ਬੱਚਿਆ ਸਮੇਤ ਨਹਿਰ ਵਿੱਚ ਛਾਲ ਮਾਰਣ ਵਾਲੀ ਔਰਤ ਦੀ ਮਿਲੀ ਲਾਸ਼, ਬੱਚਿਆਂ ਦੀ ਭਾਲ ਜਾਰੀ

Tarsem Chanana
Last Updated: Dec 07 2017 14:49

ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਕਥਿਤ ਤੌਰ ਤੇ ਤੰਗ ਪਰੇਸ਼ਾਨ ਕੀਤੇ ਜਾਣ ਤੋਂ ਆਹਿਤ ਹੋ ਕੇ ਔਰਤ ਵੱਲੋਂ ਆਪਣੇ ਦੋ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ 'ਤੇ ਪੁਲਿਸ ਨੇ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ 'ਤੇ ਉਸ ਦੇ ਪਤੀ, ਸੱਸ ਅਤੇ ਸਹੁਰੇ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਨਜਦੀਕੀ ਪਿੰਡ ਮਚਾਕੀ ਕਲਾਂ ਦੀ ਰਹਿਣ ਵਾਲੀ ਮਨਦੀਪ ਕੌਰ ਦਾ ਵਿਆਹ ਧਾਰਾ ਸਿੰਘ ਕਲੋਨੀ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਹੋਇਆ ਸੀ, ਪਰ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕਥਿਤ ਤੌਰ 'ਤੇ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਜਿਸ ਤੋਂ ਸਤਾਈ ਮਨਦੀਪ ਕੌਰ ਨੇ ਆਪਣੇ 4 ਸਾਲਾਂ ਬੇਟੇ ਅਤੇ 2 ਸਾਲਾਂ ਬੇਟੀ ਨਾਲ 25 ਨਵੰਬਰ ਨੂੰ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਉਸ ਦੀ ਲਾਸ਼ ਅੱਜ ਨਹਿਰ ਵਿੱਚੋਂ ਮਿਲਣ 'ਤੇ ਪੁਲਿਸ ਨੇ ਉਸ ਦੇ ਪਤੀ ਗੁਰਮੀਤ ਸਿੰਘ, ਉਸ ਦੇ ਸਹੁਰੇ ਦਰਸ਼ਨ ਸਿੰਘ ਅਤੇ ਸੱਸ ਸੁਰਜੀਤ ਕੌਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਸ ਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।