ਹੁਣ ਜ਼ਿਲ੍ਹੇ ਦੇ ਪੰਜ ਪਿੰਡ ਬਣਨਗੇ ਸਮਾਰਟ ਵਿਲੇਜ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 19 2019 15:13
Reading time: 1 min, 47 secs

ਹੁਣ ਜ਼ਿਲ੍ਹਾ ਕਪੂਰਥਲਾ ਦੇ ਪੰਜ ਪਿੰਡ ਸਮਾਰਟ ਵਿਲੇਜ ਦੇ ਤੌਰ ਤੇ ਪਛਾਣੇ ਜਾਣਗੇ। ਜ਼ਿਲ੍ਹੇ ਦੀਆਂ ਚਾਰਾਂ ਸਬ-ਡਿਵੀਜ਼ਨਾਂ ਦੇ ਪੰਜ ਪਿੰਡਾਂ ਦੀ ਚੋਣ ਕੀਤੀ ਜਾ ਚੁੱਕੀ ਹੈ। ਇਨ੍ਹਾਂ ਪਿੰਡਾਂ ਨੂੰ ਸਮਾਰਟ ਵਿਲੇਜ ਕੈਂਪੇਨ ਲਈ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਦਾ ਵਿਕਾਸ ਕਰਕੇ ਮਾਡਲ ਪਿੰਡ ਵਜੋਂ ਤਿਆਰ ਕੀਤਾ ਜਾਵੇਗਾ। ਇਸਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੈ। ਇਸਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਇੰਜ. ਡੀ.ਪੀ.ਐਸ ਖਰਬੰਦਾ ਨੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਅੰਦਰ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਲੋਕਾਂ ਦੀ ਭਲਾਈ ਲਈ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਦੀ ਨਿਜੀ ਤੌਰ 'ਤੇ ਨਜ਼ਰਸਾਨੀ ਕਰਨ।

ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਅਤੇ ਸਕੀਮਾਂ ਦਾ ਨਿਰੰਤਰ ਮੁਲਾਂਕਣ ਕੀਤਾ ਜਾਵੇ ਅਤੇ ਜਿੱਥੇ ਕਿਤੇ ਕਮੀ-ਪੇਸ਼ੀ ਜਾਂ ਅੜਚਣ ਆਵੇ, ਤੁਰੰਤ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜੋ ਇਸ ਦਾ ਢੁਕਵਾਂ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਲਾਭ ਲੋੜਵੰਦ ਲੋਕਾਂ ਤੱਕ ਹਰ ਹਾਲ ਵਿੱਚ ਪਾਰਦਰਸ਼ੀ ਢੰਗ ਨਾਲ ਪਹੁੰਚਣੇ ਜ਼ਰੂਰੀ ਹਨ ਅਤੇ ਇਸ ਸਬੰਧੀ ਕਿਸੇ ਵੀ ਕਿਸਮ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਵੱਖ-ਵੱਖ ਮੱਦਾਂ ਅਧੀਨ ਬਕਾਇਆ ਪਏ ਕੇਸਾਂ ਅਤੇ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸਮਾਰਟ ਵਿਲੇਜ ਕੈਂਪੇਨ ਤਹਿਤ ਹਰੇਕ ਬਲਾਕ ਵਿੱਚ ਪਿੰਡਾਂ ਦਾ ਮੁਹਾਂਦਰਾ ਬਦਲ ਕੇ ਇਨ੍ਹਾਂ ਨੂੰ ਸਾਫ਼-ਸੁਥਰੀ, ਆਧੁਨਿਕ ਅਤੇ ਸੋਹਣੀ ਦਿੱਖ ਦੇ ਕੇ ਮਾਡਲ ਪਿੰਡ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਕਪੂਰਥਲਾ ਬਲਾਕ ਦੇ ਪਿੰਡ ਸਿੱਧਵਾਂ ਦੋਨਾ, ਫਗਵਾੜਾ ਦੇ ਦਰਵੇਸ਼ ਪਿੰਡ, ਸੁਲਤਾਨਪੁਰ ਲੋਧੀ ਦੇ ਮੁਹੱਬਲੀਪੁਰ, ਢਿਲਵਾਂ ਦੇ ਗਾਜ਼ੀ ਗੁਡਾਣਾ ਅਤੇ ਨਡਾਲਾ ਦੇ ਡਾਲਾ ਨੂੰ ਸਰਬਪੱਖੀ ਵਿਕਾਸ ਰਾਹੀਂ ਮਾਡਲ ਪਿੰਡਾਂ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। 

ਡਿਪਟੀ ਕਮਿਸ਼ਨਰ ਨੇ ਹੁਨਰ ਵਿਕਾਸ ਮਿਸ਼ਨ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਸਿੱਖਿਆ ਵਿਭਾਗ ਦਾ ਸਹਿਯੋਗ ਲੈਣ। ਉਨ੍ਹਾਂ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਬਲਾਕਾਂ ਵਿੱਚ ਸਥਿਤ ਹੁਨਰ ਵਿਕਾਸ ਕੇਂਦਰਾਂ ਦਾ ਲਗਾਤਾਰ ਦੌਰਾ ਕਰਨ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਵਿਕਾਸ ਕਾਰਜ, ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਅਰਬਨ-ਰੂਰਲ ਮਿਸ਼ਨ, ਅਵਾਸ ਯੋਜਨਾ, ਮਨਰੇਗਾ, ਸਵੱਛ ਭਾਰਤ ਮਿਸ਼ਨ (ਓ.ਡੀ.ਐਫ), ਆਸ਼ੀਰਵਾਦ ਸਕੀਮ, ਤੰਦਰੁਸਤ ਪੰਜਾਬ, ਸਮਾਰਟ ਸਕੂਲ ਆਦਿ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਸਬੰਧੀ ਅਧਿਕਾਰੀਆਂ ਨੂੰ ਕਾਰਵਾਈ ਰਿਪੋਰਟ ਪੇਸ਼ ਕਰਨ ਲਈ ਕਿਹਾ।