ਕਾਊਂਟਰ ਇੰਟੈਲੀਜੈਂਸ ਨੇ ਹੀਰੋਇਨ ਅਤੇ ਡਰੱਗ ਮਨੀ ਸਮੇਤ ਕੀਤਾ ਸਮਗਲਰ ਕਾਬੂ

Last Updated: Dec 07 2017 14:32

ਡੀ.ਜੀ.ਪੀ ਇੰਟੈਲੀਜੈਂਸ ਪੰਜਾਬ ਦਿਨਕਰ ਗੁਪਤਾ ਅਤੇ ਆਈ.ਜੀ.ਪੀ ਸੀ.ਆਈ ਪੰਜਾਬ ਅਮਿੱਤ ਪ੍ਰਸਾਦ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬੀਤੇ ਦਿਨ ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੀ ਟੀਮ ਨੇ ਨਾਕੇਬੰਦੀ ਦੇ ਦੌਰਾਨ ਇੱਕ ਸਮਗਲਰ ਨੂੰ ਹੀਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ। ਫੜਿਆ ਗਿਆ ਸਮਗਲਰ ਪਿਛਲੇ ਛੇ ਮਹੀਨਿਆਂ ਤੋਂ ਹੀਰੋਇਨ ਦੀ ਸਪਲਾਈ ਕਰ ਰਿਹਾ ਸੀ। 

ਫ਼ਿਰੋਜ਼ਪੁਰ ਵਿਖੇ ਸੱਦੀ ਗਈ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਦੇ ਏ.ਆਈ.ਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨ ਸੀ.ਆਈ ਦੇ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਸਬ ਇੰਸਪੈਕਟਰ ਤਰਲੋਚਨ ਸਿੰਘ, ਏ.ਐਸ.ਆਈ ਜਤਿੰਦਰ ਸਿੰਘ ਜਦੋਂ ਗਸ਼ਤ ਦੇ ਸਬੰਧ 'ਚ ਮੌਜੂਦ ਸਨ ਤਾਂ ਉਨ੍ਹਾਂ ਦੀ ਟੀਮ ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਬਸਤੀ ਰਾਮ ਲਾਲ ਦਾ ਰਹਿਣ ਵਾਲਾ ਇੱਕ ਸਮਗਲਰ ਸਵਿਫ਼ਟ ਕਾਰ 'ਤੇ ਸਵਾਰ ਹੋ ਕੇ ਹੀਰੋਇਨ ਦੀ ਸਪਲਾਈ ਆਦਿ ਕਰਨ ਲਈ ਅਤੇ ਹੋਰ ਨਸ਼ੀਲੇ ਪਦਾਰਥਾਂ ਲੈਣ ਦੇਣ ਲਈ ਕਰੀਬ ਪੌਣੇ 14 ਲੱਖ ਰੁਪਏ ਡਰੱਗ ਮਨੀ ਲੈ ਕੇ ਜਾ ਰਿਹਾ ਹੈ।

ਏ.ਆਈ.ਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਨ੍ਹਾਂ ਦੀ ਟੀਮ ਪਿੰਡ ਅਟਾਰੀ ਤੋਂ ਵਾਹਕਾ ਰਸਤੇ 'ਤੇ ਰੁਕ ਗਈ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰਨ ਲੱਗ ਪਈ ਅਤੇ ਟੀਮ ਦੇ ਕੁਝ ਮੈਂਬਰ ਪਿੰਡ ਵਕੀਲਾਂਵਾਲੀ ਦੇ ਰਸਤੇ ਬੰਨ੍ਹ ਕੋਲ ਪਹੁੰਚ ਗਏ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਕਾਰ ਸਵਿਫ਼ਟ ਨੰਬਰੀ ਪੀ.ਬੀ 05 ਕਿਊ 1513 ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਇੱਕ ਦਮ ਕਾਰ ਪਿੱਛੇ ਵੱਲ ਮੋੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਉਕਤ ਕਾਰ ਚਾਲਕ ਨੂੰ ਕਾਬੂ ਕਰ ਲਿਆ।

ਏ.ਆਈ.ਜੀ ਨਰਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਸਬ ਇੰਸਪੈਕਟਰ ਤਰਲੋਚਨ ਸਿੰਘ ਅਤੇ ਏ.ਐਸ.ਆਈ ਜਤਿੰਦਰ ਸਿੰਘ ਵੱਲੋਂ ਉਕਤ ਕਾਰ ਚਾਲਕ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 265 ਗ੍ਰਾਮ ਹੀਰੋਇਨ ਅਤੇ ਕਾਰ ਦੀ ਤਲਾਸ਼ੀ ਲੈਣ ਉਪਰੰਤ ਕਾਰ ਵਿਚੋਂ 13 ਲੱਖ 70 ਹਜ਼ਾਰ ਰੁਪਏ (ਭਾਰਤੀ ਕਰੰਸੀ) ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਹੀਰੋਇਨ ਅਤੇ ਡਰੱਗ ਮਨੀ ਸਮੇਤ ਫੜੇ ਗਏ ਸਮਗਲਰ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ।

ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਫੜੇ ਗਏ ਸਮਗਲਰ ਗੁਰਵਿੰਦਰ ਸਿੰਘ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਹ ਮੰਨਿਆ ਕਿ ਉਹ ਪਿਛਲੇ 6 ਮਹੀਨੇ ਤੋਂ ਵੱਡੇ ਪੱਧਰ 'ਤੇ ਹੀਰੋਇਨ ਦੀ ਸਮਗਲਿੰਗ ਕਰ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।