ਹੁਣ ਦਿੱਲੀ ਦੂਰ ਨਹੀਂ...

Last Updated: Sep 05 2017 14:24

ਹੁਣ ਦਿੱਲੀ ਦੂਰ ਨਹੀਂ, ਇਸ ਕਹਾਵਤ ਨੂੰ ਏਅਰ ਇੰਡੀਆ ਨੇ ਪੰਜਾਬ ਦੇ ਸਾਹਨੇਵਾਲ ਤੋਂ ਦਿੱਲੀ ਤੱਕ ਹਵਾਈ ਸੇਵਾ ਪ੍ਰਦਾਨ ਕਰਕੇ ਸੱਚ ਕਰ ਵਿਖ਼ਾਇਆ ਹੈ। ਜਿਸਦੇ ਚਲਦਿਆਂ ਜਿੱਥੇ ਇਹ ਸਫਰ ਬੱਸ ਜਾਂ ਕਾਰ ਰਾਹੀਂ 6 ਤੋਂ 7 ਘੰਟਿਆਂ ਵਿੱਚ ਤੈਅ ਹੁੰਦਾ ਸੀ ਉੱਥੇ ਹੀ ਏਅਰ ਇੰਡੀਆ ਦੀ ਸੇਵਾ ਸ਼ੁਰੂ ਹੋਣ ਨਾਲ ਇਹ ਸਫ਼ਰ ਸੁੰਗੜ ਕੇ ਮਹਿਜ ਸਵਾ ਘੰਟਿਆਂ ਦਾ ਰਹਿ ਜਾਵੇਗਾ। ਉਹ ਵੀ ਮਹਿਜ 2500 ਰੁਪਏ ਵਿੱਚ ਯਾਨੀ ਕਿ ਖ਼ਰਚਾ ਕਾਰ ਤੋਂ ਘੱਟ ਤੇ ਝੂਟੇ ਹਵਾਈ ਜਹਾਜ ਦੇ। ਜਾਣਕਾਰਾਂ ਅਨੁਸਾਰ ਇੰਡੀਅਨ ਏਅਰ ਲਾਈਨਸ ਸਾਹਨੇਵਾਲ ਤੋਂ ਦਿੱਲੀ ਦਰਮਿਆਨ 315 ਕਿਲੋਮੀਟਰ ਦੀ ਇਹ ਦੂਰੀ ਮਹਿਜ 75 ਮਿਨਟ ਵਿੱਚ ਤੈਅ ਕਰੇਗੀ। ਦਿੱਲੀ-ਲੁਧਿਆਣਾ ਵਿਚਕਾਰ ਹਵਾਈ ਸੇਵਾ ਹਫਤੇ ਦੇ ਚਾਰ ਦਿਨ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲੱਬਧ ਹੋਵੇਗੀ। ਇਸਦੇ ਨਾਲ ਹੀ ਹਵਾਈ ਟਿਕਟ ਦੀ ਬੁਕਿੰਗ ਲਈ ਹਵਾਈ ਅੱਡੇ ਦੇ ਨਾਲ-ਨਾਲ ਆਨਲਾਈਨ ਬੁਕਿੰਗ ਕਰਾਉਣ ਦੀ ਸੁਵਿਧਾ ਵੀ ਉਪਲੱਬਧ ਹੋਵੇਗੀ। ਏਅਰ ਇੰਡੀਆ ਦੀ ਸਹਾਇਕ ਅਲਾਇੰਸ ਏਅਰ ਦਾ 70 ਸੀਟਰ ਜਹਾਜ਼ ਸੋਮਵਾਰ ਨੂੰ 3 ਵਜੇ ਦਿੱਲੀ ਤੋਂ ਰਵਾਨਾ ਹੋਵੇਗਾ ਅਤੇ ਸ਼ਾਮ 4.15 ਵਜੇ ਸਾਹਨੇਵਾਲ ਹਵਾਈ ਅੱਡੇ 'ਤੇ ਉਤਰੇਗਾ। ਸ਼ਾਮ 4.45 ਵਜੇ ਇਹ ਜਹਾਜ਼ ਦਿੱਲੀ ਲਈ ਉਡਾਣ ਭਰੇਗਾ ਅਤੇ 6 ਵਜੇ ਦਿੱਲੀ ਪਹੁੰਚ ਜਾਵੇਗਾ।

ਦਿੱਲੀ-ਲੁਧਿਆਣਾ ਵਿਚਕਾਰ ਹਵਾਈ ਸੇਵਾ ਕੇਂਦਰ ਸਰਕਾਰ ਦੀ ਉਡਾਣ ਸਕੀਮ ਤਹਿਤ ਸ਼ੁਰੂ ਕੀਤੀ ਗਈ ਹੈ, ਜਿਸਦਾ ਮਕਸਦ ਸੂਬਿਆਂ ਵਿਚਕਾਰ ਹਵਾਈ ਸੰਪਰਕ ਵਧਾਉਣਾ ਹੈ ਤਾਂ ਜੋ ਲੋਕ ਸਸਤੀ ਹਵਾਈ ਸੇਵਾ ਦਾ ਮਜ਼ਾ ਲੈ ਸਕਣ। ਉਡਾਣ ਸਕੀਮ ਤਹਿਤ ਪਹਿਲੀਆਂ 50 ਫੀਸਦੀ ਸੀਟਾਂ ਦਾ ਕਿਰਾਇਆ 2,500 ਰੁਪਏ ਹੋਵੇਗਾ। ਡਿਮਾਂਡ ਵੱਧਣ 'ਤੇ ਕਿਰਾਏ ਵਿੱਚ ਫ਼ੇਰਬਦਲ ਕੀਤੇ ਜਾਣ ਦੇ ਹੱਕ ਨੂੰ ਵੀ ਏਅਰ ਲਾਈਨਸ ਨੇ ਰਾਖ਼ਵਾਂ ਰੱਖਿਆ ਹੈ। ਪਰ ਜੋ ਵੀ ਹੈ ਇੰਡੀਅਨ ਏਅਰ ਲਾਈਨਸ ਦੀ ਇਸ ਸੇਵਾ ਨਾਲ ਮਾਝਾ ਅਤੇ ਦੁਆਬੇ ਦੇ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ ਜਦਕਿ ਮਾਲਵਾ ਦਾ ਵੀ ਕਾਫ਼ੀ ਹਿੱਸਾ ਇਸ ਉੜਾਨ ਦਾ ਲੁਤਫ਼ ਲੈਣ ਦੇ ਕਾਬਲ ਹੋ ਜਾਵੇਗਾ।