ਹੁਣ ਪੰਜਾਬ ਦੇ ਸਕੂਲ ਵੀ ਚੱਲਣਗੇ ਦਿੱਲੀ ਦੇ ਸਕੂਲਾਂ ਦੇ ਰਾਹ !!

Last Updated: Jul 25 2017 10:56

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਕਿਸੇ ਵੀ ਬੰਦੇ ਦੇ ਚੰਗੇ ਗੁਣਾਂ, ਉੁਸਦੀ ਸੋਚ ਨੂੰ ਬਹੁਤੀ ਦੇਰ ਤੱਕ ਦਬਾ ਕੇ ਨਹੀਂ ਰੱਖਿਆ ਜਾ ਸਕਦਾ। ਕਦੇ ਨਾ ਕਦੇ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਬਾਹਰ ਨਿੱਕਲ ਕੇ ਸਾਹਮਣੇ ਆ ਹੀ ਜਾਂਦੀ ਹੈ ਅਤੇ ਜਦੋਂ ਉਹ ਬਾਹਰ ਆਉਂਦੀ ਹੈ ਤਾਂ ਹੋਰਨਾਂ ਨੂੰ ਵੀ ਉਸ ਬੰਦੇ ਦੀ ਚੰਗਿਆਈ ਅਤੇ ਉਸਦੀ ਕਾਬਲੀਅਤ ਨੂੰ ਅਪਨਾਉਣਾ ਹੀ ਪੈਂਦਾ ਹੈ, ਉਸਨੂੰ ਆਪਣਾ ਮਾਰਗ ਦਰਸ਼ਕ ਬਨਾਉਣਾ ਹੀ ਪੈਂਦਾ ਹੈ।

ਸ਼ਾਇਦ ਇਹੋ ਜਿਹਾ ਹੀ ਕੁਝ ਹੋਇਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀਆਂ ਲੋਕ ਹਿੱਤ ਨੀਤੀਆਂ ਨਾਲ ਵੀ। ਜਿਸ ਦਿਨ ਦੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਸਾਡੇ ਦੇਸ਼ ਦੀਆਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਇੱਕ ਤਰ੍ਹਾਂ ਨਾਲ ਉਸ ਤੇ ਆਪਣੀ ਦੁਸ਼ਮਣ ਪਾਰਟੀ ਹੋਣ ਦਾ ਠੱਪਾ ਲਗਾ ਦਿੱਤਾ ਸੀ। ਸਮੇਂ ਦੀਆਂ ਸਰਕਾਰਾਂ ਨੇ ਕੇਜਰੀਵਾਲ ਅਤੇ ਉਸਦੀ ਸਰਕਾਰ ਵੱਲੋਂ ਲੋਕ ਹਿੱਤਾਂ ਵਿੱਚ ਕੀਤੇ ਗਏ ਕਾਬਿਲ-ਏ-ਤਾਰੀਫ਼ ਕੰਮਾਂ ਕਾਜਾਂ ਨੂੰ ਸਾਡੇ ਦੇਸ਼ ਦੇ ਵਿਕਾਊ ਕਹੇ ਜਾਣ ਵਾਲੇ ਮੀਡੀਆ ਦੀ ਮਦਦ ਨਾਲ ਦਿੱਲੀ ਤੱਕ ਹੀ ਸੀਮਿਤ ਕਰਕੇ ਰੱਖ ਦਿੱਤਾ, ਉਹਨਾਂ ਨੂੰ ਲੋਕਾਂ ਤੱਕ ਅੱਪੜਨ ਹੀ ਨਹੀਂ ਦਿੱਤਾ।

ਸਮੇਂ ਦੀਆਂ ਸਰਕਾਰਾਂ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਕਿ ਕੇਜਰੀਵਾਲ ਸਰਕਾਰ ਦੇ ਕੀਤੇ ਹੋਏ ਚੰਗੇ ਕੰਮਾਂ ਦੀ ਹੋਰਨਾਂ ਸੂਬਿਆਂ ਦੇ ਲੋਕਾਂ ਤੱਕ ਸੂਹ ਤੱਕ ਵੀ ਨਾ ਨਿਕਲੇ, ਤਾਂ ਜੋ ਕਿਤੇ ਲੋਕ ਮੋਦੀ ਨੂੰ ਛੱਡ ਕੇਜਰੀਵਾਲ ਦੀ ਜੈ ਜੈਕਾਰ ਨਾ ਕਰਨ ਲੱਗ ਪੈਣ। ਵਕਤੀ ਤੌਰ ਤੇ ਸਮੇਂ ਦੀਆਂ ਸਰਕਾਰਾਂ ਅਜਿਹਾ ਕੁਝ ਕਰਨ ਵਿੱਚ ਕਾਮਯਾਬ ਹੋ ਗਈਆਂ, ਪਰ ਆਖਰ ਹੌਲੀ-ਹੌਲੀ ਕੇਜਰੀਵਾਲ ਸਰਕਾਰ ਦੇ ਕੀਤੇ ਹੋਏ ਕੰਮ ਹੁਣ ਪਾਲਸੀਆਂ ਬਣ ਕੇ ਬਾਹਰ ਨਿੱਕਲਣੇ ਸ਼ੁਰੂ ਹੋ ਗਏ ਹਨ। ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਆਖਰ ਦਿੱਲੀ ਸਰਕਾਰ ਦੇ ਨਕਸ਼ੇ ਕਦਮ ਤੇ ਚੱਲਣ ਦਾ ਫ਼ੈਸਲਾ ਕਰ ਹੀ ਲਿਆ ਹੈ, ਜਿਸਨੂੰ ਕਿ ਦੂਜੇ ਸ਼ਬਦਾਂ ਵਿੱਚ ਈਂਨ ਮੰਨਣਾ ਵੀ ਕਿਹਾ ਜਾ ਸਕਦਾ ਹੈ।

ਜੀ ਹਾਂ, ਇਹ ਗੱਲ ਸੋਲਾਂ ਆਨੇ ਸੱਚ ਹੈ, ਕਿਉਂਕਿ ਹੁਣ ਪੰਜਾਬ ਦੇ ਪ੍ਰਾਇਮਰੀ ਸਰਕਾਰੀ ਸਕੂਲਾਂ ਨੇ ਵੀ ਦਿੱਲੀ ਦੇ ਸਕੂਲਾਂ ਦੀ ਤਰਜ ਤੇ ਪੜ੍ਹਾਈ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ। ਅਗਰ ਸਿੱਖਿਆ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਸਿੱਖਿਆ ਵਿਭਾਗ ਦੇ ਸੈਕਟਰੀ ਨੇ ਬਕਾਇਦਾ ਤੌਰ ਤੇ ਪ੍ਰੀ-ਪ੍ਰਾਇਮਰੀ ਕਲਾਸਿਜ਼ ਦੇ ਸਮੁੱਚੇ ਪਹਿਲੂਆਂ ਨੂੰ ਜਾਂਚਣ ਲਈ ਦਿੱਲੀ ਦੇ ਪ੍ਰਾਇਮਰੀ ਸਕੂਲਾਂ ਦਾ ਦੌਰਾ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਸੂਤਰ ਦੱਸਦੇ ਹਨ ਕਿ ਸੈਕਟਰੀ ਨੇ ਦੋ ਟੀਮਾਂ ਦਾ ਗਠਨ ਕੀਤਾ ਹੈ। ਇਹਨਾਂ ਟੀਮਾਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਡਾਈਟ ਤੋਂ ਟੀਮ ਇੰਚਾਰਜ ਦੇ ਨਾਲ ਅਧਿਆਪਕ ਜਾਣਗੇ ਜੋ ਕਿ ਉੱਥੇ ਪ੍ਰੀ-ਪ੍ਰਾਇਮਰੀ ਕਲਾਸਾਂ ਵਿੱਚ ਕਰਵਾਈ ਜਾ ਰਹੀ ਪੜ੍ਹਾਈ ਦੇ ਤਰੀਕਿਆਂ ਬਾਰੇ ਜਾਣਨਗੇ। ਸੂਤਰਾਂ ਦੀ ਮੰਨੀਏ ਤਾਂ ਇਹ ਦੌਰਾ ਅੱਜ ਅਤੇ ਕੱਲ੍ਹ ਯਾਨੀ ਕਿ 25 ਅਤੇ 26 ਜੁਲਾਈ ਨੂੰ ਹੋਵੇਗਾ। 

ਦੱਸਣਯੋਗ ਕਿ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਪ੍ਰੀ-ਪ੍ਰਾਇਮਰੀ ਕਲਾਸਿਜ਼ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਲਈ ਹੁਣ ਦਿੱਲੀ ਦੇ ਪ੍ਰਾਇਮਰੀ ਸਕੂਲਾਂ ਦੀ ਤਰਜ 'ਤੇ ਇਹ ਪ੍ਰੀ-ਪ੍ਰਾਇਮਰੀ ਕਲਾਸਾਂ ਲਗਾਈਆਂ ਜਾਣਗੀਆਂ। ਮਤਲਬ ਇਹ ਕਿ ਹਾਲੇ ਸਮੁੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬੱਚੇ ਨਰਸਰੀ ਦੀ ਪੜ੍ਹਾਈ ਕਰਨਗੇ, ਤੇ ਉਸ ਤੋਂ ਬਾਅਦ ਪਹਿਲੀ ਜਮਾਤ ਵਿੱਚ ਹੋਣਗੇ। ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲਾ ਸਿੱਧੇ ਪਹਿਲੀ ਜਮਾਤ ਵਿੱਚ ਹੀ ਮਿਲਦਾ ਸੀ।

ਸਰਕਾਰ ਨੇ ਇਸ ਸਬੰਧੀ ਬਕਾਇਦਾ ਤੌਰ ਤੇ ਟੀਮਾਂ ਦਾ ਗਠਨ ਕਰਕੇ ਇਸਦੇ ਇੰਚਾਰਜ ਵੀ ਬਣਾ ਦਿੱਤੇ ਹਨ, ਜਿਹੜੇ ਕਿ ਦਿੱਲੀ ਜਾ ਕੇ ਪ੍ਰੀ-ਪ੍ਰਾਇਮਰੀ ਕਲਾਸਾਂ ਦੀ ਕਾਰਜ ਪ੍ਰਣਾਲੀ ਨੂੰ ਸਮਝਣ ਦੇ ਨਾਲ-ਨਾਲ ਕੇਜਰੀਵਾਲ ਸਰਕਾਰ ਦੇ ਸਿੱਖਿਆ ਵਿਭਾਗਾਂ ਨਾਲ ਰਾਬਤਾ ਕਾਇਮ ਕਰਕੇ ਸਾਰੀਆਂ ਜਾਣਕਾਰੀਆਂ ਇਕੱਤਰ ਕਰਕੇ ਪੰਜਾਬ ਸਰਕਾਰ ਨੂੰ ਰਿਪੋਰਟ ਦੇਣਗੇ। ਸਰਕਾਰ ਮੁਤਾਬਕ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਏਜੰਡੇ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨਾਂ ਕਲਾਸਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸਦੇ ਸਮੁੱਚੇ ਪਹਿਲੂਆਂ 'ਤੇ ਵਿਚਾਰ ਕਰਨ ਲਈ ਦਿੱਲੀ ਵਿੱਚ ਚੱਲ ਰਹੀ ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਦੌਰਾ ਕਰਨਾ ਬੇਹੱਦ ਜ਼ਰੂਰੀ ਹੈ। ਭਾਵੇਂ ਕਿ ਪੰਜਾਬ ਸਰਕਾਰ ਨੇ ਸ਼ਰਮ ਦੇ ਮਾਰੇ ਇਸ ਸਾਰੇ ਏਜੰਡੇ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਹੋਇਆ ਹੈ, ਪਰ ਕੁਝ ਵਿਭਾਗੀ ਵਿਭੀਸ਼ਣਾਂ ਰਾਹੀਂ ਇਹੋ ਜਿਹੀਆਂ ਗੁਪਤ ਗੱਲਾਂ ਵੀ ਬਾਹਰ ਆ ਜਾਂਦੀਆਂ ਹਨ। 

ਪਾਠਕੋ, ਵੇਖੋ ਰੰਗ ਕਰਤਾਰ ਦੇ, ਜਿਹੜੀਆਂ ਸਰਕਾਰਾਂ ਕਦੇ ਕੇਜਰੀਵਾਲ ਸਰਕਾਰ ਦਾ ਭੰਡੀ ਪ੍ਰਚਾਰ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ, ਕੇਜਰੀਵਾਲ ਨੂੰ ਆਪਣਾ ਕੱਟਣ ਦੁਸ਼ਮਣ ਮੰਨਦੀਆਂ ਸਨ, ਪਰ ਅੱਜ ਵਕਤ ਨੇ ਅਜਿਹੀ ਕਰਵਟ ਲਈ ਕਿ ਅੱਜ ਪੰਜਾਬ ਸਰਕਾਰ ਵੀ ਕੇਜਰੀਵਾਲ ਸਰਕਾਰ ਦੀ ਨਕਲ ਮਾਰਨ ਲਈ ਦਿੱਲੀ ਜਾਣ ਲਈ ਮਜਬੂਰ ਹੋ ਗਈ ਹੈ। ਸਿਆਣੇ ਕਹਿੰਦੇ ਹਨ ਬੰਦਾ ਨਕਲ ਵੀ ਹਮੇਸ਼ਾ ਉਸ ਦੀ ਕਰਦਾ ਹੈ ਜਿਸਨੂੰ ਕਿ ਉਹ ਆਪਣੇ ਤੋਂ ਵੱਧ ਕਾਬਿਲ ਸਮਝਦਾ ਹੈ, ਸੋ ਜਾਹਰ ਹੈ ਕਿ ਕੈਪਟਨ ਸਰਕਾਰ ਨੂੰ ਵੀ ਕੇਜਰੀਵਾਲ ਸਰਕਾਰ ਦੀ ਸਿੱਖਿਆ ਪ੍ਰਣਾਲੀ ਵਿੱਚ ਕੁਝ ਤਾਂ ਚੰਗਾ ਨਜ਼ਰ ਆਇਆ ਹੀ ਹੋਣਾ ਹੈ ਜਿਹੜਾ ਉਹਨਾਂ ਨੇ ਆਪਣੇ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਲਿਆਉਣ ਬਾਰੇ ਸੋਚਿਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।