ਫ਼ੰਡਾਂ ਤੋਂ ਸੱਖਣੀ ਮਿਡ-ਡੇ-ਮੀਲ ਚਲਾਉਣ ਤੋਂ ਅਧਿਆਪਕਾਂ ਦੇ ਵੀ ਹੋਏ ਹੱਥ ਖੜੇ

Maninder Arora
Last Updated: Dec 07 2017 14:36

ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦੇਣ ਵਾਲੀ ਮਿਡ-ਡੇ-ਮੀਲ ਸਕੀਮ ਨੂੰ ਚਲਾਉਣ ਤੋਂ ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅਧਿਆਪਕਾਂ ਨੇ ਵੀ ਹੱਥ ਖੜੇ ਕਰ ਦਿੱਤੇ ਹਨ। ਜਾਣਕਾਰੀ ਦੇ ਅਨੁਸਾਰ ਬੀਤੇ ਲੰਬੇ ਸਮੇਂ ਤੋਂ ਫ਼ੰਡ ਨਾ ਮਿਲਣ ਕਾਰਨ ਹੁਣ ਅਧਿਆਪਕਾਂ ਵੱਲੋਂ ਆਪਣੀ ਜੇਬ ਤੋਂ ਖ਼ਰਚ ਕਰਨ 'ਤੇ ਅਸਮਰਥਾ ਜ਼ਾਹਿਰ ਕਰ ਦਿੱਤੀ ਗਈ ਹੈ। ਜ਼ਿਲ੍ਹੇ ਦੇ ਸਰਕਾਰੀ ਸਕੂਲ ਅਧਿਆਪਕਾਂ ਦੇ ਸਾਂਝੇ ਮੋਰਚੇ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੂੰ ਮੰਗ ਪੱਤਰ ਦੇ ਕੇ ਆਪਣੇ ਫ਼ੈਸਲੇ ਤੋਂ ਜਾਣਕਾਰ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਅਧਿਆਪਕਾਂ ਦੇ ਅਨੁਸਾਰ ਪੂਰਾ ਫ਼ੰਡ ਨਾ ਮਿਲਣ ਤੱਕ ਉਹ ਇਸ ਸਕੀਮ ਨੂੰ ਚਾਲੂ ਕਰਨ ਤੋਂ ਅਸਮਰਥ ਹਨ। ਅਧਿਆਪਕਾਂ ਦੇ ਅਨੁਸਾਰ ਉਨ੍ਹਾਂ ਨੂੰ ਹੁਣ ਤੱਕ ਸਕੂਲਾਂ ਲਈ ਇਸ ਸਕੀਮ ਵਾਸਤੇ ਪ੍ਰਾਪਤ ਹੋਣ ਵਾਲੇ ਫ਼ੰਡ ਦਾ ਸਿਰਫ਼ 20 ਫ਼ੀਸਦੀ ਹਿੱਸਾ ਦੇ ਕੇ ਪੂਰੀ ਸਕੀਮ ਚਾਲੂ ਰੱਖਣ ਦੇ ਹੁਕਮ ਹੋ ਰਹੇ ਹਨ ਜੋ ਕਿ ਮੁਮਕਿਨ ਨਹੀਂ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਮਲੋਟ ਬਲਾਕ ਦੇ ਕਈ ਸਕੂਲਾਂ 'ਚ ਇਹ ਸਕੀਮ ਬੰਦ ਹੋ ਗਈ ਸੀ ਅਤੇ ਹੁਣ ਲਗਭਗ ਸਾਰੇ ਜ਼ਿਲ੍ਹੇ ਵਿੱਚ ਸਕੀਮ ਆਖ਼ਰੀ ਸਾਹਾਂ 'ਤੇ ਚੱਲ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਅਨੁਸਾਰ ਉਨ੍ਹਾਂ ਨੂੰ ਜਲਦ ਹੀ ਫ਼ੰਡ ਮਿਲਣ ਦੀ ਉਮੀਦ ਹੈ।