ਹਰਿਆਣਾ ਵੱਲੋਂ ਪੰਜਾਬੀ ਨੂੰ ਹਟਾ ਕੇ ਤੇਲਗੂ ਨੂੰ ਦੂਸਰੀ ਭਾਸ਼ਾ ਦਾ ਦਰਜਾ ਦੇਣਾ ਮੰਦਭਾਗਾ: ਗੁਰਿੰਦਰ ਸਿੰਘ ਬਾਜਵਾ

Last Updated: Jan 04 2020 11:28
Reading time: 1 min, 2 secs

ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਹਰਿਆਣੇ ਦੀ ਭਾਜਪਾ ਸਰਕਾਰ ਨੇ ਪੰਜਾਬੀ ਭਾਸ਼ਾ ਜੋ ਸੂਬੇ ਦੀ ਦੂਸਰੀ ਭਾਸ਼ਾ ਸੀ ਦੀ ਜਗ੍ਹਾ ਤੇਲਗੂ ਭਾਸ਼ਾ ਨੂੰ ਪੰਜਾਬੀ ਦੀ ਥਾਂ ਦੇ ਦਿੱਤੀ ਹੈ। ਤੇਲਗੂ ਭਾਸ਼ਾ ਦੱਖਣ ਦੀ ਭਾਸ਼ਾ ਹੈ। ਹੁਣ ਹਰਿਆਣੇ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਨੂੰ ਹਟਾ ਕੇ ਤੇਲਗੂ ਭਾਸ਼ਾ ਪੜ੍ਹਾਈ ਜਾਵੇਗੀ। ਜੋ ਕਿ ਸਿੱਧਾ ਹਰਿਆਣੇ ਵਿੱਚ ਰਹਿਣ ਵਾਲੇ ਸਿੱਖ ਅਤੇ ਪੰਜਾਬੀਆਂ ਨਾਲ ਬਹੁਤ ਵੱਡਾ ਧੱਕਾ ਹੈ। ਕਿਉਂਕਿ ਹਰਿਆਣਾ ਵੀ ਪਹਿਲਾਂ ਪੰਜਾਬ ਦਾ ਹਿੱਸਾ ਸੀ। ਬਹੁਤ ਸਾਰੇ ਸਿੱਖ ਅਤੇ ਪੰਜਾਬੀ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ ਹੈ ਉਹ ਹਰਿਆਣੇ ਵਿੱਚ ਵੱਸਦੇ ਹਨ।

ਸੋ ਉਨ੍ਹਾਂ ਸਾਰਿਆ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਆਪਣਾ ਇਹ ਫ਼ੈਸਲਾ ਬਦਲਣਾ ਚਾਹੀਦਾ ਹੈ ਤੇ ਦੁਬਾਰਾ ਪੰਜਾਬੀ ਨੂੰ ਹੀ ਹਰਿਆਣੇ ਵਿੱਚ ਦੂਸਰੀ ਭਾਸ਼ਾ ਦਾ ਦਰਜਾ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕੇਂਦਰ ਵਿੱਚ ਭਾਜਪਾ ਦੀ ਭਾਈਵਾਲ ਪਾਰਟੀ ਹੈ ਤੇ ਉਨ੍ਹਾਂ ਦੇ ਚੌਟਾਲਾ ਪਰਿਵਾਰ ਨਾਲ ਨੇੜੇ ਦੇ ਸਬੰਧ ਹਨ ਅਤੇ ਦੁਸ਼ਅੰਤ ਚੌਟਾਲਾ ਇਸ ਵੇਲੇ ਹਰਿਆਣੇ ਦੇ ਉਪ ਮੁੱਖ ਮੰਤਰੀ ਹਨ। ਸੋ ਬਾਦਲ ਪਰਿਵਾਰ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਦੇ ਇਸ ਸਿੱਖ ਅਤੇ ਪੰਜਾਬੀ ਵਿਰੋਧੀ ਰਵੱਈਏ ਦਾ ਵਿਰੋਧ ਕਰਦਿਆਂ ਆਪਣਾ ਪ੍ਰਭਾਵ ਵਰਤ ਕੇ ਇਸ ਫ਼ੈਸਲੇ ਨੂੰ ਬਦਲਾਉਣਾ ਚਾਹੀਦਾ ਹੈ ਅਤੇ ਸਮੁੱਚੀਆਂ ਪੰਜਾਬੀ ਬੋਲੀ ਨਾਲ ਮੋਹ ਕਰਨ ਵਾਲੀਆਂ ਧਿਰਾਂ ਨੂੰ ਇਸ ਫ਼ੈਸਲੇ ਵਿਰੁੱਧ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।