ਕਈ ਚੱਲ ਵਸੇ ਤੇ ਕਈਆਂ ਨੇ ਚੱਲ ਵੱਸਣਾ ਅਤੇ ਹਕੂਮਤ ਵੀ ਬਹਿ ਨਹੀਂ ਰਹਿਣੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jan 02 2020 11:29
Reading time: 2 mins, 29 secs

ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਸਮੇਤ ਦੇਸ਼ ਦੇ ਪੈਨਸ਼ਨਰ ਸੰਘਰਸ਼ ਕਰਦੇ ਆ ਰਹੇ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਵੇਲੇ ਬੇਸ਼ੱਕ ਦੇਸ਼ ਦੇ ਖਜ਼ਾਨੇ ਦੀ ਹਾਲਤ ਬਹੁਤੀ ਠੀਕ ਨਹੀਂ। ਪਰ ਵੇਖਿਆ ਜਾਵੇ ਤਾਂ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਤਾ ਨਹੀਂ ਕਿੱਥੋਂ ਪੈਸਾ ਲਿਆ ਕੇ ਟੂਰ ਲਗਾ ਰਹੇ ਹਨ।

ਦੱਸ ਇਹ ਵੀ ਦਈਏ ਕਿ ਭਾਰਤ ਦੇ ਲੱਖਾਂ ਪੈਨਸ਼ਨਰਾਂ ਦੀਆਂ ਸਰਕਾਰ ਨੇ ਕਈ ਸਹੂਲਤਾਂ ਰੋਕੀਆਂ ਹੋਈਆਂ ਹਨ, ਜਿਨ੍ਹਾਂ ਦੇ ਬਾਰੇ ਵਿੱਚ ਕਈ ਸਰਕਾਰ ਦੇ ਮੰਤਰੀ ਵੀ ਮੰਨ ਚੁੱਕੇ ਹਨ, ਪਰ ਪੈਨਸ਼ਨਰਾਂ ਨੂੰ ਫਾਇਦਾ ਪਹੁੰਚਾਉਣ ਲਈ ਕੋਈ ਵੀ ਤਿਆਰ ਨਹੀਂ ਹੈ, ਕਿਉਂਕਿ ਸਰਕਾਰ ਦੇ ਨੁਮਾਇੰਦੇ ਮੰਨਦੇ ਹਨ ਕਿ ਸੇਵਾ ਮੁਕਤ ਹੋਣ ਸਮੇਂ ਮੁਲਾਜ਼ਮ ਨੂੰ ਚੋਖ਼ਾ ਪੈਸਾ ਦੇ ਦਿੱਤਾ ਜਾਂਦਾ ਹੈ, ਫਿਰ ਪੈਨਸ਼ਨ ਦੇਣ ਦਾ ਕੋਈ ਮਤਲਬ ਨਹੀਂ ਬਣਦਾ। ਭਾਵੇਂ ਹੀ ਇਹ ਵਿਚਾਰ ਸਰਕਾਰੀ ਨੁਮਾਇੰਦਿਆਂ ਦੇ ਠੀਕ ਨਹੀਂ ਹਨ।

ਪਰ ਕੁੱਲ ਮਿਲਾ ਕੇ ਵੇਖੀਏ ਤਾਂ ਸਰਕਾਰ ਦੇ ਨੁਮਾਇੰਦੇ ਸਿਰਫ਼ ਤੇ ਸਿਰਫ਼ ਪੈਨਸ਼ਨ ਬੰਦ ਕਰਨ ਦੇ ਲਈ ਬਹਾਨਾ ਹੀ ਲੱਭਦੇ ਰਹਿੰਦੇ ਹਨ ਕਿ ਕੋਈ ਨਾ ਕੋਈ ਬਹਾਨਾ ਮਿਲੇ, ਤਾਂ ਜੋ ਸੇਵਾ ਮੁਕਤ ਹੋਣ ਵਾਲਿਆਂ ਦੀ ਪੈਨਸ਼ਨ ਰੋਕੀ ਜਾ ਸਕੇ। ਜਨਤਾ ਦੇ ਪੈਸੇ 'ਤੇ ਪਲਣ ਵਾਲੇ ਲੀਡਰ ਕਦੇ ਵੀ ਇਹ ਨਹੀਂ ਸੋਚਦੇ ਕਿ ਉਨ੍ਹਾਂ ਦੀ ਪੈਨਸ਼ਨ ਬੰਦ ਹੋਵੇ, ਪਰ ਉਹ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਜ਼ਰੂਰ ਬੰਦ ਕਰਨਾ ਚਾਹੁੰਦੇ ਹੁੰਦੇ ਹਨ। ਦੱਸ ਦਈਏ ਕਿ ਭਾਰਤ ਦੇ ਅੰਦਰ ਪਿਛਲੇ ਸਮੇਂ ਤੋਂ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਹੈ।

ਪੁਰਾਣੀ ਪੈਨਸ਼ਨ ਨੀਤੀ ਨੂੰ ਬਹਾਲ ਕਰਵਾਉਣ ਦੇ ਲਈ ਕਈ ਪੈਨਸ਼ਨਰ ਸੰਘਰਸ਼ ਕਰ ਰਹੇ ਹਨ, ਜਦਕਿ ਸਰਕਾਰ ਪੁਰਾਣੀ ਪੈਨਸ਼ਨਰ ਨੀਤੀ ਲਾਗੂ ਕਰਨ ਲਈ ਤਿਆਰ ਨਹੀਂ ਹੈ। ਸਾਰੀ ਉਮਰ ਸਰਕਾਰੀ ਵਿਭਾਗ ਵਿੱਚ ਕੰਮ ਕਰਨ ਤੋਂ ਬਾਅਦ ਵੀ ਜੇਕਰ ਸੇਵਾ ਮੁਕਤ ਹੋਏ ਮੁਲਾਜ਼ਮ ਨੂੰ ਪੈਨਸ਼ਨ ਨਹੀਂ ਮਿਲਣੀ ਤਾਂ, ਕੀ ਫਾਇਦਾ ਸਾਰੀ ਉਮਰ ਲੋਕਾਂ ਦੀ ਸੇਵਾ ਕੀਤੇ ਦਾ? ਦੱਸ ਦਈਏ ਕਿ ਹੁਣ ਤੱਕ 'ਕਈ ਪੈਨਸ਼ਨਰ ਚੱਲ ਵਸੇ ਅਤੇ ਕਈਆਂ ਨੇ ਆਉਣ ਵਾਲੇ ਸਮੇਂ 'ਚ ਚੱਲ ਵੱਸਣਾ, ਪਰ ਫਿਰ ਵੀ ਸਰਕਾਰ ਉਨ੍ਹਾਂ ਦੀ ਹਾਲਤ ਵੱਲ ਧਿਆਨ ਨਹੀਂ ਦੇ ਰਹੀ।

ਵੇਖਿਆ ਜਾਵੇ ਤਾਂ, ਬਹਿ ਤਾਂ ਹਕੂਮਤ ਨੇ ਵੀ ਨਹੀਂ ਰਹਿਣੀ, ਚਲੀ ਤਾਂ ਜਾਣਾ ਹੈ, ਪਰ ਮਜ਼ਾ ਤਾਂ ਹੈ ਜੇਕਰ ਮੌਜ਼ੂਦਾ ਹਕੂਮਤ ਲੋਕਾਂ ਦੇ ਲਈ ਕੁਝ ਚੰਗਾ ਕਰਕੇ ਜਾਵੇ। ਕੁਝ ਪੈਨਸ਼ਨਰ ਆਗੂਆਂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਿਕ ਸਰਕਾਰ ਵੱਲੋਂ ਜਨਵਰੀ 2017, ਜੁਲਾਈ 2017, ਜਨਵਰੀ 2018 ਅਤੇ ਜੁਲਾਈ 2018 ਤੋਂ ਮਹਿੰਗਾਈ ਭੱਤੇ ਦੀਆਂ ਚਾਰ ਬਕਾਇਆ ਕਿਸ਼ਤਾਂ ਜਾਰੀ ਨਾ ਕਰਨ 'ਤੇ ਸਰਕਾਰ ਦੀ ਬੇਰੁਖੀ ਅਤੇ ਅੜੀਅਲ ਵਤੀਰੇ ਪ੍ਰਤੀ ਸਖਤ ਰੋਸ ਪ੍ਰਗਟਾਇਆ ਗਿਆ। ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਬਕਾਇਆ ਪਹਿਲ ਦੇ ਆਧਾਰ 'ਤੇ ਜਾਰੀ ਕੀਤੀਆਂ ਜਾਣ।

ਉਨ੍ਹਾਂ ਇਹ ਵੀ ਦੁੱਖ ਜਾਹਰ ਕੀਤਾ ਕਿ ਹੁਣ ਤੱਕ ਸੈਂਕੜੇ ਹੀ ਪੈਨਸ਼ਨਰ ਬਕਾਇਆ ਉਡੀਕਦਿਆਂ-ਉਡੀਕਦਿਆਂ ਰੱਬ ਨੂੰ ਪਿਆਰੇ ਹੋ ਚੁੱਕੇ ਹਨ, ਪਰ ਹਕੂਮਤ ਨੇ ਕੋਈ ਧਿਆਨ ਨਹੀਂ ਦਿੱਤਾ। ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਪੈਨਸ਼ਨਰ ਦਿਵਸ ਤੋਂ ਪਹਿਲੋਂ-ਪਹਿਲੋਂ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਕੇ ਲਾਗੂ ਕਰਦੀ ਹੈ ਜਾਂ ਨਹੀਂ? ਕੀ ਸਰਕਾਰ ਦੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਪੁਰਾਣੀ ਪੈਨਸ਼ਨ ਨੀਤੀ ਬਹਾਲ ਕੀਤੀ ਜਾਵੇਗੀ ਜਾਂ ਨਹੀਂ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਬਣਦੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।