ਭੈਣ ਦੀ ਸਹੇਲੀ ਨੂੰ ਬਲੈਕਮੇਲ ਕਰਕੇ ਮੁੰਡਾ ਬਣਾਉਂਦਾ ਰਿਹਾ ਸਰੀਰਿਕ ਸਬੰਧ, ਵਿਆਹ ਵਾਰੀ ਮੁੱਕਰ ਗਿਆ!!!

Last Updated: Dec 12 2019 13:54
Reading time: 1 min, 29 secs

ਸਰਹੱਦੀ ਪਿੰਡ ਰਹੀਮੇ ਕੇ ਉਤਾੜ ਦੀ ਰਹਿਣ ਵਾਲੀ ਇੱਕ ਪੰਦਰਾਂ ਸਾਲਾਂ ਲੜਕੀ ਨੂੰ ਬਲੈਕਮੇਲ ਕਰਕੇ ਉਸ ਨਾਲ ਸਰੀਰਿਕ ਸਬੰਧ ਬਣਾਉਣ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਮਮਦੋਟ ਦੇ ਵੱਲੋਂ ਇੱਕ ਮੁੰਡੇ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਹੀਮੇ ਕੇ ਉਤਾੜ ਦੀ ਰਹਿਣ ਵਾਲੀ ਇੱਕ 15 ਸਾਲਾਂ ਲੜਕੀ ਨੇ ਪੁਲਿਸ ਮਮਦੋਟ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਉਹ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਰਜਿੰਦਰ ਸਿੰਘ ਦੇ ਘਰ ਆਉਣਾ ਜਾਣਾ ਸੀ ਅਤੇ ਉਹ ਹਰਜਿੰਦਰ ਦੀ ਭੈਣ ਨਾਲ ਪੜ੍ਹਨ ਸਕੂਲ ਜਾਂਦੀ ਸੀ।

ਲੜਕੀ ਨੇ ਦੋਸ਼ ਲਗਾਇਆ ਕਿ ਹਰਜਿੰਦਰ ਉਸ 'ਤੇ ਮਾੜੀ ਨਿਗਾਹ ਰੱਖਦਾ ਸੀ ਅਤੇ ਆਪਣੇ ਮੋਬਾਈਲ ਫੋਨ 'ਤੇ ਇੱਕ ਦਿਨ ਮੁੱਦਈਆ ਦੀਆਂ ਫੋਟੋਆਂ ਹਰਜਿੰਦਰ ਨੇ ਖਿੱਚ ਲਈਆਂ ਅਤੇ ਉਸ ਨੂੰ ਬਲੈਕ ਮੇਲ ਕਰਨ ਲੱਗ ਪਿਆ। ਲੜਕੀ ਨੇ ਦੋਸ਼ ਲਗਾਇਆ ਕਿ ਕਰੀਬ 4 ਮਹੀਨੇ ਪਹਿਲੋਂ ਮੁੱਦਈਆ ਨਾਲ ਸਰੀਰਿਕ ਸਬੰਧ ਬਣਾਏ, ਜੋ ਮੁੱਦਈਆ ਆਪਣੀ ਬਦਨਾਮੀ ਕਰਕੇ ਚੁੱਪ ਰਹੀ ਅਤੇ ਹਰਜਿੰਦਰ ਨੇ ਮੁੱਦਈਆ ਨੂੰ ਵਾਰ ਵਾਰ ਸਰੀਰਿਕ ਸਬੰਧ ਬਣਾਉਣ ਲਈ ਪ੍ਰੇਸ਼ਾਨ ਕਰਦਾ ਰਿਹਾ। ਲੜਕੀ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੇ ਮਜ਼ਬੂਰ ਹੋ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਇਕੱਠੀ ਹੋਈ ਅਤੇ ਪੰਚਾਇਤ ਵਿੱਚ ਹਰਜਿੰਦਰ ਸਿੰਘ ਮੰਨਿਆ ਕਿ ਉਹ ਮੁੱਦਈਆ ਦੇ ਨਾਲ ਵਿਆਹ ਕਰਵਾ ਲਵੇਗਾ, ਪਰ ਬਾਅਦ ਵਿੱਚ ਮੁੱਕਰ ਗਿਆ।

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਹਰਜਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਹੀਮੇ ਕੇ ਉਤਾੜ ਦੇ ਵਿਰੁੱਧ 376 ਆਈਪੀਸੀ, 3/4 ਦੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੂਅਲ ਆਫ਼ਿਸ ਐਕਟ 2012 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਲੜਕੀ ਦਾ ਸਿਵਲ ਹਸਪਤਾਲ ਮਮਦੋਟ ਵਿਖੇ ਮੈਡੀਕਲ ਚੈੱਕਅਪ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕਰਦਿਆਂ ਹੋਇਆ ਇਹ ਵੀ ਦੱਸਿਆ ਕਿ ਜਲਦ ਹੀ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਸਲਾਖ਼ਾਂ ਪਿੱਛੇ ਧਕੇਲਿਆ ਜਾਵੇਗਾ।