ਬਾਰ ਐਸੋਸ਼ੀਏਸ਼ਨ ਨੂੰ ਮਿਲੀ ਇੱਕ ਗੁਮਨਾਮ ਚਿੱਠੀ

Tarsem Chanana
Last Updated: Oct 18 2017 21:17

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਸੀਨੀਅਰ ਜੱਜਾਂ ਨੂੰ ਇੱਕ ਗੁਮਨਾਮ ਪੱਤਰ ਭੇਜ ਕੇ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਆਪਣੇ ਆਪ ਨੂੰ ਵਕੀਲ ਦੱਸਦੇ ਹੋਏ ਬਾਰ ਐਸੋਸੀਏਸ਼ਨ ਦੇ ਇੱਕ ਸੀਨੀਅਰ ਵਕੀਲ ਅਤੇ ਜੱਜ 'ਤੇ ਗੰਭੀਰ ਦੋਸ਼ ਲਾਏ ਗਏ ਹਨ। ਗੁਮਨਾਮ ਵਕੀਲ ਨੇ ਦੋ ਵਰਕਿਆਂ ਦੀ ਇਹ ਚਿੱਠੀ ਕੋਈ 100 ਦੇ ਕਰੀਬ ਵਕੀਲਾਂ ਨੂੰ ਡਾਕ ਰਾਹੀਂ ਭੇਜੀ ਹੈ ਅਤੇ ਇਸ ਪੱਤਰ ਵਿੱਚ ਆਪਣਾ ਨਾਂਅ ਨਹੀਂ ਲਿਖਿਆ। ਚਿੱਠੀ 'ਚ ਇੱਕ ਸੀਨੀਅਰ ਵਕੀਲ ਅਤੇ ਜੱਜ ਦੀ ਕਥਿਤ ਮਿਲੀ ਭਗਤ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਬਾਰ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨੇ ਇਸ ਗੁਮਨਾਮ ਸ਼ਿਕਾਇਤ ਵਿੱਚ ਲਾਏ ਗਏ ਦੋਸ਼ਾਂ ਨੂੰ ਨਿਰਾਧਾਰ ਅਤੇ ਝੂਠਾ ਦੱਸਿਆ ਹੈ ਅਤੇ ਇਸ ਦੀ ਨਿਰਪੱਖ ਪੜਤਾਲ ਦੀ ਮੰਗ ਕੀਤੀ ਹੈ। ਬਾਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਢਿੱਲੋਂ ਨੇ ਗੁਮਨਾਮ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਵਾਦਿਤ ਪੱਤਰ ਲਿਖਣ ਵਾਲੇ ਵਿਅਕਤੀ ਦਾ ਨਾਂਅ ਅਜੇ ਤੱਕ ਨਸ਼ਰ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਇਸ ਗੁਮਨਾਮ ਪੱਤਰ ਲਿਖਣ ਵਾਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਇਹ ਗੁਮਨਾਮ ਪੱਤਰ ਵਕੀਲਾਂ ਦੀ ਆਪਸੀ ਰੰਜਸ਼ ਦਾ ਸਿੱਟਾ ਹੈ। ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਮੰਗਤ ਅਰੋੜਾ ਨੂੰ ਵੀ ਇਹ ਪੱਤਰ ਡਾਕ ਰਾਹੀਂ ਮਿਲਿਆ ਹੈ ਅਤੇ ਉਨ੍ਹਾਂ ਨੇ ਇਹ ਪੱਤਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਭੇਜ ਦਿੱਤਾ ਹੈ।

ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਗੁਮਨਾਮ ਪੱਤਰ ਵਿੱਚ ਜਿਸ ਜੱਜ 'ਤੇ ਵਕੀਲ ਨਾਲ ਕਥਿਤ ਮਿਲੀ ਭਗਤ ਦੇ ਦੋਸ਼ ਲਾਏ ਹਨ, ਉਹ ਜੱਜ ਬੇਹੱਦ ਇਮਾਨਦਾਰ ਅਤੇ ਸ਼ਰੀਫ਼ ਹੈ। ਉਨ੍ਹਾਂ ਨੇ ਕਿਹਾ ਕਿ ਸਾਜ਼ਿਸ਼ ਦੇ ਤਹਿਤ ਇਹ ਪੱਤਰ ਬਾਰ ਐਸੋਸੀਏਸ਼ਨ ਵਿੱਚ ਭੇਜਿਆ ਗਿਆ ਹੈ। ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਜੁਗਪਾਲ ਸਿੰਘ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਇਸ ਗੁਮਨਾਮ ਪੱਤਰ ਦੀ ਬਰੀਕੀ ਨਾਲ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੱਤਰ ਜ਼ਿਲ੍ਹੇ ਦੇ ਹੀ ਇੱਕ ਪਿੰਡ ਵਾੜਾ ਦਰਾਕਾ ਤੋਂ ਪੋਸਟ ਕੀਤੇ ਗਏ ਹਨ।