ਜ਼ਿਲ੍ਹਾ ਸੰਗਰੂਰ ਵਕੀਲਾਂ ਵੱਲੋਂ ਅਦਾਲਤਾਂ ਦਾ ਬਾਈਕਾਟ ਕੱਲ੍ਹ

Tinku Garg
Last Updated: Oct 08 2017 18:21

ਜ਼ਿਲ੍ਹਾ ਸੰਗਰੂਰ ਨਾਲ ਸੰਬੰਧਿਤ ਬਾਰ ਐਸੋਸੀਏਸ਼ਨਾਂ ਦੇ ਵਕੀਲਾਂ ਵੱਲੋਂ 9 ਅਕਤੂਬਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਅਦਾਲਤਾਂ ਦੇ ਕੰਮ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ 9 ਅਕਤੂਬਰ ਸੋਮਵਾਰ ਨੂੰ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਿਤ ਸੰਗਰੂਰ, ਧੂਰੀ, ਮਲੇਰਕੋਟਲ, ਸੁਨਾਮ ਅਤੇ ਮੂਣਕ ਅਦਾਲਤਾਂ ਦੇ ਵਕੀਲਾਂ ਵੱਲੋਂ ਬਾਰ ਐਸੋਸੀਏਸ਼ਨ ਸੰਗਰੂਰ ਨਾਲ ਸੰਬੰਧਿਤ ਇੱਕ ਵਕੀਲ 'ਤੇ ਝੂਠਾ ਮੁਕੱਦਮਾ ਦਰਜ ਕਰਨ ਦੇ ਰੋਸ ਵਜੋਂ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ। 

ਐਡਵੋਕੇਟ ਚੀਮਾ ਨੇ ਦੱਸਿਆ ਕਿ ਸੰਦੌੜ ਪੁਲਿਸ ਨੇ ਸਿਆਸੀ ਦਬਾਅ ਕਾਰਨ 13 ਸਤੰਬਰ ਨੂੰ ਐਡਵੋਕੇਟ ਪ੍ਰਵੇਜ਼ ਅਖ਼ਤਰ ਸਮੇਤ 8 ਵਿਅਕਤੀਆਂ 'ਤੇ ਵਕਫ਼ ਬੋਰਡ ਦੀ ਪਿੰਡ ਬਰਕਤਪੁਰਾਂ ਦੀ ਜ਼ਮੀਨ ਦੇ ਕਬਜ਼ਾ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਉਹ ਡੀ.ਐਸ.ਪੀ ਮਲੇਰਕੋਟਲਾ ਨੂੰ ਮਿਲ ਕੇ ਸਾਰੀ ਕਹਾਣੀ ਦੱਸ ਚੁੱਕੇ ਹਨ। ਪੁਲਿਸ ਨੇ ਸਿਆਸੀ ਦਬਾਅ ਹੇਠ ਆ ਕੇ ਮੁਕੱਦਮਾ ਦਰਜ ਕੀਤਾ ਹੈ ਜੋ ਸਰਾਸਰ ਝੂਠਾ ਹੈ। ਬਾਰ-ਬਾਰ ਕਹਿਣ 'ਤੇ ਮੁਕੱਦਮਾ ਦੀ ਮੁੜ ਪੜਤਾਲ ਨਹੀਂ ਕੀਤੀ ਗਈ ਇਸ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਨੇ 9 ਅਕਤੂਬਰ ਨੂੰ ਬਾਈਕਾਟ ਦਾ ਫ਼ੈਸਲਾ ਲਿਆ ਹੈ। 

ਚੀਮਾ ਨੇ ਕਿਹਾ ਕਿ ਜੇਕਰ ਫਿਰ ਵੀ ਪੁਲਿਸ ਨੇ ਝੂਠਾ ਮੁਕੱਦਮਾ ਵਾਪਸ ਨਾ ਲਿਆ ਤਾਂ ਉਹ ਪੰਜਾਬ ਦੀਆਂ ਅਦਾਲਤਾਂ ਦੇ ਬਾਈਕਾਟ ਸਬੰਧੀ ਆਪਣੀ ਐਸੋਸੀਏਸ਼ਨ ਨਾਲ ਸੰਪਰਕ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਪ੍ਰਵੇਜ਼ ਅਖ਼ਤਰ,  ਐਡਵੋਕੇਟ ਜਗਤਾਰ ਸਿੰਘ ਭਵਾਨੀਗੜ੍ਹ, ਐਡਵੋਕੇਟ ਦਸਵੀਰ ਸਿੰਘ ਡੱਲੀ, ਐਡਵੋਕੇਟ ਸੋਰਵ ਗਰਗ ਅਤੇ ਐਡਵੋਕੇਟ ਗੁਰਿੰਦਰਪਾਲ ਸਿੰਘ ਮੌਜੂਦ ਸਨ।