ਲੜਾਈ-ਝਗੜਿਆਂ ਵਿੱਚ ਤਿੰਨ ਲੋਕ ਜ਼ਖਮੀ

Last Updated: Jan 05 2020 19:10
Reading time: 1 min, 24 secs

ਥਾਣਾ ਫੱਤੂਢੀਂਗਾ ਵਿੱਚ ਪੈਂਦੇ ਪਿੰਡ ਸੈਫਲਾਬਾਦ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਏ ਲੜਾਈ-ਝਗੜੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸੰਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸੈਫਲਾਬਾਦ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਰਾਜਗਿਰੀ ਮਿਸਤਰੀ ਦਾ ਕੰਮ ਚੱਲ ਰਿਹਾ ਸੀ। ਉਹ ਕੋਈ ਸਮਾਨ ਲੈਣ ਲਈ ਬਾਜ਼ਾਰ ਆਏ ਸਨ, ਜਦੋਂ ਉਹ ਸਮਾਨ ਲੈ ਕੇ ਵਾਪਸ ਚੱਲੇ ਤਾਂ ਪੁਰਾਣੀ ਰੰਜਿਸ਼ ਦੇ ਚੱਲਦੇ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਦੋਵੇਂ ਜਾਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਨ੍ਹਾਂ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਜਾਰੀ ਹੈ। ਇਸ ਸਬੰਧੀ ਥਾਣਾ ਫੱਤੂਢੀਂਗਾ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸੇ ਤਰ੍ਹਾਂ ਪਿੰਡ ਖਾਨਪੁਰ ਵਿਖੇ ਇੱਕ ਵਿਅਕਤੀ ਨਾਲ ਉਸ ਦੇ ਗੁਆਂਢੀਆਂ ਨੇ ਕੁੱਟਮਾਰ ਕੀਤੀ ਅਤੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਨਰਿੰਦਰ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਖਾਨਪੁਰ ਨੇ ਦੱਸਿਆ ਕਿ ਉਹ ਬਾਜ਼ਾਰ ਤੋਂ ਘਰੇਲੂ ਸਮਾਨ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਕਾਰ ਆਈ ਅਤੇ ਕਾਰ ਵਿੱਚੋਂ ਕੁੱਝ ਨੌਜਵਾਨ ਉਤਰੇ ਅਤੇ ਉਸ ਨਾਲ ਗਾਲੀ-ਗਲੋਚ ਕੀਤੀ ਅਤੇ ਕੁੱਟਮਾਰ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਉਸ ਨੂੰ ਗੱਡੀ ਵਿੱਚ ਬਿਠਾ ਕੇ ਪਿੰਡ ਵਿੱਚ ਇੱਕ ਘਰ ਵਿੱਚ ਲੈ ਗਏ ਅਤੇ ਉੱਥੇ ਜਾ ਕੇ ਵੀ ਉਸ ਨਾਲ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਪਿੰਡ ਦੇ ਲੋਕਾਂ ਨੇ ਛੁਡਾਇਆ ਅਤੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਸ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਜਾਰੀ ਹੈ। ਇਸ ਸਬੰਧੀ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।