ਕਿਸਾਨ ਨੇ ਕੀਤੀ ਖੁਦਕੁਸ਼ੀ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 29 2019 14:03
Reading time: 1 min, 15 secs

ਜ਼ਿਲ੍ਹਾ ਫਾਜ਼ਿਲਕਾ ਦੇ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ। ਸੂਬਾ ਪੰਜਾਬ 'ਚ ਕਿਸਾਨਾਂ ਵੱਲੋਂ ਕਰਜੇ ਕਰਕੇ ਖੁਦਕੁਸ਼ੀਆਂ ਕੀਤੇ ਜਾਣ ਦਾ ਸਿਲਸਿਲਾ ਜਾਰੀ ਹੈ। ਬੇਸ਼ਕ ਇਸ ਮੁੱਦੇ 'ਤੇ ਕਾਂਗਰਸ ਨੇ ਅਕਾਲੀ-ਭਾਜਪਾ ਸਰਕਾਰ ਨੂੰ ਘੇਰਿਆ ਸੀ ਅਤੇ ਕਾਂਗਰਸ ਦੇ ਸੱਤਾ 'ਚ ਆਉਣ ਪਿੱਛੇ ਦਾ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਰਜੇ ਮੁਆਫੀ ਅਤੇ ਸੂਬੇ 'ਚ ਨਸ਼ੇ ਦੇ ਵਗਦੇ ਦਰਿਆ ਨੂੰ ਰੋਕਣ ਦਾ ਵਾਅਦਾ ਸੀ ਪ੍ਰੰਤੂ ਨਾ ਹੀ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਿਆ ਅਤੇ ਨਾ ਹੀ ਨਸ਼ੇ ਦੇ ਵਗਦੇ ਦਰਿਆ ਨੂੰ।

ਕਿਸਾਨ ਵੱਲੋਂ ਖੁਦਕੁਸ਼ੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਅਤੇ ਇਸਦੇ ਪਿੱਛੇ ਦਾ ਕਾਰਨ ਵੀ ਪੈਸਾ ਹੀ ਦੱਸਿਆ ਜਾ ਰਿਹਾ ਹੈ ਜਿਸਨੂੰ ਨਾ ਉਤਾਰੇ ਜਾਣ ਦੀ ਸੂਰਤ 'ਚ ਕਿਸਾਨ ਨੇ ਖੁਦਕੁਸ਼ੀ ਕਰ ਲੈਣਾ ਹੀ ਇਸ ਦਾ ਹਲ ਸਮਝਿਆ ਅਤੇ ਫਾਹਾ ਲੈ ਕੇ ਜਾਨ ਦੇ ਦਿੱਤੀ। ਇਸ ਮਾਮਲੇ 'ਚ ਥਾਣਾ ਸਦਰ ਫਾਜ਼ਿਲਕਾ ਨੇ 4 ਜਣਿਆ ਖਿਲਾਫ਼ ਅਧੀਨ ਧਾਰਾ 306 ਤਹਿਤ ਮੁਕਦਮਾ ਦਰਜ ਕੀਤਾ ਹੈ ਜਿਸ ਵਿੱਚ ਟੋਨੀ ਧੂਰੀਆਂ ਪੁੱਤਰ ਰਾਜ ਕਰਨ, ਓਮਪ੍ਰਕਾਸ਼ ਵਾਸੀ ਗਾਂਧੀ ਨਗਰ ਫਾਜ਼ਿਲਕਾ, ਲਖਵਿੰਦਰ ਸਿੰਘ, ਬੋਹੜ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸੈਣੀਆਂ ਫਾਜ਼ਿਲਕਾ ਨੂੰ ਨਾਮਜ਼ਦ ਕੀਤਾ ਗਿਆ ਹੈ।

ਗੁਰਵਿੰਦਰ ਸਿੰਘ ਪੁੱਤਰ ਚਮਕੋਰ ਸਿੰਘ ਦੇ ਬਿਆਨਾ 'ਤੇ ਦਰਜ ਇਸ ਮੁਕਦਮੇ 'ਚ ਇਲਜ਼ਾਮ ਲਾਇਆ ਗਿਆ ਹੈ ਕਿ ਉਕਤ ਟੋਨੀ ਧੂਰੀਆਂ ਵਗੈਰਾ ਤੋ ਜਮੀਨ ਠੇਕੇ 'ਤੇ ਲਈ ਸੀ ਅਤੇ ਜਮੀਨ ਬੰਜਰ ਅਤੇ ਮਾੜੀ ਹੋਣ ਕਰਕੇ ਫ਼ਸਲ ਚੰਗੀ ਨਾ ਹੋਈ ਜਿਸ ਕਰਕੇ ਠੇਕੇ ਦੇ ਪੈਸੇ ਉਨ੍ਹਾਂ ਨੂੰ ਨਹੀਂ ਦਿੱਤੇ ਗਏ ਜਿਸ ਕਰਕੇ ਉਕਤ ਵਿਅਕਤੀ ਚਮਕੋਰ ਸਿੰਘ ਨੂੰ ਪੈਸਿਆਂ ਲਈ ਤੰਗ ਪਰੇਸ਼ਾਨ ਕਰਦੇ ਸਨ ਅਤੇ ਇਸ ਕਰਕੇ ਚਮਕੋਰ ਸਿੰਘ ਨੇ ਤੰਗ ਪਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।