ਬੀ.ਏ 'ਚ ਪੜ੍ਹਦੀ ਨੌਜਵਾਨ ਮੁਟਿਆਰ ਨੂੰ ਭਜਾ ਕੇ ਲੈ ਗਿਆ ਪ੍ਰੇਮੀ, ਪਰਚਾ ਦਰਜ

Last Updated: Jan 02 2020 18:11
Reading time: 1 min, 40 secs

ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਵੱਲੋਂ ਘਰ ਤੋਂ ਕਾਲਜ ਪੜ੍ਹਨ ਗਈ ਨੌਜਵਾਨ ਮੁਟਿਆਰ ਨੂੰ ਆਪਣੇ ਨਾਲ ਭਜਾ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਕਈ ਦਿਨਾਂ ਤੋਂ ਗਾਇਬ ਹੋਏ ਨੌਜਵਾਨ ਅਤੇ ਮੁਟਿਆਰ ਸਬੰਧੀ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਪ੍ਰੰਤੂ ਪੁਲਿਸ ਲੜਕੀ ਦੇ ਪਿਤਾ ਪ੍ਰਮੋਦ ਕੁਮਾਰ (ਕਾਲਪਨਿਕ ਨਾਮ) ਵਾਸੀ ਨਿਊ ਆਜ਼ਾਦ ਨਗਰ ਦੀ ਸ਼ਿਕਾਇਤ ਤੇ ਆਰੋਪੀ ਨੌਜਵਾਨ ਅਮਨਦੀਪ ਪਾਂਡੇ ਵਾਸੀ ਗਿਆਨ ਚੰਦਰ ਨਗਰ (ਲੁਧਿਆਣਾ) ਦੇ ਖਿਲਾਫ ਲੜਕੀ ਨੂੰ ਵਰਗਲਾ ਕੇ ਅਗਵਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲੜਕੀ ਦੇ ਪਿਤਾ ਸ਼ਿਕਾਇਤਕਰਤਾ ਪ੍ਰਮੋਦ ਕੁਮਾਰ ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨ 'ਚ ਦੱਸਿਆ ਹੈ ਕਿ ਕਰੀਬ 18 ਸਾਲਾਂ ਦੀ ਉਸਦੀ ਨੌਜਵਾਨ ਲੜਕੀ ਖਾਲਸਾ ਕਾਲਜ 'ਚ ਬੀ.ਏ ਭਾਗ (ਪਹਿਲਾ) ਦੀ ਪੜ੍ਹਾਈ ਕਰ ਰਹੀ ਹੈ। ਬੀਤੇ ਕਈ ਦਿਨ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਉਸਦੀ ਲੜਕੀ ਆਪਣੇ ਘਰ ਤੋਂ ਕਾਲਜ ਪੜ੍ਹਾਈ ਕਰਨ ਲਈ ਗਈ ਸੀ, ਪ੍ਰੰਤੂ ਸ਼ਾਮ ਹੋਣ ਤੱਕ ਉਹ ਵਾਪਸ ਘਰ ਨਹੀਂ ਪਹੁੰਚੀ। ਲੜਕੀ ਦੇ ਵਾਪਸ ਘਰ ਨਾ ਆਉਣ ਦੇ ਕਾਰਨ ਉਸਨੇ ਪਰਿਵਾਰਕ ਮੈਂਬਰਾਂ ਦੇ ਨਾਲ ਉਸ ਦੀਆਂ ਸਹੇਲੀਆਂ ਤੋਂ ਪੁੱਛਗਿੱਛ ਕਰਦੇ ਹੋਏ ਲੜਕੀ ਦੀ ਕਾਫੀ ਭਾਲ ਕੀਤੀ ਪਰ ਉਸਨੂੰ ਕੁਝ ਪਤਾ ਨਹੀਂ ਲੱਗ ਸਕਿਆ।

ਸ਼ਿਕਾਇਤਕਰਤਾ ਨੇ ਪੁਲਿਸ ਕੋਲ ਦੋਸ਼ ਲਗਾਇਆ ਹੈ ਕਿ ਜਦੋਂ ਉਹ ਲੜਕੀ ਦੀ ਤਲਾਸ਼ ਕਰ ਰਿਹਾ ਸੀ ਤਾਂ ਉਸਨੂੰ ਇਲਾਕੇ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਗਿਆਨ ਚੰਦਰ ਨਗਰ ਇਲਾਕੇ ਦਾ ਇੱਕ ਨੌਜਵਾਨ ਅਮਨਦੀਪ ਪਾਂਡੇ ਉਸਦੀ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਅਗਵਾ ਕਰਕੇ ਫਰਾਰ ਹੋ ਗਿਆ ਹੈ। ਇਸਦੇ ਬਾਅਦ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਦੂਜੇ ਪਾਸੇ ਥਾਣਾ ਡਵੀਜ਼ਨ ਨੰ.8 ਪੁਲਿਸ ਦਾ ਕਹਿਣਾ ਹੈ ਕਿ ਲਾਪਤਾ ਹੋਈ ਲੜਕੀ ਦੇ ਪਿਤਾ ਪ੍ਰਮੋਦ ਕੁਮਾਰ ਦੇ ਬਿਆਨ ਦਰਜ ਕਰਕੇ ਆਰੋਪੀ ਅਮਨਦੀਪ ਪਾਂਡੇ ਦੇ ਖਿਲਾਫ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਜਾਣ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਗਵਾ ਕੀਤੀ ਗਈ ਲੜਕੀ ਨੂੰ ਬਰਾਮਦ ਕਰਨ ਸਬੰਧੀ ਆਰੋਪੀ ਨੌਜਵਾਨ ਦੇ ਕਈ ਠਿਕਾਣਿਆਂ ਤੇ ਛਾਪਾਮਾਰੀ ਕੀਤੀ ਗਈ ਪ੍ਰੰਤੂ ਆਰੋਪੀ ਸਬੰਧੀ ਪਤਾ ਨਹੀਂ ਲੱਗ ਸਕਿਆ ਹੈ। ਗਾਇਬ ਹੋਏ ਲੜਕਾ ਅਤੇ ਲੜਕੀ ਦੀ ਤਲਾਸ਼ ਕੀਤੀ ਜਾ ਰਹੀ ਹੈ।