ਅੰਤਰਰਾਸ਼ਟਰੀ ਕਬੱਡੀ ਕੱਪ 'ਚ ਭਾਰਤ, ਇੰਗਲੈਂਡ ਅਤੇ ਕੈਨੇਡਾ ਵੱਲੋਂ ਜਿੱਤਾਂ ਦਰਜ !!!

Last Updated: Dec 04 2019 18:58
Reading time: 1 min, 6 secs

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ 3 ਮੁਕਾਬਲੇ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਵਿਖੇ ਹੋਏ, ਜਿਸ ਦਾ ਉਦਘਾਟਨ ਅੱਜ ਪੰਜਾਬ ਦੇ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤਾ ਗਿਆ। ਇਹ ਮੁਕਾਬਲੇ ਭਾਰਤ ਬਨਾਮ ਸ੍ਰੀਲੰਕਾ, ਆਸਟ੍ਰੇਲੀਆ ਬਨਾਮ ਇੰਗਲੈਂਡ ਅਤੇ ਕੈਨੇਡਾ ਬਨਾਮ ਨਿਊਜ਼ੀਲੈਂਡ ਵਿਚਕਾਰ ਹੋਏ। ਪਹਿਲਾ ਮੈਚ ਭਾਰਤ ਅਤੇ ਸ੍ਰੀ ਲੰਕਾ ਦੀਆਂ ਟੀਮਾਂ ਵਿਚਾਲੇ ਹੋਇਆ।

ਜਿਸ ਵਿੱਚ ਭਾਰਤ ਨੇ ਇਕਪਾਸੜ ਮੁਕਾਬਲੇ ਵਿੱਚ ਸ੍ਰੀ ਲੰਕਾ ਨੂੰ 63-22 ਨਾਲ ਮਾਤ ਦਿੱਤੀ। ਦੂਜਾ ਮੈਚ ਆਸਟ੍ਰੇਲੀਆ ਅਤੇ ਇੰਗਲੈਂਡ ਦਰਮਿਆਨ ਹੋਇਆ, ਜਿਸ ਵਿੱਚ ਇੰਗਲੈਂਡ ਨੇ ਆਸਟ੍ਰੇਲੀਆ ਨੂੰ 44-33 ਅੰਕਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰਾਂ ਕੈਨੇਡਾ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਬੇਹੱਦ ਰੋਮਾਂਚਕਾਰੀ ਮੁਕਾਬਲੇ ਵਿੱਚ ਕੈਨੇਡਾ ਨੇ ਨਿਊਜ਼ੀਲੈਂਡ ਨੂੰ 43-34 ਅੰਕਾਂ ਦੇ ਫ਼ਰਕ ਨਾਲ ਮਾਤ ਦਿੱਤੀ। ਇਸ ਮੁਕਾਬਲੇ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ। ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ।

ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ, ਸ੍ਰੀ ਲੰਕਾ, ਨਿਊਜ਼ੀਲੈਂਡ ਅਤੇ ਕੀਨੀਆ ਸ਼ਾਮਿਲ ਹਨ। ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਪੂਲ 'ਏ' ਵਿੱਚ ਭਾਰਤ, ਇੰਗਲੈਂਡ, ਆਸਟ੍ਰੇਲੀਆ ਅਤੇ ਸ੍ਰੀ ਲੰਕਾ ਹਨ ਜਦਕਿ ਪੂਲ 'ਬੀ' ਵਿੱਚ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਅਤੇ ਕੀਨੀਆ ਨੂੰ ਰੱਖਿਆ ਗਿਆ ਹੈ। ਕਬੱਡੀ ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਏਡੀਸੀ (ਜ) ਰਵਿੰਦਰ ਸਿੰਘ ਦੀ ਦੇਖਰੇਖ ਵਿੱਚ ਸੰਪੰਨ ਹੋਇਆ। ਆਯੋਜਨ ਦੀਆਂ ਸਾਰੀਆਂ ਤਿਆਰੀਆਂ ਨੂੰ ਖ਼ੁਦ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਬਾਰੀਕੀ ਨਾਲ ਜਾਣਿਆ।