ਵਿਧਾਨਸਭਾ ਇਜਲਾਸ 'ਚ ਪਟਾਕੇ ਪਾਵੇਗੀ 35 ਲਖੀ ਆਡੀਓ ਰਿਕਾਰਡਿੰਗ

Last Updated: Nov 27 2017 17:41

ਪੰਜਾਬ ਵਿਧਾਨ ਸਭਾ ਇਜਲਾਸ ਵਿੱਚ ਸਿਮਰਜੀਤ ਸਿੰਘ ਬੈਂਸ ਵੱਲੋਂ ਪੇਸ਼ ਕੀਤੀ ਜਾ ਰਹੀ 35 ਲਖੀ ਆਡੀਓ ਪੂਰੀ ਤਰਾਂ ਨਾਲ ਪਟਾਕੇ ਪਾਵੇਗੀ। ਜਿਹੜੀ ਆਡੀਓ ਰਿਕਾਰਡਿੰਗ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹ ਰਿਕਾਰਡਿੰਗ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਦੇ ਇੱਕ ਡਿਪਟੀ ਐਡਵੋਕੇਟ ਜਨਰਲ ਦੀ ਹੈ। ਜਿਸ ਵਿੱਚ ਉਕਤ ਐਡਵੋਕੇਟ ਜਨਰਲ ਪੰਜਾਬ ਦੇ ਇੱਕ ਬਰਖ਼ਾਸਤ ਪੀ.ਸੀ.ਐਸ ਅਧਿਕਾਰੀ ਦੇ ਦਰਮਿਆਨ ਹੋ ਰਹੀ ਗੱਲਬਾਤ ਦੀ ਹੈ। ਵਿਧਾਨ ਸਭਾ ਇਜਲਾਸ ਦੇ ਦੌਰਾਨ ਉਕਤ ਆਡੀਓ ਰਿਕਾਰਡਿੰਗ 'ਤੇ ਰੌਲਾ ਪੈਣਾ ਲਗਭਗ ਤੈਅ ਦੱਸਿਆ ਜਾ ਰਿਹਾ ਹੈ। 

ਬੈਂਸ ਦੇ ਦਾਅਵੇ ਅਨੁਸਾਰ ਆਡੀਓ ਰਿਕਾਰਡਿੰਗ ਵਿੱਚ ਉਕਤ ਐਡਵੋਕੇਟ ਜਨਰਲ ਅਤੇ ਪੀ.ਸੀ.ਐਸ ਅਧਿਕਾਰੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇੱਕ ਜੱਜ ਨੂੰ 35 ਲੱਖ ਰੁਪਏ ਰਿਸ਼ਵਤ ਦੇਣ ਦੀ ਗੱਲ ਕਰ ਰਹੇ ਹਨ। ਇਸ ਆਡੀਓ ਵਿੱਚ ਕਿੰਨੀ ਕੁ ਸਚਾਈ ਹੈ, ਉਹ ਤਾਂ ਭਾਵੇਂ ਇੱਕ ਜਾਂਚ ਦਾ ਵਿਸ਼ਾ ਹੈ ਪਰ ਅਗਰ ਇਸ ਵਿੱਚ ਜਰਾ ਵੀ ਸਚਾਈ ਹੈ ਤਾਂ ਇਹ ਸਾਡੀ ਨਿਆਂ ਪ੍ਰਨਾਲੀ 'ਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ। 

ਬੈਂਸ ਅਨੁਸਾਰ ਉਕਤ ਆਡੀਓ ਰਿਕਾਰਡਿੰਗ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਲਈ ਉਹ ਛੇਤੀ ਹੀ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਮਿਲਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਉਕਤ ਆਡੀਓ ਰਿਕਾਰਡਿੰਗ ਦੀ ਸੀ.ਬੀ.ਆਈ ਜਾਂਚ ਕਰਵਾਉਣ ਲਈ ਵੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ। ਬੈਂਸ ਨੇ ਕਿਹਾ ਕਿ ਜਿਹੜਾ ਬਰਖ਼ਾਸਤ ਪੀ.ਸੀ.ਐਸ ਅਧਿਕਾਰੀ ਡਿਪਟੀ ਐਡਵੋਕੇਟ ਜਨਰਲ ਨਾਲ ਗੱਲਬਾਤ ਕਰ ਰਿਹਾ ਹੈ, ਉਹ ਖ਼ੁਦ ਵੀ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਹੀ ਲਿਪਤ ਰਿਹਾ ਹੈ ਜਿਸ ਦੇ ਚਲਦਿਆਂ ਇਹ ਮਾਮਲਾ ਹੋਰ ਵੀ ਸੰਗੀਨ ਬਣਦਾ ਹੈ। ਬੈਂਸ ਦਾ ਦਾਅਵਾ ਹੈ ਕਿ ਉਸ ਕੋਲ ਬਕਾਇਦਾ ਇੱਕ ਵੀਡੀਓ ਰਿਕਾਰਡਿੰਗ ਵੀ ਪੁੱਜ ਚੁੱਕੀ ਹੈ ਜਿਸ ਵਿੱਚ ਕਿ ਉਕਤ ਐਡਵੋਕੇਟ ਜਨਰਲ ਹੋਰਨਾਂ ਕੇਸਾਂ ਵਿੱਚ ਵੀ ਸੈਟਿੰਗ ਦੀ ਗੱਲ ਕਰਦਾ ਹੋਇਆ ਸੁਣਾਈ ਤੇ ਵਿਖਾਈ ਦੇ ਰਿਹਾ ਹੈ।