ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪ੍ਰਚਾਰ ਜ਼ੋਰਾਂ 'ਤੇ !!!

Last Updated: Jan 04 2020 15:59
Reading time: 1 min, 3 secs

ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਜਥਾ ਜ਼ਿਲ੍ਹਾ ਆਗੂ ਦੇਸ ਰਾਜ ਬਾਜੇ ਕੇ ਦੀ ਅਗਵਾਈ ਵਿੱਚ ਲਗਾਤਾਰ ਕਿਸਾਨਾਂ ਨੂੰ ਜੱਥੇਬੰਦ ਕਰਨ ਲਈ ਮੀਟਿੰਗਾਂ ਰੈਲੀਆਂ ਕਰ ਰਿਹਾ ਹੈ। ਇਸ ਸਬੰਧੀ ਬਲਾਕ ਗੁਰੂਹਰਸਹਾਏ ਦੇ ਪਿੰਡ ਲਖਮੀਰਪੁਰਾ, ਚੁੱਘਾ, ਬਾਘੂ ਵਾਲਾ, ਗੋਬਿੰਦਗੜ੍ਹ, ਝਾਵਲਾ, ਕੇਸਰ ਸਿੰਘ ਵਾਲਾ, ਵਸਤੀ ਲਾਭ ਸਿੰਘ, ਨਿੱਜਰ, ਗੁਰੂ ਨਾਨਕ ਨਗਰ, ਕਰਕਾਂਦੀ, ਚੱਪਾ ਅੜਿੱਕੀ, ਮਾੜੇ ਕਲਾਂ, ਮਾੜੇ ਖੁਰਦ, ਜੁਆਏ ਸਿੰਘ ਵਾਲਾ, ਸ਼ਰੀਹ ਵਾਲਾ ਬਰਾੜ, ਮੋਠਾਂ ਵਾਲਾ, ਰੱਤੇਵਾਲਾ ਆਦਿ ਪਿੰਡਾਂ ਵਿੱਚ ਪ੍ਰਚਾਰ ਕੀਤਾ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਬਲਾਕ ਆਗੂ ਵੀਰ ਦਵਿੰਦਰ ਸ਼ਰੀਹਵਾਲਾ, ਭਾਗ ਸਿੰਘ, ਅਮਰੀਕ ਸਿੰਘ ਲਖਮੀਰਪੁਰਾ, ਲੇਖ ਰਾਜ, ਹਾਕਮ ਚੰਦ ਬਾਜੇਕੇ ਨੇ ਦੱਸਿਆ ਕਿ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਿੱਚ ਸ਼ਾਮਲ 250 ਤੋਂ ਵੱਧ ਕਿਸਾਨ ਮਜ਼ਦੂਰ ਜੱਥੇਬੰਦੀਆਂ ਵੱਲੋਂ ਦੇਸ਼ ਪੱਧਰੀ ਹੜਤਾਲ ਕੀਤੀ ਜਾ ਰਹੀ ਹੈ। ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਲਗਾਤਾਰ ਪਿੰਡਾਂ ਵਿੱਚ ਮੀਟਿੰਗਾਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਇਸ ਗੱਲ ਲਈ ਪ੍ਰੇਰਿਆ ਜਾ ਰਿਹਾ ਹੈ ਕਿ ਕੋਈ ਵੀ ਕਿਸਾਨ ਇਸ ਦਿਨ ਸ਼ਹਿਰ ਨਾ ਜਾਵੇ ਅਤੇ ਦੁੱਧ, ਸਬਜ਼ੀਆਂ, ਹਰਾ ਚਾਰਾ ਸ਼ਹਿਰ ਵੱਲ ਨੂੰ ਨਾ ਭੇਜਿਆ ਜਾਵੇ। ਉਨ੍ਹਾਂ ਦੱਸਿਆ ਕਿ 8 ਜਨਵਰੀ ਨੂੰ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਕਰਨ ਲਈ ਸੜਕਾਂ ਅਤੇ ਮੁੱਖ ਰੇਲ ਮਾਰਗਾਂ ਉੱਪਰ ਜਾਮ ਲਗਾਇਆ ਜਾਵੇਗਾ।