ਵਕੀਲਾਂ ਨੇ ਅਦਾਲਤਾਂ ਦੇ ਕੰਮਕਾਜ ਦਾ ਕੀਤਾ ਮੁਕੰਮਲ ਬਾਈਕਾਟ

Tinku Garg
Last Updated: Oct 09 2017 19:58

ਸੰਦੌੜ ਪੁਲਿਸ ਥਾਣਾ ਵਿੱਚ ਮਲੇਰਕੋਟਲਾ ਦੇ ਵਕੀਲ ਪਰਵੇਜ਼ ਅਖ਼ਤਰ 'ਤੇ ਦਰਜ ਕੇਸ ਦਾ ਵਿਰੋਧ ਕਰਦਿਆਂ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਪੂਰੇ ਜ਼ਿਲ੍ਹੇ ਦੀਆਂ ਅਦਾਲਤਾਂ 'ਚ ਕੰਮਕਾਜ ਦਾ ਬਾਈਕਾਟ ਕਰਕੇ ਮੁਕੰਮਲ ਹੜਤਾਲ ਕੀਤੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਨੂੰਨ ਦੇ ਅਨੁਸਾਰ ਦਰਜ ਕੇਸ ਰੱਦ ਨਾ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਸੂਬੇ ਦੀਆਂ ਬਾਰ ਐਸੋਸੀਏਸ਼ਨਾਂ ਦੇ ਕੋਲ ਚੁੱਕਦਿਆਂ ਵਕੀਲਾਂ ਨੂੰ ਹੜਤਾਲ ਦਾ ਸੱਦਾ ਦਿੱਤਾ ਜਾਵੇਗਾ।

ਇਸ ਮੌਕੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਬਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪੁਲਿਸ ਨੇ ਐਡਵੋਕੇਟ ਪਰਵੇਜ਼ ਅਖ਼ਤਰ 'ਤੇ ਗਲਤ ਕੇਸ ਦਰਜ ਕੀਤਾ ਹੈ। ਉਨ੍ਹਾਂ ਨੇ ਕੇਸ ਸਬੰਧੀ ਡੀ.ਐਸ.ਪੀ ਮਲੇਰਕੋਟਲਾ ਨਾਲ ਵੀ ਗੱਲਬਾਤ ਕੀਤੀ ਸੀ। ਜਿਨ੍ਹਾਂ ਨੇ ਕੇਸ ਨੂੰ ਰੱਦ ਕਰਨ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਪੀੜਤ ਪਰਵੇਜ਼ ਅਖ਼ਤਰ ਨੇ ਦੱਸਿਆ ਕਿ ਪੁਲਿਸ ਨੇ ਸਿਆਸੀ ਦਬਾਅ ਵਿੱਚ ਉਨ੍ਹਾਂ ਸਮੇਤ ਪਿੰਡ ਬਰਕਤਪੁਰਾ ਦੇ 10 ਵਿਅਕਤੀਆਂ 'ਤੇ ਝੂਠਾ ਕੇਸ ਦਰਜ ਕੀਤਾ ਹੈ। ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਵਕਫ਼ ਬੋਰਡ ਦੀ ਜਗਾ 'ਤੇ ਕਬਜ਼ਾ ਕਰਨ ਦੇ ਲਈ ਨੀਂਹ ਪੁੱਟ ਕੇ ਮਿੱਟੀ ਪਾਈ ਹੈ। ਫ਼ਿਲਹਾਲ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਜਲਦੀ ਹੱਲ ਕਰਨ ਦੀ ਗੱਲ ਆਖੀ ਹੈ।