ਸੀਏਏ ਤੇ ਐਨਆਰਸੀ ਦਾ ਵਿਰੋਧ ਕਰ ਰਹੇ ਪਾੜ੍ਹਿਆਂ ਅਤੇ ਆਮ ਲੋਕਾਂ ਨੂੰ ਵਹਿਸ਼ੀਆਨਾ ਤਰੀਕੇ ਨਾਲ ਦਬਾ ਰਹੀ ਏ ਮੋਦੀ ਹਕੂਮਤ !!!

Last Updated: Jan 05 2020 15:22
Reading time: 1 min, 39 secs

ਕੌਮੀ ਨਾਗਰਿਕ ਰਜਿਸਟਰ, ਨਾਗਰਿਕਤਾ ਸੋਧ ਕਾਨੂੰਨ, ਕੌਮੀ ਆਬਾਦੀ ਰਜਿਸਟਰ ਦੇ ਵਿਰੋਧ ਵਿੱਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ 11 ਜਨਵਰੀ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸਬੰਧੀ ਨੌਜਵਾਨ ਭਾਰਤ ਸਭਾ ਵੱਲੋਂ ਇਲਾਕਾ ਕਮੇਟੀ ਗੁਰੂਹਰਸਹਾਏ ਦੀ ਵਿਸਥਾਰੀ ਮੀਟਿੰਗ ਕੀਤੀ ਗਈ। ਇਸ ਮੌਕੇ 'ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਅਜਾਦ ਅਤੇ ਨੌਨਿਹਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਿੱਚ ਸੱਤਾ 'ਤੇ ਕਾਬਜ਼ ਆਰਐੱਸਐੱਸ ਬੀਜੇਪੀ ਦੀ ਫਾਸ਼ੀਵਾਦੀ ਸਰਕਾਰ ਆਪਣਾ ਹਿੰਦੂ ਰਾਸ਼ਟਰ ਦਾ ਏਜੰਡਾ ਲਾਗੂ ਕਰ ਰਹੀ ਹੈ। ਇਸੇ ਏਜੰਡੇ ਤਹਿਤ ਦੇਸ਼ ਦੀਆਂ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ ਵਿਰੁੱਧ ਨਫਰਤ ਫੈਲਾਈ ਜਾ ਰਹੀ ਹੈ।

ਕੌਮੀ ਨਾਗਰਿਕਤਾ ਰਜਿਸਟਰ ਅਤੇ ਨਾਗਰਿਕਤਾ ਸੋਧ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਇਸ ਨੂੰ ਮੁਸਲਮਾਨਾਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਨਾਗਰਿਕਤਾ ਰੱਦ ਕਰਕੇ ਡਿਟੈਨਸ਼ਨ ਕੈਂਪਾਂ ਵਿੱਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਕਰਕੇ ਬੀਜੇਪੀ ਬਹੁ ਗਿਣਤੀ ਹਿੰਦੂ ਆਬਾਦੀ ਵਿੱਚ ਨਫ਼ਰਤ ਪੈਦਾ ਕਰਕੇ ਉਸ ਦਾ ਧਰੁਵੀਕਰਨ ਕਰ ਰਹੀ ਹੈ। ਨੌਜਵਾਨ ਭਾਰਤ ਸਭਾ ਜ਼ਿਲ੍ਹਾ ਆਗੂ ਸੱਤਪਾਲ ਮੋਹਨ ਕੇ, ਜਸਵਿੰਦਰ ਜਵਾਏ ਵਾਲਾ ਅਤੇ ਰਜੇਸ਼ ਮੋਤੀਵਾਲਾ ਨੇ ਕਿਹਾ ਕਿ ਸੀਏਏ ਅਤੇ ਐਨਆਰਸੀ ਦਾ ਵਿਰੋਧ ਕਰ ਰਹੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵਹਿਸ਼ੀਆਨਾ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਹੁਣ ਤੱਕ ਦੇਸ਼ ਭਰ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ 28 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ ਅੱਠ ਸਾਲ ਦਾ ਮਾਸੂਮ ਬੱਚਾ ਵੀ ਸ਼ਾਮਿਲ ਹੈ।

ਉਨ੍ਹਾਂ ਕਿਹਾ ਕਿ ਹਿੰਦੁਸਤਾਨ ਵਿੱਚ ਸਦੀਆਂ ਤੋਂ ਵੱਖ-ਵੱਖ ਧਰਮਾਂ ਅਤੇ ਫਿਰਕਿਆਂ ਦੇ ਲੋਕ ਰਲ ਮਿਲ ਕੇ ਰਹਿ ਰਹੇ ਹਨ, ਭਾਰਤ ਦਾ ਸੰਵਿਧਾਨ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੰਦਾ ਹੈ, ਪਰ ਇਹ ਸੰਵਿਧਾਨ ਦੀ ਪ੍ਰਸਤਾਵਨਾ ਦੇ ਬਿਲਕੁਲ ਉਲਟ ਹੈ ਅਤੇ ਵੰਡੀਆਂ ਪਾਉਣ ਵਾਲਾ ਫਿਰਕੂ ਕਾਨੂੰਨ ਹੈ, ਕਿਉਂਕਿ ਇਸ ਵਿੱਚ ਕਿਸੇ ਨੂੰ ਵੀ ਆਪਣੀ ਨਾਗਰਿਕਤਾ ਧਰਮ ਦੇ ਆਧਾਰ ਤੇ ਸਿੱਧ ਕਰਨੀ ਹੋਵੇਗੀ। ਆਗੂਆਂ ਨੇ ਇਸ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਲੋਕਾਂ ਨੂੰ ਸੜਕਾਂ ਤੇ ਉਤਰਨ ਅਤੇ 11 ਜਨਵਰੀ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਚੰਡੀਗੜ੍ਹ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਸੇਮਾ ਮਾੜੇ ਕਲਾ, ਮਿੰਟੂ ਮੋਹਨਕੇ, ਵਿਕਰਮ, ਲਵਪ੍ਰੀਤ ਸਿੰਘ, ਰਜਿੰਦਰ ਸਿੰਘ, ਹਰਦੀਪ ਸਿੰਘ, ਅਜੇ ਸਿੰਘ ਆਦਿ ਆਗੂ ਮੌਜੂਦ ਸਨ।