ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਸਾਈਕਲ ਸਵਾਰ ਮਜ਼ਦੂਰ ਦੀ ਮੌਤ

Last Updated: Jan 02 2020 12:07
Reading time: 1 min, 10 secs

ਮਜ਼ਦੂਰੀ ਦੇ ਕੰਮ ਦਾ ਪਤਾ ਕਰਨ ਸਬੰਧੀ ਗਏ ਸਾਈਕਲ ਸਵਾਰ ਮਜ਼ਦੂਰ ਦੀ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਹਿਚਾਣ ਰਾਜੂ ਸਾਹਨੀ ਵਾਸੀ ਪਿੰਡ ਦਾਖਾ ਵਜੋਂ ਹੋਈ ਹੈ। ਹਾਦਸੇ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਇਆ ਅਤੇ ਜਾਂਚ ਸ਼ੁਰੂ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਮਿਹਨਤ ਮਜ਼ਦੂਰੀ ਦਾ ਕੰਮ ਕਰਨ ਵਾਲਾ ਮਜ਼ਦੂਰ ਰਾਜੂ ਸਾਹਨੀ ਆਪਣਾ ਕੰਮ ਖਤਮ ਕਰਨ ਦੇ ਬਾਅਦ ਵਾਪਸ ਆਪਣੇ ਘਰ ਆਇਆ ਸੀ। ਇਸਦੇ ਬਾਅਦ ਉਹ ਆਪਣੇ ਹੋਰ ਕੰਮ ਦਾ ਪਤਾ ਕਰਨ ਸਬੰਧੀ ਸਾਈਕਲ ਤੇ ਸਵਾਰ ਹੋ ਕੇ ਘਰੋਂ ਗਿਆ ਸੀ। ਪਰ ਦੇਰ ਰਾਤ ਤੱਕ ਉਹ ਵਾਪਸ ਆਪਣੇ ਘਰ ਨਹੀਂ ਪਹੁੰਚਿਆ। ਸਵੇਰ ਹੋਣ ਤੇ ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਤਲਾਸ਼ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਦਾਖਾ ਨੇੜੇ ਅਜੀਤਸਰ ਸਕੂਲ ਕੋਲ ਸੜਕ ਤੇ ਮਜ਼ਦੂਰ ਦੀ ਸੜਕ ਤੇ ਲਾਸ਼ ਪਈ ਸੀ। ਜਿਸਦੀ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ ਸੀ।

ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਕਤ ਮਜ਼ਦੂਰ ਦੀ ਕਿਸੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਈ ਹੈ। ਮ੍ਰਿਤਕ ਰਾਜੂ ਸਾਹਨੀ ਦੇ ਲੜਕੇ ਨਾਨਕੀ ਸਾਹਨੀ ਦੇ ਬਿਆਨ ਦਰਜ ਕਰਨ ਉਪਰੰਤ ਅਣਪਛਾਤੇ ਵਾਹਨ ਦੇ ਅਣਜਾਣ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਨੂੰ ਉਸਦੇ ਵਾਰਸਾਂ ਹਵਾਲੇ ਕਰਕੇ ਵਾਹਨ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।