ਹੌਜਰੀ ਫੈਕਟਰੀ 'ਚ ਪਾੜ ਲਗਾ ਕੇ ਅਣਪਛਾਤੇ ਵਿਅਕਤੀਆਂ ਨੇ ਚੋਰੀ ਕੀਤੀਆਂ ਮਸ਼ੀਨਾਂ

Last Updated: Dec 07 2017 14:38

ਬੰਦ ਹੌਜਰੀ ਫੈਕਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਵਿਅਕਤੀ ਫੈਕਟਰੀ 'ਚ ਪਾੜ ਲਗਾ ਕੇ ਅੰਦਰੋਂ ਲੱਖਾਂ ਰੁਪਏ ਕੀਮਤ ਦੀਆਂ ਮਸ਼ੀਨਾਂ ਅਤੇ ਕੱਪੜਿਆਂ ਦੇ ਥਾਨ ਚੋਰੀ ਕਰਕੇ ਲੈ ਗਏ। ਫੈਕਟਰੀ ਖੋਲਣ ਪਹੁੰਚੇ ਫੈਕਟਰੀ ਮਾਲਕ ਨੇ ਦੀਵਾਰ 'ਚ ਲੱਗੀ ਸੰਨ ਅਤੇ ਚੋਰੀ ਹੋਈ ਦੇਖ ਕੇ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਚੋਰੀ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸਥਿਤੀ ਦਾ ਜਾਇਜ਼ਾ ਲੈਣ ਦੇ ਬਾਅਦ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਰਾਹੋਂ ਰੋਡ ਇਲਾਕੇ 'ਚ ਸ੍ਰੀ ਸ਼ਾਮ ਨਿਟਵੀਅਰ ਨਾਮਕ ਫੈਕਟਰੀ ਚਲਾਉਣ ਵਾਲੇ ਸੱਤਿਆ ਜੈਨ ਵਾਸੀ ਰਿਸ਼ੀ ਨਗਰ, ਹੈਬੋਵਾਲ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਕਿਹਾ ਹੈ ਕਿ ਦੋ ਦਿਨ ਪਹਿਲਾਂ ਸ਼ਾਮ ਨੂੰ ਕੰਮ ਖਤਮ ਹੋਣ ਦੇ ਬਾਅਦ ਉਹ ਆਪਣੀ ਫੈਕਟਰੀ ਨੂੰ ਤਾਲਾ ਲਗਾਉਣ ਦੇ ਬਾਅਦ ਵਾਪਸ ਘਰ ਚਲਾ ਗਿਆ ਸੀ। ਸਵੇਰੇ ਫੈਕਟਰੀ ਖੋਲਣ ਦੇ ਬਾਅਦ ਉਹ ਅੰਦਰ ਪਹੁੰਚਿਆ ਤਾਂ ਦੇਖਿਆ ਫੈਕਟਰੀ ਦੇ ਦਫਤਰ ਦੀ ਦੀਵਾਰ 'ਚ ਪਾੜ ਲੱਗਾ ਹੋਇਆ ਸੀ ਅਤੇ ਅੰਦਰ ਸਾਮਾਨ ਖਿਲਰਿਆ ਪਿਆ ਸੀ।

ਇਸਦੇ ਬਾਅਦ ਜਦੋਂ ਉਸਨੇ ਅੰਦਰ ਸਾਮਾਨ ਚੈਕ ਕੀਤਾ ਤਾਂ ਫੈਕਟਰੀ 'ਚੋਂ ਵਿਦੇਸ਼ੀ ਕੰਪਨੀ ਦੀਆਂ 6 ਸਿਲਾਈ ਮਸ਼ੀਨਾਂ, ਇੱਕ ਫੋਲਡਿੰਗ ਮਸ਼ੀਨ, ਇੱਕ ਓਵਰ ਲਾਕ ਮਸ਼ੀਨ, ਇੱਕ ਕਟਰ ਯੈਕ ਅਤੇ ਕੱਪੜੇ ਦੇ 10 ਥਾਨ ਗਾਇਬ ਸਨ, ਜਿਸਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਬਾਅਦ 'ਚ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸ਼ਿਕਾਇਤ ਮਿਲਣ ਦੇ ਬਾਅਦ ਥਾਣਾ ਜੋਧਵਾਲ ਪੁਲਿਸ ਨੇ ਫੈਕਟਰੀ 'ਚ ਪਹੁੰਚ ਕੇ ਮੌਕੇ ਦਾ ਮੁਆਇਨਾ ਕੀਤਾ ਅਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ। ਪੁਲਿਸ ਚੋਰਾਂ ਦਾ ਸੁਰਾਗ ਲਗਾਉਣ ਸਬੰਧੀ ਆਸਪਾਸ ਦੇ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਖੰਘਾਲ ਰਹੀ ਹੈ, ਪਰ ਪੁਲਿਸ ਨੂੰ ਚੋਰਾਂ ਸਬੰਧੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।