ਨਵੇਂ ਸਾਲ ਦੇ ਚੜ੍ਹਦਿਆਂ ਹੀ ਪੁਲਿਸ ਹੋ ਗਈ ਸ਼ਾਂਤ, ਚੋਰ ਲੁਟੇਰੇ ਕੱਢਣਗੇ ਵੱਟ !!!

Last Updated: Jan 05 2020 12:41
Reading time: 1 min, 37 secs

ਜਿੱਦਣ ਦਾ ਨਵਾਂ ਸਾਲ ਚੜ੍ਹਿਆ ਹੈ, ਉਦਣ ਤੋਂ ਲੈ ਕੇ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਤੋਂ ਚੋਰੀਆਂ ਅਤੇ ਲੁੱਟਖੋਹ ਤੋਂ ਇਲਾਵਾ ਡਕੈਤੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਵਾਪਰ ਰਹੀਆਂ ਇਹ ਵਾਰਦਾਤਾਂ, ਜਿੱਥੇ ਪੁਲਿਸ ਪ੍ਰਸ਼ਾਸਨ 'ਤੇ ਕਈ ਸਵਾਲ ਖੜੇ ਕਰ ਰਹੀਆਂ ਹਨ, ਉੱਥੇ ਹੀ ਇਹ ਵਾਰਦਾਤਾਂ ਮੌਜ਼ੂਦਾ ਸਰਕਾਰ 'ਤੇ ਵੀ ਨਿਸ਼ਾਨਾ ਵਿੰਨ ਰਹੀਆਂ ਹਨ। ਨਵੇਂ ਸਾਲ ਵਾਲੇ ਦਿਨ ਤੋਂ ਹੀ ਪੁਲਿਸ ਸੁਸਤ ਅਤੇ ਚੋਰ ਲੁਟੇਰੇ ਚੁਸਤ ਵਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਅੰਦਰ ਪੁਲਿਸ ਦੀ ਕਥਿਤ ਤੌਰ 'ਤੇ ਅਣਗਹਿਲੀ ਦੇ ਕਾਰਨ ਜ਼ਿਲ੍ਹੇ ਵਿੱਚ ਰੋਜ਼ਾਨਾ ਹੀ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਤਾਜ਼ਾ ਘਟਨਾ ਸਾਂਝੀ ਕਰੀਏ ਤਾਂ, ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਪੁਲਿਸ ਸ਼ਹਿਰ ਦੇ ਅੰਦਰ ਗਸ਼ਤ ਕਰਦੀ ਹੈ? ਸ਼ਹਿਰ ਦੇ ਮੁਹੱਲਾ ਡੋਲਿਆਂ ਵਾਲਾ ਵਿਖੇ ਦਰਮਿਆਨੀ ਰਾਤ ਨੂੰ ਕੋਈ ਅਣਪਛਾਤੇ ਚੋਰ ਇੱਕ ਕਾਲਜ ਦੀ ਗੱਡੀ ਚੋਰੀ ਕਰਕੇ ਲੈ ਗਏ। ਬੇਸ਼ੱਕ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਦੇ ਵੱਲੋਂ ਅਣਪਛਾਤੇ ਚੋਰਾਂ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ।

ਪਰ ਸਵਾਲ ਉੱਠਦਾ ਹੈ ਕਿ ਕੀ ਪੁਲਿਸ ਠੰਡੀ ਰਾਤ ਨੂੰ ਨਿੱਘੀ ਰਜਾਈ ਵਿੱਚ ਸੌਂ ਰਹੀ ਹੁੰਦੀ ਹੈ? ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਰਾਜੀਵ ਹਾਂਡਾ ਪੁੱਤਰ ਧਰਮਾਪਾਲ ਹਾਂਡਾ ਵਾਸੀ ਮੁਹੱਲਾ ਡੋਲਿਆ ਵਾਲਾ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹ ਫਿਰੋਜ਼ਪੁਰ ਕਾਲਜ ਆਫ਼ ਇੰਜੀਨੀਅਰਿੰਗ ਵਿਖੇ ਨੌਕਰੀ ਕਰਦਾ ਹੈ ਅਤੇ ਬੀਤੇ ਦਿਨ ਕਾਲਜ ਦੀ ਇੱਕ ਗੱਡੀ ਉਹ ਆਪਣੇ ਘਰ ਲੈ ਕੇ ਆ ਗਿਆ। ਰਾਜੀਵ ਹਾਂਡਾ ਦੇ ਮੁਤਾਬਿਕ ਉਸ ਦੇ ਵੱਲੋਂ ਰਾਤ ਸਮੇਂ ਗੱਡੀ ਨੂੰ ਆਪਣੇ ਘਰ ਦੇ ਬਾਹਰ ਖੜਾ ਕਰ ਦਿੱਤਾ ਗਿਆ, ਪਰ ਸਵੇਰੇ ਜਦੋਂ ਉੱਠ ਕੇ ਵੇਖਿਆ ਤਾਂ ਗੱਡੀ ਉਕਤ ਜਗ੍ਹਾ 'ਤੇ ਮੌਜ਼ੂਦ ਨਹੀਂ ਸੀ।

ਰਾਜੀਵ ਹਾਂਡਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਗੱਡੀ ਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਚੋਰੀ ਦੀ ਘਟਨਾ ਸਬੰਧੀ ਉਨ੍ਹਾਂ ਦੇ ਵੱਲੋਂ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜੰਗੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਾਜੀਵ ਹਾਂਡਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਦੇ ਵਿਰੁੱਧ 379 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।