ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ 'ਚ ਸ਼ਾਮਲ ਕਿਸਾਨ ਜੱਥੇਬੰਦੀਆਂ ਵੱਲੋਂ 8 ਜਨਵਰੀ ਨੂੰ ਭਾਰਤ ਬੰਦ ਦਾ ਸੱਦਾ !!!

Last Updated: Jan 02 2020 15:41
Reading time: 1 min, 12 secs

8 ਜਨਵਰੀ ਨੂੰ ਪੇਂਡੂ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਗੁਰੂਹਰਸਹਾਏ ਦੀ ਮੀਟਿੰਗ ਮਾਸਟਰ ਦੇਸਰਾਜ ਬਾਜੇ ਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਜਾਣਕਾਰੀ ਦਿੰਦਿਆਂ ਬਲਾਕ ਆਗੂ ਵੀਰ ਦਵਿੰਦਰ ਨੇ ਦੱਸਿਆ ਕਿ 8 ਜਨਵਰੀ ਨੂੰ ਭਾਰਤ ਦੀਆਂ 250 ਦੇ ਕਰੀਬ ਕਿਸਾਨ ਜੱਥੇਬੰਦੀਆਂ ਦੀ ਬਣੀ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਜੋ ਪੇਂਡੂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਹੈ।

ਇਸ ਸਬੰਧੀ ਇਲਾਕੇ ਵਿੱਚ ਦੂਜੀਆਂ ਜੱਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਪ੍ਰਚਾਰ ਪ੍ਰਸਾਰ ਵਿੱਢ ਦਿੱਤਾ ਹੈ। ਪਿੰਡਾਂ ਵਿੱਚ ਰੈਲੀਆਂ, ਝੰਡਾ ਮਾਰਚ, ਮੀਟਿੰਗਾਂ ਕਰਕੇ ਬੰਦ ਦਾ ਸੱਦਾ ਦਿੰਦਾ ਅਤੇ ਕਿਸਾਨ ਮੰਗਾਂ ਵਾਲਾ ਲੀਫ਼ਲੈੱਟ ਜ਼ੋਰ ਸ਼ੋਰ ਨਾਲ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਲਕੇ ਸ਼ੁੱਕਰਵਾਰ ਨੂੰ ਬਾਕੀ ਜੱਥੇਬੰਦੀਆਂ ਨਾਲ ਮਿਲ ਕੇ, ਪੇਂਡੂ ਭਾਰਤ ਬੰਦ ਕਰਨ ਦਾ ਨੋਟਿਸ, ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਭਾਰਤ ਨੂੰ ਭੇਜਿਆ ਜਾਵੇਗਾ। ਜਿਸ ਦਾ ਉਤਾਰਾ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਭੇਜਿਆ ਜਾਵੇਗਾ।

7 ਜਨਵਰੀ ਤੱਕ ਪਿੰਡਾਂ ਦੇ ਕਿਸਾਨਾਂ, ਮਜ਼ਦੂਰਾਂ, ਦੁੱਧ ਉਤਪਾਦਕਾਂ ਅਤੇ ਦੁੱਧ ਧੰਦੇ ਵਿੱਚ ਲੱਗੇ ਲੋਕਾਂ, ਸਬਜ਼ੀਆਂ ਅਤੇ ਚਾਰਾ ਉਤਪਾਦਕਾਂ ਨਾਲ ਮੀਟਿੰਗਾਂ ਕਰਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ 8 ਜਨਵਰੀ ਨੂੰ ਪਿੰਡਾਂ ਵਿੱਚੋਂ ਨਾ ਕੋਈ ਵਸਤੂ ਬਾਹਰ ਜਾਵੇ ਅਤੇ ਨਾ ਹੀ ਬਾਹਰੋਂ ਪਿੰਡਾਂ ਵਿੱਚ ਕੋਈ ਚੀਜ਼ ਵੜਨ ਦਿੱਤੀ ਜਾਵੇ। ਇਸ ਮੌਕੇ ਅਮਰਜੀਤ ਸਿੰਘ ਲਖਮੀਰ ਪੁਰਾ, ਅਮਰੀਕ ਸਿੰਘ, ਤੇਜ ਸ਼ਰਮਾ, ਭਾਗ ਸਿੰਘ ਸ਼ਰੀਹ ਵਾਲਾ, ਹਾਕਮ ਚੰਦ ਬਾਜੇ ਕੇ, ਸੁਖਦੇਵ ਸਿੰਘ ਮਹਿਮਾ, ਅਮਰੀਕ ਸਿੰਘ ਮਹਿਮਾ, ਹਰਜੀਤ ਸਿੰਘ ਰਣਜੀਤ ਸਿੰਘ ਆਦਿ ਆਗੂ ਹਾਜ਼ਰ ਸਨ।