ਫ਼ਰੀਦਕੋਟ ਜ਼ਿਲ੍ਹੇ 'ਚ ਹੁਣ ਤੱਕ 5874 ਲਾਭਪਾਤਰੀ ਮਹਿਲਾਵਾਂ ਨੂੰ ਯੋਜਨਾ ਤਹਿਤ 2 ਕਰੋੜ 27 ਲੱਖ 52 ਹਜ਼ਾਰ ਦੀ ਰਾਸ਼ੀ ਦਾ ਦਿੱਤਾ ਗਿਆ ਲਾਭ

Last Updated: Dec 04 2019 16:35
Reading time: 1 min, 27 secs

ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ 'ਚ ਮਾਤਰੂ ਵੰਦਨਾ ਸਪਤਾਹ 8 ਦਸੰਬਰ 2019 ਤੱਕ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਆਂਗਣਵਾੜੀ ਵਰਕਰਜ਼ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਸਕੀਮ ਬਾਰੇ ਜਾਗ੍ਰਿਤ ਕੀਤਾ ਜਾਵੇਗਾ ਅਤੇ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਕੇ ਸਕੀਮ ਦਾ ਲਾਭ ਦੇਣਾ ਯਕੀਨੀ ਬਣਾਇਆ ਜਾਵੇਗਾ। ਇਹ ਜਾਣਕਾਰੀ ਫ਼ਰੀਦਕੋਟ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਗੁਰਜੀਤ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਪਤਾਹ ਦੌਰਾਨ ਸੀ.ਡੀ.ਪੀ.ਜ਼ ਅਤੇ ਸੁਪਰਵਾਈਜ਼ਰਾਂ ਵੱਲੋਂ ਸਟੇਕ ਹੋਲਡਰਾਂ ਨਾਲ ਕੈਂਪ ਲਗਾਕੇ ਯੋਗ ਲਾਭਪਾਤਰੀਆਂ ਦੇ ਸਕੀਮ ਪ੍ਰਤੀ ਬੈਂਕ/ਪੋਸਟ ਆਫ਼ਿਸ ਅਤੇ ਆਧਾਰ ਕਾਰਡ ਨਾਲ ਸਬੰਧਿਤ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲਾਭਪਾਤਰੀਆਂ ਦੇ ਪਏ ਹੋਏ ਬੈਕਲਾਗ ਦੀ ਆਨ-ਲਾਈਨ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਸਿਹਤ ਸੰਭਾਲ ਲਈ ਪੋਸ਼ਟਿਕਤਾ ਅਤੇ ਸਫ਼ਾਈ ਆਦਿ ਫਲਾਂ, ਸਬਜ਼ੀਆਂ ਆਦਿ ਦੀਆਂ ਪੋਸ਼ਟਿਕਤਾ ਬਾਰੇ ਦੱਸਿਆ ਜਾਵੇਗਾ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਸੁਨੀਤਾ ਰਾਣੀ ਨੇ ਇਸ ਮੌਕੇ ਸਹਿਯੋਗੀ ਵਿਭਾਗਾਂ ਸਿਹਤ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜ਼ਿਲ੍ਹਾ ਲੀਡ ਬੈਂਕ ਦੇ ਅਧਿਕਾਰੀਆਂ ਦੀ ਮੌਜੂਦਗੀ 'ਚ ਸਪਤਾਹ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ 'ਚ ਹੁਣ ਤੱਕ 5874 ਲਾਭਪਾਤਰੀ ਮਹਿਲਾਵਾਂ ਇਸ ਯੋਜਨਾ ਤਹਿਤ 2 ਕਰੋੜ 27 ਲੱਖ 52 ਹਜ਼ਾਰ ਤੋਂ ਵਧੇਰੇ ਦੀ ਰਾਸ਼ੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਸਬੰਧਿਤ ਮਹਿਲਾ ਨੂੰ ਆਪਣੇ ਗਰਭ ਦੇ 150 ਦਿਨਾਂ ਦੇ ਅੰਦਰ ਨੇੜਲੀ ਆਂਗਣਵਾੜੀ 'ਚ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਉਸ ਨੂੰ ਰਜਿਸਟ੍ਰੇਸ਼ਨ ਦੇ ਬਾਅਦ ਪਹਿਲੀ ਕਿਸ਼ਤ ਵਜੋਂ 1000 ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਂਦੀ ਹੈ। ਦੂਸਰੀ 2000 ਰੁਪਏ ਦੀ ਕਿਸ਼ਤ ਉਸ ਦੇ ਗਰਭਵਤੀ ਹੋਣ ਦੇ 6 ਮਹੀਨੇ ਪੂਰੇ ਹੋਣ ਅਤੇ ਘੱਟੋ-ਘੱਟ ਇੱਕ ਐਂਟੀ-ਨਟਲ ਚੈਕਅੱਪ ਹੋਣ ਬਾਅਦ ਦਿੱਤੀ ਜਾਂਦੀ ਹੈ ਅਤੇ ਤੀਸਰੀ ਤੇ ਆਖ਼ਰੀ 2000 ਰੁਪਏ ਦੀ ਕਿਸ਼ਤ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਅਤੇ ਉਸ ਦੇ ਪਹਿਲੇ ਪੜਾਅ ਦੇ ਟੀਕਾਕਰਣ ਮੁਕੰਮਲ ਹੋਣ 'ਤੇ ਦਿੱਤੀ ਜਾਂਦੀ ਹੈ।