ਸੋਚੋ !!! ਕੀ ਬਣੂੰ, ਜੇ ਸਾਬਤ ਹੋ ਗਿਆ ਕਿ ਸਰਕਾਰੀ ਸਾਜ਼ਿਸ਼ ਦਾ ਹਿੱਸਾ ਸੀ, ਨਾਭਾ ਜੇਲ੍ਹ ਬ੍ਰੇਕ ਕਾਂਡ ?

Last Updated: Dec 07 2017 12:31

ਨਾਭਾ ਜੇਲ੍ਹ ਬ੍ਰੇਕ ਕਾਂਡ ਨੂੰ ਵਾਪਰਿਆਂ ਅੱਜ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੱਕਾ ਹੈ। ਇਸ ਜੇਲ੍ਹ ਬ੍ਰੇਕ ਕਾਂਡ ਦੇ ਨੂੰ ਅੰਜਾਮ ਦੇਣ ਲਈ ਲਗਭਗ ਇੱਕ ਦਰਜਨ ਹਥਿਆਰਬੰਦ ਗੈਂਗਸਟਰ ਨੇ 27 ਨਵੰਬਰ, 2016 ਨੂੰ ਚਿੱਟੇ ਦਿਨ ਪੰਜਾਬ ਦੀ ਇਸ ਮੈਕਸੀਮਮ ਸਕਿਉਰਿਟੀ ਜੇਲ੍ਹ ਤੇ ਹਮਲਾ ਕਰਕੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਦੋ ਖਾੜਕੂਆਂ ਸਣੇ ਆਪਣੇ ਛੇ ਸਾਥੀਆਂ ਨੂੰ ਛੁੜਵਾ ਲਿਆ ਸੀ। ਜਿਨ੍ਹਾਂ ਵਿੱਚ ਸੂਬਾ ਪੰਜਾਬ ਦੇ ਖ਼ਤਰਨਾਕ ਸਮਝੇ ਜਾਂਦੇ ਗੈਂਗਸਟਰ ਵਿੱਕੀ ਗੌਂਡਰ ਵੀ ਸ਼ਾਮਲ ਸੀ, ਜਿਸ ਨੂੰ ਕਿ ਬੜੀ ਹੀ ਅਸਾਨੀ ਤੇ ਨਾਟਕੀ ਢੰਗ ਨਾਲ ਛੁਡਵਾ ਲਿਆ ਗਿਆ ਸੀ। 

ਭਾਵੇਂ ਕਿ ਪੰਜਾਬ ਪੁਲਿਸ ਇਹ ਦਾਅਵਾ ਕਰਦੀ ਨਹੀਂ ਥੱਕਦੀ ਕਿ ਜੇਲ੍ਹ ਬ੍ਰੇਕ ਦਾ ਇਹ ਕਾਰਨਾਮਾ ਕੇਵਲ ਅਤੇ ਕੇਵਲ ਪੰਜਾਬ ਦੇ ਕੁਝ ਗੈਂਗਸਟਰ ਦਾ ਹੀ ਹੈ। ਪਰ ਜਿੰਨੀ ਅਸਾਨੀ ਨਾਲ ਹੁਣ ਤੱਕ ਪੁਲਿਸ ਇਹ ਸਭ ਕੁਝ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਆ ਰਹੀ ਹੈ, ਉੱਤੋਂ ਕਾਨੂੰਨੀ ਮਾਹਿਰਾਂ ਅਨੁਸਾਰ ਇਹ ਨਹੀਂ ਸੀ ਜਾਪਦਾ ਕਿ ਚੰਦ ਛੋਕਰੇ ਜੇਲ੍ਹ ਤੇ ਹਮਲਾ ਕਰਕੇ ਇਸ ਕਿਸਮ ਦੀ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦੇ ਹਨ, ਉਹ ਵੀ ਉਸ ਜੇਲ੍ਹ ਤੇ ਜਿਸ ਤੇ ਕਿ ਪੰਜਾਬ ਦੀ ਮੈਕਸੀਮਮ ਸਕਿਓਰਿਟ ਜੇਲ੍ਹ ਦਾ ਠੱਪਾ ਲੱਗਾ ਹੋਇਆ ਹੈ। 

ਦੋਸਤੋ, ਇਸ ਸਭ ਗੱਲਾਂ ਤਾਂ ਉੱਠ ਰਹੀਆਂ ਨੇ ਕਿਉਂਕਿ ਜਿਨ੍ਹਾਂ ਦਿਨਾ ਵਿੱਚ ਇਹ ਜੇਲ੍ਹ ਬ੍ਰੇਕ ਕਾਂਡ ਹੋਇਆ ਸੀ ਉਸ ਸਮੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਸੀ, ਲਿਹਾਜ਼ਾ ਵਿਰੋਧੀ ਪਾਰਟੀਆਂ ਅਤੇ ਕੁਝ ਅਮਨ ਪਸੰਦ ਲੋਕਾਂ ਨੇ ਵੀ ਇਸ ਜੇਲ੍ਹ ਬ੍ਰੇਕ ਕਾਂਡ ਦੀ ਹੋਂਦ ਤੇ ਆਸ਼ੰਕਾ ਜਿਤਾਉਣੀ ਸ਼ੁਰੂ ਕਰ ਦਿੱਤੀ ਸੀ ਲੇਕਿਨ ਸਰਕਾਰ ਦੇ ਦਾਅਵਿਆਂ ਨੇ ਲੋਕਾਂ ਦੀਆਂ ਆਸੰਕਾਵਾਂ ਨੂੰ ਨੇਸਤੇ ਨਾਬੂਦ ਕਰਨ ਲਈ ਇੱਕ ਅਜਿਹੀ ਚਕਰੀ ਘੁਮਾਈ ਕਿ ਵਿਰੋਧੀ ਸੁਰਾਂ ਆਪਣੇ ਆਪ ਹੀ ਦੱਬ ਗਈਆਂ ਅਤੇ ਕੁਝ ਚਿਰ ਬਾਅਦ ਸਭ ਭੁੱਲ ਭੁੱਲਾ ਕੇ ਸਰਕਾਰੀ ਦਾਅਵਿਆਂ ਨੂੰ ਹੀ ਮੰਨਣ ਲੱਗ ਪਏ ਕਿ ਜੇਲ੍ਹ ਬ੍ਰੇਕ ਦੇ ਇਸ ਕਾਰੇ ਦੇ ਪਿੱਛੇ ਗੈਂਗਸਟਰ ਦੀ ਹੀ ਦਿਮਾਗ਼ ਹੈ।
 
ਦੋਸਤੋ, ਸੋਚੋ ਕਿ ਆਉਣ ਵਾਲੇ ਸਮੇਂ ਵਿੱਚ ਜੇ ਤੁਹਾਨੂੰ ਇਹ ਗੱਲ ਪਤਾ ਲੱਗੇ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਪਿੱਛੇ ਗੈਂਗਸਟਰ ਦਾ ਨਹੀਂ ਸਰਕਾਰੀ ਸਾਜ਼ਿਸ਼ ਦਾ ਹੱਥ ਸੀ ? ਕਿ ਤੁਸੀਂ ਇਹ ਤੁਸੀਂ ਸੁਣ ਕੇ ਹੈਰਾਨ ਨਹੀਂ ਹੋਵੋਗੇ ? ਮੇਰਾ ਦਾਅਵਾ ਹੈ ਕਿ ਹੈਰਾਨ ਹੀ ਨਹੀਂ ਬਲਕਿ ਪਰੇਸ਼ਾਨ ਵੀ ਹੋਵੋਗੇ ਤੇ ਤੁਹਾਡੇ ਪੈਰਾਂ ਥੱਲਿਓਂ ਜ਼ਮੀਨ ਵੀ ਸਰਕ ਜਾਵੇਗੀ ਇਹ ਜਾਣ ਕੇ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੀ ਭਕਾਈ ਹੈ ? ਜੀ ਹਾਂ, ਇਸ ਜੇਲ੍ਹ ਬ੍ਰੇਕ ਕਾਂਡ ਨਾਲ ਜੁੜੀਆਂ ਉਕਤ ਗੱਲਾਂ ਅਸੀਂ ਨਹੀਂ ਬਲਕਿ ਇਸ ਸਮੇਂ ਨਾਭਾ ਜੇਲ੍ਹ ਵਿੱਚ ਬੰਦ ਗੈਂਗਸਟਰ ਨੀਟਾ ਦਿਓਲ ਦੇ ਵਕੀਲ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਤੇ ਲਗਾਏ ਗਏ ਇਲਜ਼ਾਮਾਂ ਦੌਰਾਨ ਕਹੀਆਂ ਹਨ ਜਿਸ ਨੂੰ ਕਿ ਜੇਕਰ ਸਹੀ ਮੰਨ ਲਿਆ ਜਾਵੇ ਤਾਂ ਹਰ ਪਾਸੇ ਪਟਾਕਾ ਪੈ ਜਾਵੇਗਾ, ਕਿਉਂਕਿ ਨੀਟਾ ਦੇ ਵਕੀਲ ਛਾਤੀ ਠੋਕ ਕੇ ਕਹਿ ਰਹੇ ਹਨ ਕਿ ਉਹ ਇਹ ਸਭ ਦਾਅਵਿਆਂ ਨੂੰ ਅਦਾਲਤ ਵਿੱਚ ਸਾਬਤ ਵੀ ਕਰਨਗੇ । 

ਨੀਟਾ ਦਿਓਲ ਦੇ ਵਕੀਲ ਹਰਪ੍ਰੀਤ ਦਾ ਇਹ ਵੀ ਦਾਅਵਾ ਹੈ ਕਿ ਜੇਲ੍ਹ ਬ੍ਰੇਕ ਦੀ ਸਾਰੀ ਸਾਜ਼ਿਸ਼ ਦੇ ਪਿੱਛੇ ਪੁਲਿਸ ਦਾ ਆਪਣਾ ਹੱਥ ਸੀ। ਉਨ੍ਹਾਂ ਦਾ ਇਲਜ਼ਾਮ ਇਹ ਵੀ ਹੈ ਕਿ ਜੇਲ੍ਹ ਤੋਂ ਫ਼ਰਾਰ ਹੋਣ ਦੇ ਬਾਅਦ ਪੁਲਿਸ ਨੇ ਨੀਟਾ ਨੂੰ ਡਰਾ ਧਮਕਾ ਕੇ ਆਪਣੇ ਪਾਸ ਹੀ ਰੱਖਿਆ ਹੋਇਆ ਸੀ। ਜਦੋਂ ਨੀਟਾ ਦੇ ਪਿਤਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਨੀਟੇ ਦੀ ਜਾਨ ਨੂੰ ਪੁਲਿਸ ਤੋਂ ਖ਼ਤਰਾ ਹੋਣ ਸੰਬੰਧੀ ਪਟੀਸ਼ਨ ਦਾਇਰ ਕੀਤੀ ਤਾਂ ਪੁਲਿਸ ਨੇ ਤੁਰੰਤ ਨੀਟਾ ਦੀ ਗ੍ਰਿਫ਼ਤਾਰੀ ਪਾਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ।

ਵਕੀਲ ਹਰਪ੍ਰੀਤ ਸਿੰਘ ਦਾ ਦਾਅਵਾ ਹੈ ਕਿ ਜੇਲ੍ਹ ਬ੍ਰੇਕ ਕਾਂਡ ਦੇ ਪਿੱਛੇ ਜਿਨ੍ਹਾਂ ਦਾ ਹੱਥ ਸੀ, ਜਿਹੜੀਆਂ ਤਾਕਤਾਂ ਦੇ ਇਸ਼ਾਰਿਆਂ ਤੇ ਇਸ ਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ, ਉਨ੍ਹਾਂ ਨੂੰ ਹੁਣ ਇਹ ਖ਼ਤਰਾ ਮਹਿਸੂਸ ਹੋਣ ਲੱਗ ਪਿਆ ਹੈ ਕਿ ਅਗਰ ਇਹ ਸਚਾਈ ਬਾਹਰ ਆ ਗਈ ਤਾਂ ਇਸ ਨਾਲ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਦੀ ਜਾਨ ਤਾਂ ਕੁੜਿੱਕੀ ਵਿੱਚ ਫਸੇਗੀ ਹੀ ਇਸ ਦੇ ਨਾਲ ਨਾਲ ਕਈ ਸਫ਼ੈਦਪੋਸ਼ ਸਿਆਸੀ ਆਗੂ ਵੀ ਬੇਨਕਾਬ ਹੋ ਜਾਣਗੇ। ਉਹ ਬੇਪਰਦਾ ਨਾ ਹੋਣ ਇਸ ਲਈ ਉਹ ਲੋਕ ਨਾਭਾ ਜੇਲ੍ਹ ਦੇ ਅੰਦਰਲੇ ਆਪਣੇ ਬੰਦਿਆਂ ਰਾਹੀਂ ਨੀਟਾ ਤੇ ਹਮਲਾ ਕਰਵਾ ਸਕਦੇ ਹਨ। ਵਕੀਲ ਹਰਪ੍ਰੀਤ ਸਿੰਘ ਨੇ ਨੀਟੇ ਦੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਉਸ ਦੀ ਜੇਲ੍ਹ ਤਬਦੀਲ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। 
ਗੱਲਬਾਤ ਦੇ ਦੌਰਾਨ ਵਕੀਲ ਹਰਪ੍ਰੀਤ ਸਿੰਘ ਦਾ ਦਾਅਵਾ ਸੀ ਕਿ ਪਿਛਲੇ ਦਿਨੀਂ ਪੁਲਿਸ ਨੇ ਨੀਟਾ ਕੋਲੋਂ ਜਿਹੜੀ ਮੋਬਾਈਲ ਫ਼ੋਨ ਦੀ ਬਰਾਮਦਗੀ ਵਿਖਾਈ ਹੈ, ਉਹ ਮੋਬਾਈਲ ਫ਼ੋਨ ਨੀਟਾ ਦਾ ਹੈ ਹੀ ਨਹੀਂ, ਬਲਕਿ ਇਹ ਪੁਲਿਸ ਦੇ ਕਿਸੇ ਆਪਣੇ ਹੀ ਕਰਮਚਾਰੀ ਦਾ ਸੀ, ਜਿਹੜਾ ਕਿ ਹੁਣ ਵੀ ਉਸ ਦੇ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਸਮਾਂ ਆਉਣ ਤੇ ਉਹ ਇਹ ਸਭ ਗੱਲਾਂ ਅਦਾਲਤ ਵਿੱਚ ਸਾਬਤ ਕਰ ਦੇਣਗੇ। ਵਕੀਲ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਦੇ ਤਹਿਤ ਨੀਟਾ ਨੂੰ ਪਹਿਲਾਂ ਪਟਿਆਲਾ, ਫਿਰ ਕਪੂਰਥਲਾ ਅਤੇ ਹੁਣ ਵਾਪਸ ਉਸੇ ਨਾਭਾ ਜੇਲ੍ਹ ਵਿੱਚ ਲੈ ਆਂਦਾ ਗਿਆ ਜਿੱਥੋਂ ਕਿ ਉਸ ਦੀ ਜਾਨ ਨੂੰ ਬੇਹੱਦ ਖ਼ਤਰਾ ਹੈ।

ਦੋਸਤੋ, ਜੇਕਰ ਨੀਟਾ ਦੇ ਵਕੀਲ ਹਰਪ੍ਰੀਤ ਸਿੰਘ ਦੀਆਂ ਗੱਲਾਂ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਅਤੇ ਸਰਕਾਰ ਤੇ ਲਗਾਏ ਗਏ ਇਲਜ਼ਾਮਾਤ ਨੂੰ ਅਦਾਲਤ ਨੇ ਸਹੀ ਮੰਨ ਲਿਆ, ਤਾਂ ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਅਤੇ ਸਿਆਸਤ ਨਾਲ ਜੁੜੇ ਉਨ੍ਹਾਂ ਸਫ਼ੇਦ ਪੋਸ਼ਾਂ ਦੇ ਚਿਹਰੇ ਬੇਨਕਾਬ ਹੋ ਜਾਣਗੇ। ਦੂਜੇ ਪਾਸੇ ਅਗਰ ਇਨਵੈਸਟੀਗੇਸ਼ਨ ਦੇ ਮਾਹਿਰ ਕੁਝ ਪੁਲਿਸ ਦੇ ਹੰਢੇ ਹੋਏ ਸਾਬਕਾ ਪੁਲਿਸ ਅਫ਼ਸਰਾਂ ਦੀ ਗੱਲ ਕਰੀਏ ਤਾਂ ਉਹ ਤਾਂ ਦੱਬੀ ਅਵਾਜ਼ ਵਿੱਚ ਪਹਿਲਾਂ ਤੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਨੂੰ ਸ਼ੱਕੀ ਮੰਨਦੇ ਆ ਰਹੇ ਹਨ। ਭਾਵੇਂ ਕਿ ਉਹ ਆਪਣੇ ਮਹਿਕਮੇ ਦੇ ਖ਼ਿਲਾਫ਼ ਸਿੱਧੀ ਟਿੱਪਣੀ ਕਰਨ ਤੋਂ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਨੇ ਲੇਕਿਨ ਉਨ੍ਹਾਂ ਵਿੱਚੋਂ ਕੁਝ ਇੱਕ ਨੇ ਮੰਨਿਆ ਕਿ ਚੰਦ ਛੋਕਰੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਦੇ ਜਦੋਂ ਤੱਕ ਕਿ ਖ਼ੁਦ ਸਿਸਟਮ ਉਨ੍ਹਾਂ ਦੀ ਪਿੱਠ ਤੇ ਨਾਂ ਖੜ੍ਹਾ ਹੋਵੇ। ਇੱਥੇ ਹੀ ਬੱਸ ਨਹੀਂ ਕੁਝ ਇੱਕ ਸਾਬਕਾ ਪੁਲਿਸ ਅਫ਼ਸਰਾਂ ਨੇ ਤਾਂ ਸਰਕਮ ਸਟਾਂਸ ਐਵੀਡੈਂਸ ਦੇ ਅਧਾਰ ਤੇ ਇਸ ਗੱਲ ਦੇ ਵੀ ਸੰਕੇਤ ਦਿੱਤੇ ਕਿ ਇਹ ਵਾਰਦਾਤ ਬਿਨਾਂ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਦੇ ਨੇਪਰੇ ਚਾੜ੍ਹਨੀ ਮੁਸ਼ਕਿਲ ਹੀ ਨਹੀਂ ਬਲਕਿ ਨਾ ਮੁਮਕਿਨ ਵੀ ਹੈ। ਰਹੀ ਗੱਲ ਵਕੀਲ ਹਰਪ੍ਰੀਤ ਸਿੰਘ ਦੀ ਤਾਂ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਕੀ ਚਮਤਕਾਰ ਵਖਾਉਂਦੇ ਹਨ, ਕਿਉਂਕਿ ਜੇਕਰ ਪੁਲਿਸ ਵੱਲੋਂ ਮੁਲਜ਼ਮ ਬਣਾਏ ਜਾਣ ਵਾਲੇ ਲੋਕਾਂ ਦੇ ਰਿਕਾਰਡ ਚੁੱਕ ਕੇ ਵੇਖੀਏ ਤਾਂ ਉਹ ਵੀ ਇਹ ਕਹਿੰਦਾ ਹੈ ਕਿ ਪੁਲਿਸ ਅਦਾਲਤਾਂ ਵਿੱਚ 65 ਤੋਂ 70 ਪ੍ਰਤੀਸ਼ਤ ਮੁਲਜ਼ਮਾਂ ਤੇ ਦੋਸ਼ ਸਾਬਤ ਕਰਨ 'ਚ ਨਾਕਾਮ ਰਹੀ ਹੈ, ਯਾਨੀ ਕਿ 65 ਤੋਂ 70 ਪ੍ਰਤੀਸ਼ਤ ਲੋਕ ਜਾਂ ਤਾਂ ਜੂਠੇ ਫਸੇ ਸਨ ਜਾਂ ਫਸਾਏ ਗਏ ਸਨ। ਪਰ ਇਸ ਦੇ ਨਾਲ ਇੱਕ ਸਚਾਈ ਇਹ ਵੀ ਹੈ ਕਿ 30 ਤੋਂ 35 ਪ੍ਰਤੀਸ਼ਤ ਸਮਾਜ ਦੇ ਦੁਸ਼ਮਣ ਲੋਕਾਂ ਨੂੰ ਸਜਾ ਵੀ ਪੁਲਿਸ ਦੀ ਕਾਰਗੁਜ਼ਾਰੀ ਕਾਰਨ ਹੀ ਮਿਲ ਪਾਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।