ਪੰਜਾਬ ਸਰਕਾਰ ਰਾਜ ਅੰਦਰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ- ਵਿਧਾਇਕ ਪਾਹੜਾ

Last Updated: Jan 02 2020 17:30
Reading time: 2 mins, 29 secs

ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ, ਜਿਸ ਤਹਿਤ ਝੋਨੇ ਹੇਠਲਾਂ ਰਕਬਾ ਵੱਡੇ ਪੱਧਰ 'ਤੇ ਘਟਿਆ ਅਤੇ ਸਾਉਣੀ-2019 ਦੌਰਾਨ ਲਗਭਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆਇਆ ਹੈ। ਜ਼ਿਕਰਯੋਗ ਹੈ ਕਿ ਸਾਉਣੀ-2018 ਦੌਰਾਨ ਗੈਰ-ਬਾਸਮਤੀ ਝੋਨੇ ਹੇਠ 64.80 ਲੱਖ ਏਕੜ ਰਕਬਾ ਸੀ ਜੋ ਇਸ ਵਾਰ ਘੱਟ ਕੇ 57.27 ਲੱਖ ਏਕੜ ਰਹਿ ਗਿਆ।

ਵਿਧਾਇਕ ਪਾਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਾਣੀ ਦੇ ਸੰਤੁਲਨ ਨੂੰ ਬਹਾਲ ਕਰਨ ਲਈ ਸਰਕਾਰ ਵੱਲੋਂ ਇਸ ਸਾਲ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਕਪਾਹ, ਮੱਕੀ, ਬਾਸਮਤੀ ਅਤੇ ਫਲ ਤੇ ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਸਾਲ 2019 ਵੀ 7 ਲੱਖ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਬਦਲਵੀਆਂ ਫਸਲਾਂ ਹੇਠ ਲਿਆਂਦਾ ਹੈ। ਇਸ ਸਾਲ ਕਪਾਹ ਹੇਠ 3 ਲੱਖ ਏਕੜ, ਮੱਕੀ ਹੇਠ 1.27 ਲੱਖ ਏਕੜ, ਬਾਸਮਤੀ ਹੇਠ 2.95 ਲੱਖ ਏਕੜ ਅਤੇ ਫਲਾਂ ਤੇ ਸਬਜ਼ੀਆਂ ਹੇਠ 17500 ਏਕੜ ਰਕਬਾ ਵਧਾਇਆ ਗਿਆ।

ਉਨ੍ਹਾਂ ਦੱਸਿਆ ਕਿ ਫਸਲੀ ਵੰਨ-ਸੁਵੰਨਤਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਨੇ ਸਾਉਣੀ-2019 ਵਿੱਚ ਵਿਆਪਕ ਪੱਧਰ 'ਤੇ ਮੁਹਿੰਮ ਚਲਾਈ ਗਈ ਜਿਸ ਤਹਿਤ ਕਿਸਾਨਾਂ ਨੂੰ ਖੇਤੀ ਰਸਾਇਣ ਘਟਾਉਣ ਖਾਸ ਕਰਕੇ 9 ਖੇਤੀ ਰਸਾਇਣਾਂ ਦਾ ਬਾਸਮਤੀ ਦੇ ਦਾਣਿਆਂ ਦੀ ਗੁਣਵੱਤਾ 'ਤੇ ਪੈਂਦੇ ਮਾਰੂ ਪ੍ਰਭਾਵ ਬਾਰੇ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਰਾਲਿਆਂ ਦੇ ਉਤਸ਼ਾਹਜਨਕ ਨਤੀਜੇ ਨਿਕਲੇ ਅਤੇ ਬਾਸਮਤੀ ਦੀ ਫਸਲ 'ਤੇ ਰਸਾਇਣਾਂ ਦੇ ਛਿੜਕਾਅ ਦਾ ਪੱਧਰ ਘਟਿਆ। ਇਨ੍ਹਾਂ ਉਪਰਾਲਿਆਂ ਸਦਕਾ ਸੂਬੇ ਦੇ ਕਿਸਾਨ ਨੇ ਬਾਸਮਤੀ ਦੀ ਉੱਚ ਮਿਆਰੀ ਫਸਲ ਦਾ ਉਤਪਾਦਨ ਕੀਤਾ ਅਤੇ ਇਰਾਨ ਜੋ ਪੰਜਾਬ ਦੀ ਬਾਸਮਤੀ ਦੀ ਮੁੱਖ ਮੰਡੀ ਹੈ, ਨੂੰ ਬਰਾਮਦ ਕਰਨ 'ਤੇ ਲੱਗੀਆਂ ਬੰਦਸ਼ਾਂ ਦੇ ਮੱਦੇਨਜ਼ਰ ਕਮਜ਼ੋਰ ਕੌਮਾਂਤਰੀ ਰੁਝਾਨ ਦੇ ਬਾਵਜੂਦ ਕਿਸਾਨਾਂ ਨੂੰ ਫਸਲ ਦਾ ਲਾਹੇਵੰਦ ਭਾਅ ਮਿਲਿਆ।

ਵਿਧਾਇਕ ਪਾਹੜਾ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭੌਂ ਦੀ ਸਿਹਤ ਪਰਖ ਤੋਂ ਬਾਅਦ ਕਿਸਾਨਾਂ ਨੂੰ 24.30 ਲੱਖ ਭੌਂ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਲੋੜ ਮੁਤਾਬਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 2018 ਵਿੱਚ ਯੂਰੀਆ ਦੀ 14.57 ਲੱਖ ਟਨ ਖਪਤ ਹੋਈ ਸੀ ਜੋ ਸਾਲ 2019 ਵਿੱਚ ਘੱਟ ਕੇ 13.75 ਲੱਖ ਟਨ ਰਹਿ ਗਈ ਜਿਸ ਨਾਲ ਕਿਸਾਨਾਂ ਨੂੰ 49.20 ਕਰੋੜ ਦਾ ਲਾਭ ਪਹੁੰਚਿਆ। ਇਸੇ ਤਰ੍ਹਾਂ ਡੀ.ਏ.ਪੀ. ਦੀ ਖਪਤ ਵਿੱਚ ਵੀ 33000 ਟਨ ਦੀ ਕਮੀ ਦਰਜ ਕੀਤੀ ਗਈ ਜੋ ਸਾਲ 2019 ਵਿੱਚ 1.42 ਲੱਖ ਟਨ ਰਹਿ ਗਈ ਜਦਕਿ ਸਾਲ 2018 ਵਿੱਚ 1.75 ਲੱਖ ਟਨ ਦੀ ਖਪਤ ਹੋਈ ਸੀ ਜਿਸ ਨਾਲ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ 82.50 ਕਰੋੜ ਰੁਪਏ ਦਾ ਫਾਇਦਾ ਹੋਇਆ।

ਵਿਧਾਇਕ ਪਾਹੜਾ ਨੇ ਦੱਸਿਆ ਕਿ ਨਕਲੀ ਬੀਜਾਂ ਅਤੇ ਖੇਤੀ ਰਸਾਇਣਾਂ ਦੀ ਵਿਕਰੀ ਰੋਕਣ ਲਈ ਵੀ ਵਿਭਾਗ ਵੱਲੋਂ ਪੂਰੀ ਮੁਸਤੈਦੀ ਵਰਤੀ ਗਈ ਜਿਸਦੇ ਨਤੀਜੇ ਵਜੋਂ ਫਸਲਾਂ ਦੇ ਉਤਪਾਦਨ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕੀਟਨਾਸ਼ਕਾਂ ਦੀ ਵਰਤੋਂ ਵਿੱਚ 675 ਐਮ.ਟੀ. (ਟੈਕਨੀਕਲ ਗ੍ਰੇਡ) ਦੀ ਕਮੀ ਦਰਜ ਕੀਤੀ ਗਈ ਜਿਸ ਨਾਲ ਕਿਸਾਨਾਂ ਨੂੰ 355 ਕਰੋੜ ਰੁਪਏ ਦਾ ਲਾਭ ਹੋਇਆ, ਜਦਕਿ ਸਾਉਣੀ-2018 ਦੌਰਾਨ 2000 ਕਰੋੜ ਰੁਪਏ ਦੀ ਲਾਗਤ ਨਾਲ 3838 ਐਮ.ਟੀ. ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਸੀ।