਚ ਚਾਂਗਲੀ, ਸੂਬਾ ਸਕੱਤਰ ਗੁਰਪਿਆਰ ਸਿੰਘ ਧੂਰਾ ਆਦਿ ਵੀ ਮੌਜੂਦ ਸਨ।