ਅਦਾਲਤ ਨੇ ਅੱਠ ਕਿਸਾਨ ਆਗੂਆਂ ਨੂੰ ਕੀਤਾ ਬਰੀ

Last Updated: Oct 09 2017 20:04

ਫ਼ਰੀਦਕੋਟ ਦੀ ਮਾਨਯੋਗ ਅਦਾਲਤ ਨੇ ਅੱਜ ਚਾਰ ਸਾਲ ਪੁਰਾਣੇ ਕੇਸ ਵਿੱਚ 8 ਕਿਸਾਨ ਆਗੂਆਂ ਨੂੰ ਨਿਰਦੋਸ਼ ਪਾਉਂਦੇ ਹੋਏ ਬਰੀ ਕਰ ਦਿੱਤਾ। ਜੁਡੀਸ਼ੀਅਲ ਮੈਜਿਸਟਰੇਟ ਅਤੁਲ ਕੰਬੋਜ ਨੇ 31 ਮਈ 2013 ਨੂੰ ਸਿਟੀ ਕੋਟਕਪੂਰਾ ਵਿਖੇ ਦਰਜ ਕੀਤੇ ਗਏ ਮੁਕੱਦਮੇ ਦੀ ਕੀਤੀ ਗਈ ਸੁਣਵਾਈ ਦੇ ਉਪਰੰਤ ਕਿਸਾਨ ਆਗੂ ਨਿਰਮਲ ਸਿੰਘ ਅਤੇ ਉਸ ਦੇ 7 ਹੋਰ ਸਾਥੀਆਂ ਨੂੰ ਬਰੀ ਕੀਤੇ ਜਾਣ ਦੇ ਹੁਕਮ ਸੁਣਾਏ।  

ਜਾਣਕਾਰੀ ਦੇ ਅਨੁਸਾਰ ਸਿਵਲ ਜੱਜ ਫ਼ਰੀਦਕੋਟ ਦੇ ਬੈਲਫ ਅਫ਼ਸਰ ਗੁਰਦਿੱਤ ਸਿੰਘ ਵੱਲੋਂ 31 ਮਈ 2013 ਨੂੰ ਥਾਣਾ ਸਿਟੀ ਕੋਟਕਪੂਰਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਨੇ ਸਿਵਲ ਜੱਜ ਫ਼ਰੀਦਕੋਟ ਗੁਰਦਰਸ਼ਨ ਕੌਰ ਦੇ ਹੁਕਮਾਂ ਦੀ ਪਾਲਨਾ ਕਰਦੇ ਹੋਏ ਨਸੀਬ ਸਿੰਘ ਨਾਂਅ ਦੇ ਕਿਸਾਨ ਦੇ ਘਰ ਦਾ ਕਬਜ਼ਾ ਰਾਮ ਸਿੰਘ ਨਾਂਅ ਦੇ ਵਿਅਕਤੀ ਨੂੰ ਕਰਵਾਉਣ ਵਾਸਤੇ ਕਬਜ਼ਾ ਵਰੰਟ ਹਾਸਲ ਕੀਤੇ ਸਨ।

ਜਦੋਂ ਉਹ ਕਬਜ਼ਾ ਦਿਵਾਉਣ ਲਈ ਮੌਕੇ 'ਤੇ ਗਏ ਤਾਂ ਕਿਸਾਨ ਆਗੂ ਨਿਰਮਲ ਸਿੰਘ, ਸੋਹਣ ਸਿੰਘ ਬਰਗਾੜੀ, ਜਸਵਿੰਦਰ ਸਿੰਘ, ਯਾਦਵਿੰਦਰ ਸਿੰਘ, ਸਿਕੰਦਰ ਸਿੰਘ ਦਬੜੀਖਾਨਾ, ਬਲਵੀਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਅਦਾਲਤੀ ਹੁਕਮਾਂ ਦੇ ਬਾਵਜੂਦ ਕੋਠੀ ਦਾ ਕਬਜ਼ਾ ਨਹੀਂ ਛੱਡਿਆ। ਕਬਜ਼ਾ ਦਿਵਾਏ ਜਾਣ ਵਿੱਚ ਰੁਕਾਵਟ ਪਾਉਣ ਅਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਬੈਲਫ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ।

ਸਿਟੀ ਪੁਲਿਸ ਫ਼ਰੀਦਕੋਟ ਨੇ ਇਸ ਸ਼ਿਕਾਇਤ ਦੇ ਅਧਾਰ 'ਤੇ ਉਕਤ ਕਿਸਾਨਾਂ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 353, 186, 309, 511, 149 ਤਹਿਤ ਮੁਕੱਦਮਾ ਦਰਜ ਕਰਵਾਇਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਪੀੜਤ ਵਿਅਕਤੀ ਨੇ ਕਥਿਤ ਤੌਰ 'ਤੇ ਆਪਣਾ ਘਰ ਕਦੇ ਵੇਚਿਆ ਹੀ ਨਹੀਂ ਸੀ ਬਲਕਿ ਸਾਜਿਸ਼ ਤਹਿਤ ਉਸ ਦੇ ਘਰ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਕਿਸਾਨ ਆਗੂਆਂ ਨੇ ਵਿਰੋਧ ਕੀਤਾ।

ਉਨ੍ਹਾਂ ਨੇ ਕਿਹਾ ਕਿ ਕਬਜ਼ਾ ਵਰੰਟ ਜਾਰੀ ਹੋਣ ਤੋਂ ਪਹਿਲਾਂ ਪੀੜਤ ਕਿਸਾਨ ਨੇ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਹੋਈ ਸੀ ਅਤੇ ਉਨ੍ਹਾਂ ਨੇ ਚੱਲਦੀ ਅਪੀਲ ਤੱਕ ਪੀੜਤ ਕਿਸਾਨ ਤੋਂ ਕਬਜ਼ਾ ਨਾ ਖੋਹਣ ਦੀ ਗੱਲ ਕਹੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਝੂਠਾ ਫਸਾਇਆ ਗਿਆ ਸੀ ਜਿਸ ਵਿੱਚ ਹੁਣ ਉਨ੍ਹਾਂ ਨੂੰ ਇਨਸਾਫ਼ ਮਿਲ ਗਿਆ ਹੈ।