ਪੁਲਿਸ ਬਲਾਤਕਾਰ ਦੇ ਇਲਜਾਮ ਸਾਬਤ ਕਰਨ 'ਚ ਰਹੀ ਨਾਕਾਮ, ਬਰੀ

Last Updated: Sep 19 2017 14:07

ਐਡੀਸ਼ਨਲ ਸੈਸ਼ਨ ਜੱਜ ਡਾਕਟਰ ਰਜਨੀਸ਼ ਦੀ ਅਦਾਲਤ ਨੇ ਬਾਬਾ ਜੀਵਨ ਸਿੰਘ ਕਲੌਨੀ ਦੇ ਰਹਿਣ ਵਾਲੇ ਵਿੱਕੀ ਪੁੱਤਰ ਮਨਜੀਤ ਸਿੰਘ ਨੂੰ ਅਗਵਾ ਅਤੇ ਬਲਾਤਕਾਰ ਦੇ ਇੱਕ ਮਾਮਲੇ 'ਚ ਉਸਦੇ ਸੀਨੀਅਰ ਵਕੀਲ ਸਤੀਸ਼ ਕਰਕਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਰੀ ਕਰ ਦਿੱਤਾ ਹੈ। ਮੁਕੱਦਮੇ ਦੇ ਪੂਰੇ ਟ੍ਰਾਇਲ ਦੇ ਦੌਰਾਨ ਪਟਿਆਲਾ ਪੁਲਿਸ ਮੁਲਜਮ ਦੇ ਖਿਲਾਫ਼ ਅਜਿਹਾ ਕੋਈ ਵੀ ਠੋਸ ਗਵਾਹ ਜਾਂ ਸਬੂਤ ਪੇਸ਼ ਨਹੀਂ ਕਰ ਸਕੀ, ਜਿਸਦੇ ਸਹਾਰੇ ਉਸ 'ਤੇ ਲਗਾਏ ਗਏ ਬਲਤਾਕਾਰ ਦੇ ਇਲਾਜਾਮਾਂ ਨੂੰ ਦੋਸ਼ਾਂ ਵਿੱਚ ਤਬਦੀਲ ਕੀਤਾ ਜਾ ਸਕੇ। ਪਟਿਆਲਾ ਪੁਲਿਸ ਨੇ ਵਿੱਕੀ ਤੇ ਬਾਬਾ ਜੀਵਨ ਸਿੰਘ ਕਲੌਨੀ ਦੀ ਹੀ ਰਹਿਣ ਵਾਲੀ ਇੱਕ ਨਬਾਲਿਗ ਕੁੜੀ ਨੂੰ ਅਗਵਾ ਕਰਕੇ ਉਸ ਨਾਲ ਲੱਗਭਗ ਡੇਢ ਮਹੀਨੇ ਤੱਕ ਬਲਤਾਕਾਰ ਕਰਨ ਦਾ ਇਲਜਾਮ ਲਗਾਇਆ ਸੀ।

ਪੁਲਿਸ ਕਹਾਣੀ ਦੇ ਅਨੁਸਾਰ 22 ਫ਼ਰਵਰੀ, 2017 ਨੂੰ ਬਾਬਾ ਜੀਵਨ ਸਿੰਘ ਕਲੋਨੀ ਪਟਿਆਲਾ ਦਾ ਰਹਿਣ ਵਾਲਾ ਵਿੱਕੀ ਆਪਣੀ ਕਲੋਨੀ ਦੀ ਇੱਕ ਨਬਾਲਿਗ ਕੁੜੀ ਨੂੰ ਵਰਗਲਾ ਕੇ ਆਪਣੇ ਤਫ਼ੱਜਪੁਰਾ ਵਿਖੇ ਸਥਿਤ ਡੀ.ਜੇ. ਗੋਦਾਮ ਵਿੱਚ ਲੈ ਗਿਆ ਸੀ। ਇਲਜਾਮ ਹੈ ਕਿ ਵਿੱਕੀ ਨੇ ਉਕਤ ਕੁੜੀ ਨੂੰ ਲੱਗਭਗ ਇੱਕ ਮਹੀਨੇ ਤੱਕ ਗੋਦਾਮ ਵਿੱਚ ਹੀ ਬੰਦੀ ਬਣਾਕੇ ਰੱਖਿਆ, ਜਿੱਥੇ ਉਹ ਉਸ ਨਾਲ ਬਲਾਤਕਾਰ ਕਰਦਾ ਰਿਹਾ। ਇਲਜਾਮ ਇਹ ਵੀ ਸੀ ਕਿ ਲੱਗਭਗ ਇੱਕ ਮਹੀਨਾ ਆਪਣੇ ਗੋਦਾਮ ਵਿੱਚ ਰੱਖ਼ਣ ਦੇ ਬਾਅਦ ਵਿੱਕੀ ਉਕਤ ਕੁੜੀ ਨੂੰ ਹਿਮਾਚਲ ਪ੍ਰਦੇਸ਼ ਵਿੱਚ ਰਹਿੰਦੇ ਆਪਣੇ ਕਿਸੇ ਦੋਸਤ ਦੇ ਘਰ ਵੀ ਰੱਖਿਆ ਅਤੇ ਉੱਥੇ ਵੀ ਉਹ ਉਸ ਨਾਲ ਬਲਾਤਕਾਰ ਕਰਦਾ ਰਿਹਾ। ਪੁਲਿਸ ਦਾ ਦਾਅਵਾ ਸੀ ਕਿ ਲੱਗਭਗ ਡੇਢ ਮਹੀਨੇ ਬਾਅਦ 14 ਅਪ੍ਰੈਲ ਨੂੰ ਉਕਤ ਕੁੜੀ ਆਪਣੇ ਘਰ ਪਰਤ ਆਈ ਸੀ।

ਮੁਕੱਦਮੇ ਦੀ ਬਹਿਸ ਦੇ ਦੌਰਾਨ ਕ੍ਰਿਮੀਨਲ ਕੇਸਾਂ ਦੇ ਮਾਹਰ ਵਕੀਲ ਸਤੀਸ਼ ਕਰਕਰਾ ਨੇ ਆਪਣੀਆਂ ਦਲੀਲਾਂ ਰਾਹੀਂ ਪਟਿਆਲਾ ਪੁਲਿਸ ਵੱਲੋਂ ਘੜੀ ਕਹਾਣੀ ਦੇ ਪਰਖੱਚੇ ਉੜਾਕੇ ਰੱਖ ਦਿੱਤੇ। ਉਨ੍ਹਾਂ ਆਪਣੀਆਂ ਦਲੀਲਾਂ ਰਾਹੀਂ ਪੁਲਿਸ ਦੀ ਸਾਰੀ ਕਹਾਣੀ ਨੂੰ ਪੂਰੀ ਤਰ੍ਹਾਂ ਨਾਲ ਝੁਠਲਾਉਂਦਿਆਂ ਸ਼ੱਕੀ ਸਾਬਤ ਕਰ ਦਿੱਤਾ। ਭਾਵੇਂ ਇਹ ਗੱਲ ਰਿਕਾਰਡ 'ਤੇ ਨਹੀਂ ਆਈ ਪਰ ਬਹਿਸ ਦੇ ਦੌਰਾਨ ਕਰਕਰਾ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਅਕਸਰ ਹੀ ਪੁਲਿਸ ਕਈ ਵਾਰ ਨਿਜੀ ਰੰਜਿਸ਼ਾਂ ਦੇ ਚਲਦਿਆਂ ਅਜਿਹੇ ਝੂਠੇ ਮੁਕੱਦਮੇ ਦਰਜ ਕਰ ਦਿੰਦੀ ਹੈ, ਜਿਹੜੇ ਕਿ ਬਾਅਦ ਵਿੱਚ ਪੁਲਿਸ ਲਈ ਸਾਬਤ ਕਰਨੇ ਔਖ਼ੇ ਹੋ ਜਾਂਦੇ ਹਨ। ਲਿਹਾਜਾ ਅਦਾਲਤ ਨੇ ਦੋਹਾਂ ਪੱਖ਼ਾਂ ਦੀ ਬਹਿਸ ਸੁਣਨ ਉਪਰੰਤ ਕਰਕਰਾ ਵੱਲੋਂ ਪੇਸ਼ ਕੀਤੀਆਂ ਦਲੀਲਾਂ, ਸਬੂਤਾਂ ਅਤੇ ਗਵਾਹਾਂ ਦੀ ਰੌਸ਼ਨੀ ਵਿੱਚ ਵਿੱਕੀ ਨੂੰ ਬਰੀ ਕਰ ਦਿੱਤਾ।