ਨਜਾਇਜ਼ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ 7 ਜੂਨ ਨੂੰ ਲਗਾਇਆ ਜਾਵੇਗਾ ਧਰਨਾ

Last Updated: May 31 2017 17:31
Reading time: 1 min, 18 secs

ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਦਲਿਤਾਂ ਦੀਆਂ ਜ਼ਮੀਨਾਂ ਉੱਪਰ ਨਜਾਇਜ਼ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ 7 ਜੂਨ ਨੂੰ ਸਾਦਿਕ ਥਾਣੇ ਸਾਹਮਣੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਪੀ.ਐੱਸ.ਯੂ ਦੇ ਆਗੂ ਰਜਿੰਦਰ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ ਨੇ ਦੱਸਿਆ ਕਿ ਅਪਰਾਧਿਕ ਬਿਰਤੀ ਵਾਲੇ ਕਈ ਕੇਸਾਂ ਵਿੱਚ ਘਿਰੇ ਵਿਅਕਤੀ ਪਿੰਡ ਦੀਪ ਸਿੰਘ ਵਾਲਾ ਦੇ ਵਸਨੀਕ ਓਂਕਾਰ ਸਿੰਘ ਦੇ ਰਿਹਾਇਸ਼ੀ ਪਲਾਟ ਉੱਪਰ ਨਜਾਇਜ਼ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਇਸ ਮਕਸਦ ਲਈ ਇਹਨਾਂ ਵਿਅਕਤੀਆਂ ਵੱਲੋਂ ਪਲਾਟ ਦੀਆਂ ਕੰਧਾਂ ਦੀ ਭੰਨ ਤੋੜ ਕੀਤੀ ਗਈ ਹੈ ਅਤੇ ਇੱਥੋਂ ਕੁਝ ਸਾਮਾਨ ਵੀ ਚੋਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੁਲਿਸ ਨੂੰ ਲਿਖਤੀ ਤੌਰ 'ਤੇ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ।

ਨੌਜਵਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਦੀਪ ਸਿੰਘ ਵਾਲਾ ਦੀ ਇੱਕ ਦਲਿਤ ਤੇ ਵਿਧਵਾ ਔਰਤ ਮਨਜੀਤ ਕੌਰ ਦੀ ਪੰਜ ਏਕੜ ਜ਼ਮੀਨ ਉੱਪਰ ਕਬਜ਼ਾ ਕਰਨ ਲਈ ਇੱਕ ਆੜ੍ਹਤੀਏ ਨੇ ਖੇਤ ਵਿੱਚ ਬਣੀ ਝੁੱਗੀ ਨੂੰ ਅੱਗ ਲਾ ਦਿੱਤੀ ਅਤੇ ਮੌਕੇ 'ਤੇ ਪੁੱਜੇ ਮਨਜੀਤ ਕੌਰ ਦੇ ਲੜਕਿਆਂ ਨੂੰ ਮਾਰਨ ਲਈ ਗੋਲੀਆਂ ਚਲਾਈਆਂ ਪਰ ਪੁਲਿਸ ਨੇ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਦਲਿਤਾਂ ਦੀ ਜ਼ਮੀਨ ਅਤੇ ਪਲਾਟਾਂ ਉੱਪਰ ਦਿਨ ਦਿਹਾੜੇ ਜ਼ਬਰਦਸਤੀ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨ ਭਾਰਤ ਸਭਾ ਅਤੇ ਪੀ.ਐੱਸ.ਯੂ ਨੇ ਉਪਰੋਕਤ ਮਾਮਲਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਪਰਚੇ ਦਰਜ ਕਰਕੇ ਗਿਰਫ਼ਤਾਰੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਜਿਸ ਦੀ ਸ਼ੁਰੂਆਤ 7 ਜੂਨ ਨੂੰ ਸਾਦਿਕ ਥਾਣੇ ਸਾਹਮਣੇ ਧਰਨਾ ਲਾ ਕੇ ਕੀਤੀ ਜਾਵੇਗੀ।