ਨਸ਼ੇ ਵਿਰੁੱਧ ਕੱਢੀ ਗਈ ਜਾਗਰੂਕਤਾ ਰੈਲੀ

Last Updated: Jun 26 2017 20:15
Reading time: 0 mins, 57 secs

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਉਂਦਿਆਂ ਅੱਜ ਇਸ ਮੌਕੇ 'ਤੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਨ ਲਈ ਬਠਿੰਡਾ ਰੇਲਵੇ ਸਟੇਸ਼ਨ ਤੋਂ ਇੱਕ ਰੈਲੀ ਕੱਢੀ ਗਈ ਜੋ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੀ ਹੋਈ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਪਹੁੰਚੀ। ਇਸ ਰੈਲੀ ਨੂੰ ਬਠਿੰਡਾ ਦੇ ਐੱਸ.ਐੱਸ.ਪੀ. ਨਵੀਨ ਸਿੰਗਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 

ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਬਠਿੰਡਾ ਵਿਖੇ ਕੱਢੀ ਗਈ ਜਾਗਰੂਕਤਾ ਰੈਲੀ ਦੇ ਖੇਡ ਸਟੇਡੀਅਮ ਵਿਖੇ ਪਹੁੰਚਣ 'ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਨੇ ਕਿਹਾ ਕਿ ਨਸ਼ੇ ਬਾਰੇ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਧਾਰਮਿਕ ਵੇਦਾਂ-ਗ੍ਰੰਥਾਂ ਵਿੱਚ ਵੀ ਵਿਸਥਾਰਪੂਰਵਕ ਸਮਝਾਇਆ ਗਿਆ ਹੈ ਪਰ ਇਨਸਾਨ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ 'ਚ ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ 'ਤੇ ਅਮਲ ਕਰਦਾ ਹੈ।

ਉਨ੍ਹਾਂ ਕਿਹਾ ਕਿ ਇਨਸਾਨ ਨਸ਼ਿਆਂ ਦੇ ਰੂਪ ਵਿੱਚ ਆਪਣੇ ਸਰੀਰ ਦੇ ਅੰਦਰ ਸ਼ੈਤਾਨ ਪਾਲ ਲੈਂਦਾ ਹੈ ਜੋ ਸਾਡੇ ਸਰੀਰ, ਧਨ-ਦੌਲਤ ਨੂੰ ਖ਼ਤਮ ਕਰਦਾ ਚਲਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮਾਜ ਦੇ ਅੰਦਰ ਸਤਿਕਾਰ, ਪ੍ਰੇਮ-ਪਿਆਰ, ਇੱਜ਼ਤ, ਮਾਣ-ਮਰਿਆਦਾ ਨੂੰ ਘਟਾਉਂਦਾ ਚਲਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਨਸਾਨ ਨਸ਼ਿਆਂ ਦਾ ਸੇਵਨ ਕਰਕੇ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ ਹੈ। ਇਸ ਲਈ ਨਸ਼ਿਆਂ ਨੂੰ ਰੋਕਣ ਲਈ ਲੋਕਾਂ ਦੇ ਅੰਦਰ ਜਾਗਰੂਕਤਾ ਲਿਆਉਣੀ ਬਹੁਤ ਜ਼ਰੂਰੀ ਹੈ।