'ਪਾਣੀ ਦੀ ਕਹਾਣੀ' ਦਾ ਪੋਸਟਰ ਅਤੇ ਪ੍ਰੋਮੋ ਰਿਲੀਜ

Last Updated: Dec 04 2019 16:17
Reading time: 2 mins, 25 secs

ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਲਯ ਵੱਲੋਂ ਪੂਰੇ ਭਾਰਤ ਵਿੱਚ ਪਾਣੀ ਨੂੰ ਲੈ ਕੇ ਕੀਤੇ ਸਰਵੇਖਣ ਤੋਂ ਬਾਅਦ ਪਾਣੀ ਦੀ ਕਿੱਲਤ ਦੇ ਦੂਰ ਅਗਾਮੀ ਸਿੱਟਿਆਂ ਤੋਂ ਬਚਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਵੱਜੋਂ ਵਿੱਢੀ ਗਈ ਮੁਹਿੰਮ ਜਲ ਸ਼ਕਤੀ ਅਭਿਆਨ ਤਹਿਤ ਜਲ ਸ਼ਕਤੀ ਮੰਤਰਲਯ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਘੂ ਫ਼ਿਲਮ "ਪਾਣੀ ਦੀ ਕਹਾਣੀ" ਤਿਆਰ ਕੀਤੀ ਗਈ ਹੈ ਜਿਸਦਾ ਪੋਸਟਰ ਅਤੇ ਪ੍ਰੋਮੋ ਅੱਜ ਡੀ.ਸੀ ਸ.ਮਨਪ੍ਰੀਤ ਸਿੰਘ ਦੀ ਅਗੁਵਾਈ 'ਚ ਰਿਲੀਜ ਕੀਤਾ ਗਿਆ। ਪਾਣੀ ਦੀ ਅਹਿਮੀਅਤ ਅਤੇ ਉਸਦੀ ਵਰਤੋ ਦੇ ਸਹੀ ਤਰੀਕਿਆਂ ਬਾਰੇ ਆਮ ਲੋਕਾਂ ਨੂੰ ਜਾਨੂ ਕਰਵਾਉਣ ਲਈ ਇਹ ਫ਼ਿਲਮ ਕਾਰਗਰ ਭੂਮਿਕਾ ਅਦਾ ਕਰ ਸਕਦੀ ਹੈ ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ।

ਇਥੇ ਜੇਕਰ ਆਪਾ ਆਪਣੀ ਗੱਲ ਕਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਪਾਣੀ ਦੀ ਵਰਤੋਂ ਨੂੰ ਲੈ ਕੇ ਅਸੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਾਂ। ਜੇਕਰ ਅੰਕੜਿਆ ਦੀ ਗੱਲ ਕਰੀਏ ਤਾਂ ਧਰਤੀ ਹੇਠੋ ਰੋਜ਼ ਪਾਣੀ ਕੱਢਿਆ ਜਾਂਦਾ ਹੋਣ ਕਰਕੇ ਜ਼ਿਲ੍ਹਾ ਫਾਜ਼ਿਲਕਾ ਵੀ ਦੇਸ਼ ਦੇ ਲਗਭਗ 255 ਜ਼ਿਲ੍ਹਿਆਂ ਵਾਂਗ ਹੀ ਡਾਰਕ ਜੋਨ ਵਿੱਚ ਆ ਚੁੱਕਿਆ ਹੈ, ਇਸ ਲਈ ਇਹ ਫ਼ਿਲਮ ਹਰ ਮਨੁੱਖ ਨੂੰ ਪਾਣੀ ਦੀ ਕਿੱਲਤ ਤੋਂ ਜਾਣੂੰ ਹੀ ਨਹੀਂ ਕਰਵਾਵੇਗੀ ਸਗੋਂ ਉਸਦੀ ਸੁਚੱਜੀ ਵਰਤੋਂ ਕਰਨ ਦੇ ਉਪਰਾਲਿਆਂ ਬਾਰੇ ਵੀ ਸੇਧ ਦੇਵੇਗੀ। ਫ਼ਿਲਮ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ.ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਪਾਣੀ ਦੀ ਵਰਤੋਂ ਨੂੰ ਲੈ ਕੇ ਫ਼ਿਲਮਾਏ ਗਏ ਸੰਖੇਪ ਸੁਨੇਹੇ, ਗੀਤ ਅਤੇ ਕਵਿਤਾ ਦਰਸ਼ਕਾਂ ਦਾ ਜਿੱਥੇ ਮੰਨੋਰੰਜਨ ਕਰਨਗੇ, ਉਥੇ ਹੀ ਇਹ ਫ਼ਿਲਮ ਦਰਸ਼ਕਾਂ ਨੂੰ ਪਾਣੀ ਦੀ ਭਿਆਨਕ ਹੁੰਦੀ ਸਥਿਤੀ ਨੂੰ ਦਿਮਾਗ ਤੋਂ ਨਹੀਂ ਬਲਕਿ ਦਿਲ ਤੋਂ ਸੋਚਣ ਲਈ ਆਪਣੀ ਭੂਮਿਕਾ ਅਦਾ ਕਰੇਗੀ।

ਫ਼ਿਲਮ ਦੇ ਡਾਇਰੈਕਟਰ ਪਰਮਜੀਤ ਸਿੰਘ ਪੰਮੀ ਨੇ ਫ਼ਿਲਮ ਦੇ ਵਿਸ਼ਾ ਵਸਤੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੇ ਹਰ ਤਰ੍ਹਾਂ ਦੇ ਸੋਮਿਆਂ ਢਾਬ, ਖੂਹਾਂ, ਟੋਭਿਆਂ ਤੋ ਸ਼ੁਰੂ ਹੋਈ ਪਾਣੀ ਦੀ ਕਹਾਣੀ ਨੇ ਸਾਨੂੰ ਅੱਜ ਮੱਛੀ ਮੋਟਰ ਤੋਂ ਲੈ ਕੇ ਬੰਦ ਬੋਤਲਾਂ 'ਤੇ ਲਿਆ ਖੜ੍ਹਾ ਕੀਤਾ ਹੈ, ਪਰ ਕੁਦਰਤ ਨੇ ਤਾਂ ਧਰਤੀ ਦੇ ਹਰ ਜੀਵ ਲਈ ਖੁੱਲਦਿਲ੍ਹੀ ਨਾਲ ਪਸਾਰੇ ਅਤੇ ਵਰਤਾਰੇ ਲਈ ਹਵਾ, ਪਾਣੀ ਅਤੇ ਬਨਸਪਤੀ ਉਪਹਾਰ ਵੱਜੋਂ ਬਖ਼ਸ਼ਿਸ਼ ਕੀਤੀ ਗਈ ਸੀ। ਪਰ ਅੱਜ ਮਨੁੱਖ ਦੀ ਸੌੜੀ ਸੋਚ ਅਤੇ ਅਗਿਆਨਤਾ ਕਾਰਨ ਜੀਵਨ ਦੀ ਲਾਈਫ਼ ਲਾਈਨ ਮੰਨੇ ਜਾਂਦੇ ਪਾਣੀ ਦੀ ਹੋਂਦ 'ਤੇ ਖਤਰਾ ਮੰਡਰਾ ਰਿਹਾ ਹੈ। ਜਿਸ ਕਰਕੇ ਇਹ ਫ਼ਿਲਮ ਲੋਕਾਂ ਨੂੰ ਕੁਦਰਤ ਦੇ ਹਰ ਤਰ੍ਹਾਂ ਦੇ ਸੋਮਿਆ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ। ਇਹ ਫ਼ਿਲਮ ਭੋਗੂਲਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ, ਖਾਣ-ਪਾਣ, ਰਹਿਣ-ਸਹਿਣ, ਰੀਤੀ-ਰਿਵਾਜ, ਲੋਕ ਕਿੱਤਿਆਂ, ਵਿਦਿਅਕ ਖੇਤਰ, ਉਦਯੋਗਿਕ ਪੱਖਾਂ ਨੂੰ ਉਜਾਗਰ ਕਰਦੀ ਹੈ, ਜਿਸ ਕਰਕੇ ਇਹ ਫ਼ਿਲਮ ਫਾਜ਼ਿਲਕਾ ਆਉਣ ਵਾਲੇ ਹਰ ਟੂਰਸਿਟ ਅਤੇ ਜਾਣਕਾਰੀ ਦੀ ਜਗਿਆਸਾ ਰੱਖਣ ਵਾਲੇ ਹਰ ਵਿਅਕਤੀ ਜਾਂ ਕਹਿ ਲਈਏ ਵਿਦਿਆਰਥੀਆਂ ਲਈ ਪ੍ਰਸ਼ਨ ਉਤਰ ਗਿਆਨ ਵੱਜੋਂ ਵੀ ਸਹਾਈ ਸਿੱਧ ਹੋਵੇਗੀ। ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਇਸ ਫ਼ਿਲਮ ਨੂੰ ਬਣਾਉਣ ਵਿਚ ਸਹਾਈ ਹੋਏ ਹਰ ਵਿਭਾਗ, ਲੋਕਾਂ ਅਤੇ ਸਮੂਹ ਟੀਮ ਮੈਂਬਰਾਂ ਨੂੰ ਧੰਨਵਾਦ ਕੀਤਾ ਅਤੇ ਹਰੇਕ ਵਿਅਕਤੀ ਨੂੰ ਇਸ ਫ਼ਿਲਮ ਨੂੰ ਦੇਖਣ ਦੀ ਅਪੀਲ ਕੀਤੀ। ਫ਼ਿਲਮ ਵਿੱਚ ਦਿਖਾਏ ਗਏ ਦਿ੍ਰਸ਼ ਇਸ ਗੱਲ ਦੀ ਗਵਾਹੀ ਹਨ ਕਿ ਜਿੱਥੇ ਇਸ ਜ਼ਿਲ੍ਹੇ ਦੇ ਵਸਨੀਕ ਵਾਤਾਵਰਣ ਪੇ੍ਰਮੀ ਹਨ, ਉਥੇ ਹੀ ਇੰਨ੍ਹਾਂ ਲੋਕਾਂ ਵਿੱਚ ਕੁਦਰਤ ਦੇ ਵਰਸਾਏ ਪਸ਼ੂ-ਪਰਿੰਦਿਆਂ ਅਤੇ ਦਰਖੱਤਾਂ ਨਾਲ ਵੀ ਪਿਆਰ ਦੀ ਇੱਕ ਵੱਖਰੀ ਤਾਂਘ ਅਤੇ ਸਾਂਝ ਇਸ ਫ਼ਿਲਮ ਜਰੀਏ ਵੇਖਣ ਨੂੰ ਮਿਲੇਗੀ।