ਤੇਜ਼ਾਬ ਪੀੜਤ ਔਰਤ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ 3 ਲੱਖ ਰੁਪਏ ਮੁਆਵਜ਼ਾ- ਏ.ਡੀ.ਸੀ

Last Updated: Jan 05 2020 13:00
Reading time: 1 min, 26 secs

ਔਰਤਾਂ ਤੇ ਹੋਣ ਵਾਲੇ ਤੇਜ਼ਾਬ ਹਮਲਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਹਨ ਅਤੇ ਤੇਜ਼ਾਬ ਹਮਲਿਆਂ ਦੀ ਸ਼ਿਕਾਰ ਤੇਜ਼ਾਬ ਪੀੜਤ ਔਰਤਾਂ ਨੂੰ ਆਪਣੇ ਇਲਾਜ ਅਤੇ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਵੱਲੋਂ ਸੈਂਟਰਲ ਵਿਕਟਮ ਕੰਪਨਸੇਸ਼ਨ ਸਕੀਮ (ਸੀ.ਵੀ.ਸੀ.ਐਫ) ਅਧੀਨ 3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਉਪਰੋਕਤ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਡਿਪਟੀ ਕਮਿਸ਼ਨਰ (ਜ) ਜਸਪ੍ਰੀਤ ਸਿੰਘ ਨੇ ਦੱਸਿਆ ਕਿ ਤੇਜ਼ਾਬ ਪੀੜਤ ਔਰਤ ਨੂੰ ਕੇਂਦਰ ਸਰਕਾਰ ਵੱਲੋਂ ਪ੍ਰਾਈਮ ਮਨਿਸਟਰ ਨੈਸ਼ਨਲ ਰਿਲੀਫ ਫੰਡ (ਪੀ.ਐਮ.ਐਨ.ਆਰ.ਐਫ) ਸਕੀਮ ਅਧੀਨ ਇੱਕ ਲੱਖ ਰੁਪਏ ਦੀ ਹੋਰ ਫੌਰੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ।

ਏ.ਡੀ.ਸੀ ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਲੈਣ ਲਈ ਤੇਜ਼ਾਬ ਪੀੜਤ ਆਪਣੀ ਦਰਖਾਸਤ ਡਿਪਟੀ ਕਮਿਸ਼ਨਰ ਦੇ ਦਫਤਰ 'ਚ ਜਮਾਂ ਕਰਵਾ ਸਕਦੀ ਹੈ। ਦਰਖਾਸਤ ਦੇ ਨਾਲ ਤੇਜ਼ਾਬ ਪੀੜਤ ਵੱਲੋਂ ਅਤੇ ਨਾਬਾਲਗ ਹੋਣ ਦੀ ਸੂਰਤ ਵਿੱਚ ਉਸਦੇ ਮਾਪਿਆਂ ਜਾਂ ਗਾਰਡੀਅਨ ਵੱਲੋਂ, ਪੁਲਿਸ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ ਦੀ ਕਾਪੀ, ਸਿਵਲ ਸਰਜਨ ਵੱਲੋਂ ਜਾਰੀ ਕੀਤਾ ਮੈਡੀਕਲ ਸਰਟੀਫਿਕੇਟ, ਸ਼ਨਾਖਤ ਵਜੋਂ ਵੋਟਰ ਸ਼ਨਾਖਤੀ ਕਾਰਡ, ਆਧਾਰ ਕਾਰਡ, ਬਿਨੈਕਾਰ ਦੇ ਬੈਂਕ ਖਾਤੇ ਦੇ ਵੇਰਵਾ ਨਾਲ ਲਗਾਉਣੇ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਦਰਖਾਸਤ ਪ੍ਰਾਪਤ ਹੋਣ ਉਪਰੰਤ ਇਹ ਰਿਪੋਰਟ ਕੇਂਦਰ ਗ੍ਰਹਿ ਵਿਭਾਗ ਨੂੰ ਭੇਜੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਮਾਮਲਿਆਂ ਦੀ ਦੇਖਰੇਖ ਲਈ ਬਣਾਈ ਗਈ ਕਮੇਟੀ ਵੱਲੋਂ ਦਰਖਾਸਤ ਪ੍ਰਵਾਨ ਕਰਨ ਉਪਰੰਤ ਮੁਆਵਜ਼ੇ ਦੀ ਰਾਸ਼ੀ ਪੰਜ ਦਿਨਾਂ ਦੇ ਅੰਦਰ ਸਿੱਧੀ ਤੇਜ਼ਾਬ ਪੀੜਤ ਦੇ ਬੈਂਕ ਖਾਤੇ 'ਚ ਜਮਾਂ ਕਰਵਾ ਦਿੱਤੀ ਜਾਵੇਗੀ। ਕੇਂਦਰੀ ਗ੍ਰਹਿ ਵਿਭਾਗ ਦੇ ਡਾਇਰੈਕਟਰ ਐਸ.ਕੇ ਭੱਲਾ ਨੂੰ ਇਨ੍ਹਾਂ ਮਾਮਲਿਆਂ ਦੀ ਦੇਖਰੇਖ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਟੈਲੀਫੋਨ ਨੰਬਰ 011-23438138 ਹੈ ਅਤੇ ਈ ਮੇਲ ਪਤਾ dircs੧-mha0nic.in ਹੈ। ਕੋਈ ਵੀ ਤੇਜ਼ਾਬ ਪੀੜਤ ਔਰਤ ਇਹ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਆਪਣੀ ਦਰਖਾਸਤ ਸਿੱਧੇ ਤੌਰ ਤੇ ਨਹੀਂ ਭੇਜ ਸਕੇਗੀ। ਡਿਪਟੀ ਕਮਿਸ਼ਨਰ ਵੱਲੋਂ ਸਾਰੇ ਦਸਤਾਵੇਜ਼ ਅਤੇ ਰਿਪੋਰਟ ਨਾਲ ਭੇਜੀ ਗਈ ਦਰਖਾਸਤ ਤੇ ਹੀ ਕਾਰਵਾਈ ਕਰਨ ਉਪਰੰਤ ਵਿੱਤੀ ਸਹਾਇਤਾ ਦੀ ਰਕਮ ਤੇਜ਼ਾਬ ਪੀੜਤ ਔਰਤ ਨੂੰ ਹਾਸਲ ਹੋਵੇਗੀ।