ਆਖਿਰ ਕਿੱਧਰ ਨੂੰ ਜਾ ਰਹੀ ਹੈ ਸਾਡੀ ਸਿਆਸਤ, ਢਿੱਲਵਾਂ ਤੋਂ ਬਾਅਦ ਇੱਕ ਹੋਰ ਅਕਾਲੀ ਸਰਪੰਚ ਦਾ ਕਤਲ ਮਾਮਲਾ!!

Last Updated: Jan 02 2020 13:53
Reading time: 2 mins, 3 secs

ਪੰਜਾਬ ਵਿੱਚ ਕਾਨੂੰਨ ਵਿਵਸਥਾ ਬਿਲਕੁਲ ਹੀ ਠੱਪ ਹੁੰਦੀ ਜਾ ਰਹੀ ਦਿਖਾਈ ਦੇ ਰਹੀ ਹੈ। ਜਿਸ ਤਰ੍ਹਾਂ ਰੋਜ਼ਾਨਾ ਹੀ ਅਪਰਾਧੀ ਕਿਸਮ ਦੇ ਲੋਕ ਮੰਦਭਾਗੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਵੇਖਣ ਵਿੱਚ ਮਿਲਿਆ ਹੈ ਕਿ ਸਿਆਸੀ ਲੋਕਾਂ ਦੀਆਂ ਲੜਾਈਆਂ ਵੀ ਹੁਣ ਵੋਟਾਂ ਤੱਕ ਹੀ ਸੀਮਤ ਨਹੀਂ ਰਹਿ ਗਈਆਂ ਇਹ ਤਾਂ ਹੁਣ ਖੂਨ ਦੀਆਂ ਪਿਆਸੀਆਂ ਹੁੰਦੀਆਂ ਜਾ ਰਹੀਆਂ ਹਨ। ਨਵੰਬਰ 2019  ਵਿੱਚ ਵੀ ਜਿਸ ਤਰ੍ਹਾਂ ਇੱਕ ਅਕਾਲੀ ਸਰਪੰਚ ਦੇ ਕਤਲ ਦਾ ਮਾਮਲਾ ਸੁਰਖੀਆਂ ਵਿੱਚ ਆਇਆ ਸੀ ਉਸੇ ਤਰ੍ਹਾਂ ਹੀ ਹੁਣ ਇੱਕ ਵਾਰ ਫੇਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਇੱਕ ਹੋ ਸਾਬਕਾ ਸਰਪੰਚ ਦੇ ਕਤਲ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ।

ਜ਼ਿਕਰ ਕਰਨਾ ਬਣਦਾ ਹੈ ਕਿ ਬੀਤੇ ਵਰ੍ਹੇ 18 ਨਵੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਵਿੰਝਵਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦਾ ਬੜੀ ਹੀ ਬੇਰਹਿਮੀ ਨਾਲ ਗੋਲੀਆਂ ਮਾਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਕੋਹ ਕੋਹ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਕਤਲ ਦਾ ਇਲਜ਼ਾਮ ਕਾਂਗਰਸੀਆਂ ਤੇ ਲੱਗਾ ਸੀ ਤੇ ਪੁਲਿਸ ਵੱਲੋਂ ਵੀ ਪੱਖਪਾਤੀ ਭੂਮਿਕਾ ਨਿਭਾਏ ਜਾਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਸਨ ਤੇ ਵੱਧਦੇ ਦਬਾਅ ਦੇ ਚਲਦੇ ਹੀ ਆਰੋਪੀਆਂ ਨੂੰ ਪੁਲਿਸ ਵੱਲੋਂ ਫੜਿਆ ਗਿਆ ਸੀ ਜਿਸ ਕਰਕੇ ਲੋਕਾਂ ਵਿੱਚ ਭਾਰੀ ਰੋਸ ਰਿਹਾ ਹੈ।

ਹੁਣ ਜਿਸ ਤਰ੍ਹਾਂ ਇੱਕ ਵਾਰ ਫੇਰ ਨਵੇਂ ਵਰ੍ਹੇ ਮੌਕੇ ਹੀ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਮਜੀਠਾ ਦੇ ਇੱਕ ਸਾਬਕਾ ਅਕਾਲੀ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ ਇਸ ਨਾਲ ਵੀ ਸੂਬੇ ਦੀ ਕਾਨੂੰਨ ਵਿਵਸਥਾ ਦੇ ਸਵਾਲਿਆ ਨਿਸ਼ਾਨ ਲੱਗਾ ਹੈ ਤੇ ਇਸ ਵਾਰ ਫੇਰ ਇਸ ਕਤਲ ਦਾ ਇਲਜ਼ਾਮ ਵੀ ਕਾਂਗਰਸੀਆਂ ਦੇ ਹੀ ਲੱਗਾ ਹੈ ਜਿਸ ਕਰਕੇ ਆਮ ਲੋਕਾਂ ਅਤੇ ਖਾਸ ਕਰਕੇ ਵਿਰੋਧੀ ਪਾਰਟੀਆਂ ਵਿੱਚ ਡਰ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਨੂੰ ਅਜਿਹੀਆਂ ਵਾਰਦਾਤਾਂ ਤੇ ਲਗਾਮ ਲਗਾਉਣ ਲਈ ਸਭ ਤੋਂ ਪਹਿਲਾਂ ਹਥਿਆਰਾਂ ਦੇ ਲਾਇਸੰਸ ਦੇਣ ਤੇ ਸਖ਼ਤੀ ਨਾਲ ਪਾਬੰਦੀ ਲਗਾਉਣੀ ਪਵੇਗੀ ਤੇ ਕਿਸੇ ਵੀ ਸੂਰਤ ਵਿੱਚ ਸਿਫਾਰਿਸ਼ੀ ਤੌਰ ਤੇ ਕਿਸੇ ਦਾ ਵੀ ਅਸਲਾ ਲਾਇਸੰਸ ਨਹੀਂ ਬਣਾਇਆ ਜਾਣਾ ਚਾਹੀਦਾ। ਬਹੁਤ ਜ਼ਰੂਰੀ ਹੋਣ ਦੇ ਸੂਰਤ ਵਿੱਚ ਹੀ ਹਥਿਆਰਾਂ ਦਾ ਲਾਇਸੰਸ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੇ ਮਾਰੂ ਹਥਿਆਰਾਂ ਨੂੰ ਲੋਕ ਖਿਡਾਉਣਿਆਂ ਵਾਂਗ ਇਸਤੇਮਾਲ ਨਾ ਕਰ ਸਕਣ। ਹੁਣ ਜਿਸ ਤਰ੍ਹਾਂ ਦੋਵਾਂ ਕਤਲਾਂ ਦੇ ਪਿੱਛੇ ਦੀ ਵਜ੍ਹਾ ਸਿਆਸਤ ਤੋਂ ਪ੍ਰੇਰਿਤ ਹੀ ਦੱਸੀ ਜਾ ਰਹੀ ਹੈ ਅਜਿਹੇ ਵਿੱਚ ਸਵਾਲ ਉੱਠਣ ਲੱਗ ਪਏ ਹਨ ਕਿ ਆਖਿਰ ਕਿੱਧਰ ਨੂੰ ਜਾ ਰਹੀ ਹੈ ਅਜੋਕੀ ਸਿਆਸਤ ਜੋ ਕਤਲਾਂ ਦੇ ਰਾਹ ਹੀ ਤੁਰ ਪਈ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।